ਯਾਦਾਂ ਦਾ ਸਰਮਾਇਆ
ਪੁਸਤਕ ਪੜਚੋਲ
ਸੁਖਮਿੰਦਰ ਸੇਖੋਂ
ਕਹਾਣੀਕਾਰ ਜਰਨੈਲ ਸਿੰਘ ਦੀਆਂ ਹੁਣ ਤੱਕ ਦਸ ਕੁ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਉਹ ਵਿਦੇਸ਼ੀ ਸ਼ਿਰੋਮਣੀ ਤੇ ਢਾਹਾਂ ਪੁਰਸਕਾਰ ਜੇਤੂ ਸਾਹਿਤਕਾਰ ਹੈ। ਉਸ ਦੀਆਂ ਕਹਾਣੀਆਂ ਹਿੰਦੀ ਤੇ ਸ਼ਾਹਮੁਖੀ ਵਿੱਚ ਵੀ ਛਪ ਚੁੱਕੀਆਂ ਹਨ। ਹਥਲੀ ਪੁਸਤਕ ‘ਸੁਪਨੇ ਤੇ ਵਾਟਾਂ’ (ਕੀਮਤ: 500 ਰੁਪਏ; ਯੂਨੀਸਟਾਰ ਬੁੱਕਸ, ਚੰਡੀਗੜ੍ਹ) ਉਸ ਦੀਆਂ ਯਾਦਾਂ ਦਾ ਸਰਮਾਇਆ ਹੈ। ਇਸ ਨੂੰ ਅਸੀਂ ਸਵੈ-ਜੀਵਨੀ ਵੀ ਕਹਿ ਸਕਦੇ ਹਾਂ। ਕਿਤਾਬ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿੱਚ ਉਸ ਨੇ ਆਪਣੇ ਘਰ, ਸੰਘਰਸ਼ਮਈ ਵਿਰਸੇ ਅਤੇ ਪਿੰਡ ਦਾ ਬਿਰਤਾਂਤ ਸਿਰਜਿਆ ਹੈ। ਆਪਣੀ ਪੜ੍ਹਾਈ ਲਿਖਾਈ ਤੇ ਮੁੱਢਲੀ ਨੌਕਰੀ ਦਾ ਵਰਣਨ ਕੀਤਾ ਹੈ। ਉਸ ਨੂੰ ਪਾਠਕ ਬਣਨ ਦੀ ਚੇਟਕ ਕਿਵੇਂ ਲੱਗੀ, ਇਸ ਬਾਰੇ ਉਸ ਲਿਖਿਆ ਹੈ ਕਿ ਆਪਣੇ ਪਾਠਕੀ ਦੌਰ ਦੇ ਪਹਿਲੇ ਪੜਾਅ ’ਤੇ ਨਾਨਕ ਸਿੰਘ ਤੇ ਜਸਵੰਤ ਸਿੰਘ ਦੇ ਨਾਵਲ ਪੜ੍ਹੇ। ਹਵਾਈ ਸੈਨਾ ਦੀ ਨੌਕਰੀ ਕਰਕੇ ਉਸ ਨੂੰ ਦੇਸ਼ ਦੇ ਵੱਖੋ ਵੱਖ ਹਿੱਸਿਆਂ ਵਿੱਚ ਜਾਣ ਤੇ ਰਹਿਣ ਦਾ ਮੌਕਾ ਮਿਲਿਆ। ਫਿਰ ਉਸ ਨੇ ਆਖ਼ਰੀ ਪੋਸਟਿੰਗ ਤੇ ਨਵੀਂ ਨੌਕਰੀ (ਸਹਿਕਾਰੀ ਬੈਂਕ) ਬਾਰੇ ਵੀ ਲਿਖਿਆ ਹੈ। ਆਪਣੇ ਬਾਪੂ ਜੀ ਦੀ ਮੌਤ ਦਾ ਉਸ ਨੂੰ ਡੂੰਘਾ ਦੁੱਖ ਹੋਇਆ ਜੋ ਧਾਰਮਿਕ ਆਸਥਾ ਵਾਲੇ ਤੇ ਕਵੀ ਮਨ ਵਿਅਕਤੀ ਸਨ। ਜਰਨੈਲ ਸਿੰਘ ਨੂੰ ਫ਼ੌਜ ਵਿੱਚ ਕਹਾਣੀਆਂ ਲਿਖਣ ਦੀ ਚੇਟਕ ਲੱਗੀ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਉਹ ਇੱਕ ਕਿਤਾਬ (ਮੈਨੂੰ ਕੀ) ਦਾ ਕਹਾਣੀਕਾਰ ਬਣ ਗਿਆ।
ਪੁਸਤਕ ਦੇ ਦੂਸਰੇ ਭਾਗ ਦਾ ਆਪਣਾ ਮਹੱਤਵ ਹੈ। ਸ਼ਾਰਟ ਟਰਮ ਸਰਵਿਸ ਤੇ ਬੈਂਕ ਦੀ ਨੌਕਰੀ ਉਪਰੰਤ ਲੇਖਕ ਇੰਗਲੈਂਡ ਚਲਾ ਜਾਂਦਾ ਹੈ ਅਤੇ ਕੈਨੇਡਾ ਵੀ। ਕੈਨੇਡਾ ਨਾਲ ਪਾਠਕ ਦੀ ਵਾਕਫ਼ੀਅਤ ਵੀ ਕਰਵਾਉਂਦਾ ਹੈ ਤੇ ਉੱਥੋਂ ਦੇ ਸਿਆਸਤਦਾਨਾਂ ਦੀ ਸਾਦਗੀ ਦਾ ਜ਼ਿਕਰ ਵੀ ਕਰਦਾ ਹੈ। ਉੱਥੇ ਰਹਿ ਕੇ ਆਪਣੇ ਕੰਮਕਾਜ ਬਾਰੇ ਵੀ ਦੱਸਦਾ ਹੈ ਅਤੇ ਖ਼ਾਸ ਕਰਕੇ ਇਸ ਗੱਲ ਨੂੰ ਪਾਠਕਾਂ ਸਾਹਵੇਂ ਉਜਾਗਰ ਕਰਦਾ ਹੈ ਕਿ ਉਸ ਦੀ ਲੇਖਣੀ ਵਿੱਚ ਅਹਿਮ ਤਬਦੀਲੀ ਕਿਵੇਂ ਆਈ? ਉਸ ਦੀਆਂ ਕੁਝ ਕਿਤਾਬਾਂ ਦੀ ਚਰਚਾ ਹੁੰਦੀ ਹੈ ਤੇ ਰਚਨਾਵਾਂ ਪਾਠਕਾਂ ਤੇ ਆਲੋਚਕਾਂ ਦੀ ਨਜ਼ਰ ਚੜ੍ਹਦੀਆਂ ਹਨ। 41 ਵਰ੍ਹਿਆਂ ਬਾਅਦ ਕੁਝ ਪੁਰਾਣੇ ਮਿੱਤਰਾਂ ਨਾਲ ਵੀ ਮੇਲ ਮਿਲਾਪ ਹੁੰਦਾ ਹੈ। ਕਹਾਣੀਕਾਰ ਦੀਆਂ ਪਹਿਲੀਆਂ ਕਹਾਣੀਆਂ ਦੀ ਨਿਸਬਤ ਉਸ ਦੀਆਂ ਵਡੇਰੀ ਉਮਰ ਵਿੱਚ ਲਿਖੀਆਂ ਕਹਾਣੀਆਂ ਵਧੇਰੇ ਕਾਰਗਰ ਭੂਮਿਕਾ ਨਿਭਾਉਂਦੀਆਂ ਹਨ ਕਿਉਂਕਿ ਉਹ ਪਿੱਛਲਝਾਤ, ਕਹਾਣੀ ਨੂੰ ਪੜ੍ਹਨ ਦੇ ਨਾਲ ਨਾਲ ਦਿਖਾਉਣ ਤੇ ਵਾਰਤਾਲਾਪ ਰਾਹੀਂ ਆਪਣੀ ਕਹਾਣੀ ਨੂੰ ਅਹਿਮ ਪਹਿਲੂਆਂ ’ਤੇ ਵੀ ਕੇਂਦਰਿਤ ਕਰਨ ਲੱਗਦਾ ਹੈ ਭਾਵ ਉਸ ਨੂੰ ਕਥਾ ਜੁਗਤਾਂ ਸਮਝ ਆਉਣ ਲੱਗਦੀਆਂ ਹਨ। ਜੇਕਰ ਕਹਾਣੀ ਕਿਤੇ ਰੁਕ ਜਾਂਦੀ ਹੈ ਤਾਂ ਉਹ ਸੈਰ ਨੂੰ ਨਿਕਲ ਜਾਂਦਾ ਹੈ ਤੇ ਇਉਂ ਕਹਾਣੀ ਅੰਤ ਵੱਲ ਪਹੁੰਚਣ ਲੱਗਦੀ ਹੈ।
ਪੁਸਤਕ ਨੂੰ ਸੁੰਦਰ ਦਿੱਖ ਪ੍ਰਦਾਨ ਕਰਨ ਲਈ ਲੇਖਕ ਨੇ ਘਰੇਲੂ ਤੇ ਸਾਹਿਤਕ ਸਮਾਗਮਾਂ ਦੀਆਂ ਰੰਗੀਨ ਤਸਵੀਰਾਂ ਨੂੰ ਤਰਜੀਹ ਦਿੱਤੀ ਹੈ। ਕੁੱਲ ਮਿਲਾ ਕੇ ਸਪਸ਼ਟ ਰੂਪ ਵਿੱਚ ਕਹਿ ਸਕਦੇ ਹਾਂ ਕਿ ਜਰਨੈਲ ਸਿੰਘ ਨਾਲ ਨੇੜਤਾ ਰੱਖਣ ਵਾਲਿਆਂ ਤੇ ਖ਼ਾਸਕਰ ਉਸ ਦੇ ਨਿੱਜ ਤੇ ਕਹਾਣੀ ਕਲਾ ਨਾਲ ਪ੍ਰੇਮ ਕਰਨ ਵਾਲਿਆਂ ਨੂੰ ਇਹ ਪੁਸਤਕ ਜ਼ਰੂਰ ਪਸੰਦ ਆਵੇਗੀ। ਉਂਜ ਇਹ ਗੱਲ ਅਹਿਮ ਹੈ ਕਿ ਵਿਦੇਸ਼ੀ ਧਰਤੀ ’ਤੇ ਵੱਸਦੇ ਲੇਖਕ ਪੰਜਾਬੀ ਭਾਸ਼ਾ ਤੇ ਪੰਜਾਬੀ ਸਾਹਿਤ ਦੀ ਏਡੀ ਸੇਵਾ ਕਰ ਰਹੇ ਹਨ।
ਸੰਪਰਕ: 98145-07693