ਯਾਦਾਂ ਦਾ ਸਰਮਾਇਆ
ਸੁਖਜੀਤ ਸਿੰਘ ਵਿਰਕ
ਜਦੋਂ ਵੀ ਚੰਡੀਗੜ੍ਹ ਦੇ ਸੈਕਟਰ 18 ਕੋਲੋਂ ਲੰਘਦਾ ਹਾਂ, ਸੁਰਤ ਕਈ ਦਹਾਕੇ ਪਿੱਛੇ ਜਾ ਜੁੜਦੀ ਹੈ ਤੇ ਮੈਂ ਖ਼ੁਦ ਨੂੰ ਕਾਲਾ ਕੋਟ-ਟਾਈ ਪਹਿਨੇ ਟੈਗੋਰ ਥਿਏਟਰ ਦੀ ਸਟੇਜ ’ਤੇ ਅਦਾਲਤ ਲਾਈ ਬੈਠਾ ਦੇਖਦਾ ਹਾਂ 1988 ਵਿਚ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿਚ ਐੱਮਏ ਕਰ ਰਿਹਾ ਸਾਂ, ਅਚਾਨਕ ਇੱਕ ਦਿਨ ਡਾ. ਸਤੀਸ਼ ਵਰਮਾ ਨੇ ਬਾਂਹ ਤੋਂ ਫੜ ਕੇ ਆਪਣੇ ਨਾਲ ਤੋਰ ਲਿਆ- “ਆਪਾਂ ਚੰਡੀਗੜ੍ਹ ਨਾਟਕਾਂ ਦੇ ਮੁਕਾਬਲੇ ’ਚ ਭਾਗ ਲੈਣੈਂ; ਤੂੰ ਮੇਰੇ ਨਾਟਕ ਦਾ ਪਾਤਰ ਹੋਵੇਂਗਾ, ਤੈਨੂੰ ਜੱਜ ਦਾ ਰੋਲ ਦੇਣੈਂ।” ਕਈ ਕੁਝ ਹੋਰ ਅਜਿਹਾ ਕਹਿੰਦੇ ਹੋਏ ਬਿਨਾਂ ਮੇਰੀ ਹਾਂ ਨਾਂਹ ਸੁਣੇ ਪ੍ਰਬੰਧਕੀ ਬਲਾਕ ਦੇ ਸਾਹਮਣੇ ਫਲੈਟ ’ਚ ਲਿਜਾ ਦਲਜੀਤ ਸ਼ਾਹੀ, ਰਣਬੀਰ ਛੋਟੂ ਤੇ ਹੋਰਾਂ ਨਾਲ ਬਿਠਾ ਲਿਆ।
ਕਦੇ ਖਾਲੀ ਸਟੇਜ ’ਤੇ ਵੀ ਪੈਰ ਨਾ ਧਰਨ ਵਾਲਾ ਅਚਨਚੇਤ ਵਾਪਰੇ ਇਸ ਘਟਨਾ ਕ੍ਰਮ ਤੋਂ ਅਵਾਕ ਬੈਠਾ ਸਾਂ ਕਿ ਡਾ. ਵਰਮਾ ਖ਼ੁਦ ਸਭ ਨੂੰ ਚਾਹ ਦੇ ਕੱਪ ਫੜਾਉਂਦੇ ਹੋਏ ਮੈਨੂੰ ਸਹਿਮਿਆਂ ਜਿਹਾ ਦੇਖ ਕੇ ਬੋਲੇ, “ਓਹ ਤੂੰ ਪ੍ਰਵਾਹ ਨਾ ਕਰ, ਸਟੇਜ ’ਤੇ ਮੈਂ ਵੀ ਤੇਰੇ ਨਾਲ ਖੜਨੈਂ ਸੂਤਰਧਾਰ ਬਣ ਕੇ।” ਨਾਲ ਹੀ ਆਪਣਾ ਹੱਥ ਉਨ੍ਹਾਂ ਮੇਰੇ ਮੋਢੇ ਉਤੇ ਧਰ ਦਿੱਤਾ। ਉਨ੍ਹਾਂ ਦੇ ਵਿਸ਼ਵਾਸ ਭਰੇ ਬੋਲ ਅਤੇ ਹੱਥ ਦੀ ਛੋਹ ਨਾਲ ਮੈਂ ਖੜ੍ਹਾ ਹੋ ਗਿਆ, “ਠੀਕ ਐ ਸਰ।” ਮਹਿਜ਼ 20 ਮਿੰਟਾਂ ਦੀ ਇਸ ਮਿਲਣੀ ਵਿਚ ਮੈਂ ਡਾ. ਵਰਮਾ ਦੇ ਨਾਟਕ ਦਾ ਪਾਤਰ ਜਾਂ ਆਖ ਲਵਾਂ, ਅਦਾਕਾਰ ਬਣ ਚੁੱਕਾ ਸਾਂ। ਡਾਇਲਾਗ ਯਾਦ ਕਰਨ ਲਈ ਸਕਰਿਪਟ ਹੱਥਾਂ ਵਿਚ ਆ ਗਈ ਤੇ ਅਗਲੇ ਦਿਨ ਰਿਹਰਸਲ ਸ਼ੁਰੂ ਸੀ। ਪੇਸ਼ਕਾਰੀ ਦੀਆਂ ਬਰੀਕੀਆਂ ਅਤੇ ਹਾਵ-ਭਾਵਾਂ ਬਾਰੇ ਇਕੱਲੀ ਇਕੱਲੀ ਵਿਧ ਪੂਰੀ ਸ਼ਿੱਦਤ ਨਾਲ ਸਮਝਾਈ ਗਈ।
ਪੰਜ ਕੁ ਦਿਨਾਂ ਦੀ ਰਿਹਰਸਲ ਪਿੱਛੋਂ ਅਸੀਂ ਸਾਰੇ ਸਾਜ਼ੋ-ਸਮਾਨ ਨਾਲ ਟੈਗੋਰ ਥਿਏਟਰ ਦੀ ਸਟੇਜ ’ਤੇ ਪਹੁੰਚ ਚੁੱਕੇ ਸਾਂ। ਡਾ. ਵਰਮਾ ਦਾ ਪ੍ਰਬੰਧ ਕਰ ਕੇ ਦਿੱਤਾ ਕਾਲਾ ਕੋਟ-ਟਾਈ ਪਹਿਨ ਕੇ ਮੈਂ ਪਰਦੇ ਪਿੱਛੇ ਵਾਰੀ ਦੀ ਇੰਤਜ਼ਾਰ ਵਿਚ ਖੜ੍ਹਾ ਸਾਂ। ਨਾਟਕ ਪੜਾਅਵਾਰ ਚੱਲ ਰਿਹਾ ਸੀ। ਡਾ. ਵਰਮਾ ਸੂਤਰਧਾਰ ਦੀ ਭੂਮਿਕਾ ਨਿਭਾਉਂਦੇ ਹੋਏ ਬੋਲੇ- “ਪਿਤਾ ਜੱਜ ਐ, ਪੁੱਤਰ ਕਟਹਿਰੇ ’ਚ ਖੜ੍ਹੈ; ਮਾਮਲਾ ਅਜਬ ਜ਼ਰੂਰ ਹੈ ਪਰ ਗੌਰ ਨਾਲ ਦੇਖਣਾ, ਦ੍ਰਿਸ਼ ਇਹ ਵੀ ਪੂਰੀ ਟੱਕਰ ਨਾਲ ਭਰਪੂਰ ਹੈ।” ...ਤੇ ਮੈਂ ਜਿ਼ੰਦਗੀ ਵਿਚ ਪਹਿਲੀ ਵਾਰ ਸਟੇਜ ’ਤੇ ਜੱਜ ਦੀ ਭੂਮਿਕਾ ਵਿਚ ਕੁਰਸੀ ’ਤੇ ਅਦਾਲਤ ਲਾਈ ਬੈਠਾ ਸਾਂ। ਦਲਜੀਤ ਸ਼ਾਹੀ (ਪੁੱਤਰ) ਮੁਲਜ਼ਮ ਦੇ ਰੂਪ ਵਿਚ ਕਟਹਿਰੇ ਵਿਚ ਖੜ੍ਹਾ ਸੀ। ਡਾਇਲਾਗ ਬੋਲਦੇ ਹੋਏ ਜਦੋਂ ਮੈਂ ਆਪਣੇ ਹਾਵ-ਭਾਵ ਪ੍ਰਗਟ ਕੀਤੇ ਤਾਂ ਥਿਏਟਰ ਤਾੜੀਆਂ ਨਾਲ ਗੂੰਜ ਉੱਠਿਆ। ਸਰਵੋਤਮ ਅਦਕਾਰੀ ਦਾ ਖਿਤਾਬ ਮੇਰੇ ਨਾਮ ਹੋ ਗਿਆ ਸੀ।
ਬਸ ਫਿਰ ਕੀ ਸੀ! ਮੈਂ, ਦਲਜੀਤ ਸ਼ਾਹੀ, ਰਣਬੀਰ ਛੋਟੂ ਅਤੇ ਬਾਕੀ ਸਾਰੇ ਸਾਥੀ ਵਿਦਿਆਰਥੀ ਡਾ. ਵਰਮਾ ਦੇ ਨਾਟਕਾਂ ਦੇ ਪੱਕੇ ਪਾਤਰ ਬਣ ਗਏ ਸਾਂ। ਨੁੱਕੜ ਨਾਟਕ ਅਤੇ ਸਟੇਜਾਂ ’ਤੇ ਆਏ ਦਿਨ ਪੇਸ਼ਕਾਰੀਆਂ ਦਾ ਅਜਿਹਾ ਸਿਲਸਲਾ ਚੱਲਿਆ ਕਿ ਅਸੀਂ ਸਾਰੇ ਖੁਸ਼ੀ ਵਿਚ ਖੀਵੇ ਅਤੇ ਡਾ. ਵਰਮਾ ਦੀ ਬੱਲੇ ਬੱਲੇ। ਉਨ੍ਹਾਂ ਸਮਿਆਂ ਵਿਚ ਪੰਜਾਬ ਦੇ ਹਾਲਾਤ ਬਿਆਨ ਕਰਦਾ ਡਾ. ਵਰਮਾ ਦਾ ਲਿਖਿਆ ਨੁੱਕੜ ਨਾਟਕ ‘ਮਸਲਾ ਪੰਜਾਬ ਦਾ’ ਯੂਨੀਵਰਸਟੀ ਦੇ ਹਰ ਕੋਨੇ/ਮੈਦਾਨ ਵਿਚ ਪੂਰੀ ਕਾਮਯਾਬੀ ਨਾਲ ਅਨੇਕ ਵਾਰ ਖੇਡਿਆ ਅਤੇ ਮੋਦੀ ਕਾਲਜ ਪਟਿਆਲਾ ਦੀ ਸਟੇਜ ’ਤੇ ਵੀ ਪੇਸ਼ ਕੀਤਾ ਜੋ ਖੂਬ ਸਲਾਹਿਆ ਗਿਆ। ਉਨ੍ਹਾਂ ਦੀ ਹੀ ਰਹਿਨੁਮਾਈ ਵਿਚ ਅਜਮੇਰ ਔਲਖ ਦਾ ਲਿਖਿਆ ਨਾਟਕ ‘ਤੂੜੀ ਵਾਲਾ ਕੋਠਾ’ ਕਮਾਨੀ ਥਿਏਟਰ ਦਿੱਲੀ ਵਿਚ ਪੇਸ਼ ਕਰਦਿਆਂ ਪਹਿਲਾ ਇਨਾਮ ਹਾਸਿਲ ਕੀਤਾ।
ਅਦਾਕਾਰੀ ਦਾ ਇਹ ਦੌਰ ਪੂਰੀ ਸਰਗਰਮੀ ਨਾਲ ਜਾਰੀ ਸੀ ਕਿ ਮਹਿਕਮਾ ਪੁਲੀਸ ਵਿਚ ਭਰਤੀ ਹੋਣ ਕਾਰਨ ਯੂਨੀਵਰਸਟੀ ਤੋਂ ਰੁਖ਼ਸਤ ਹੋਣਾ ਪਿਆ; ਇਸ ਦੇ ਨਾਲ ਹੀ ਮੇਰੇ ਅੰਦਰਲਾ ਅਦਾਕਾਰ ਅਲਵਿਦਾ ਕਹਿ ਗਿਆ। ਉਂਝ ਅੱਜ ਵੀ ਉਨ੍ਹਾਂ ਰੰਗਲੇ ਦਿਨਾਂ ਦੀਆਂ ਹੁਸੀਨ ਯਾਦਾਂ ਦਾ ਸਰਮਾਇਆ ਪੱਲੇ ਬੰਨ੍ਹੀ ਬੈਠਾ ਡਾ. ਵਰਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਮੈਨੂੰ ਜਿ਼ੰਦਗੀ ਦੀ ਅਸਲ ਸਟੇਜ ’ਤੇ ਵੀ ਬੇਬਾਕ ਹੋ ਕੇ ਬੋਲਣ ਵਿਚਰਨ ਦੇ ਕਾਬਲ ਬਣਾਇਆ।
ਸੰਪਰਕ: 98158-97878