ਵਾਇਨਾਡ ਲਈ ਪ੍ਰਿਯੰਕਾ ਨਾਲੋਂ ਬਿਹਤਰ ਉਮੀਦਵਾਰ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ: ਰਾਹੁਲ
ਨਵੀਂ ਦਿੱਲੀ, 22 ਅਕਤੂਬਰ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਦੇ ਵਾਇਨਾਡ ਲੋਕ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀ ਦਾਖਲ ਕਰਨ ਤੋਂ ਇਕ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਹ ਇਸ ਖੇਤਰ ਤੋਂ ਆਪਣੀ ਭੈਣ ਨਾਲੋਂ ਬਿਹਤਰ ਉਮੀਦਵਾਰ ਦੀ ਕਲਪਨਾ ਵੀ ਨਹੀਂ ਕਰ ਸਕਦੇ। ਪ੍ਰਿਯੰਕਾ ਵਾਡਰਾ ਭਲਕੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਕਾਗ਼ਜ਼ ਦਾਖ਼ਲ ਕਰਨ ਮੌਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਮੌਜੂਦ ਰਹਿਣਗੇ। ਰਾਹੁਲ ਗਾਂਧੀ ਨੇ ਐਕਸ ’ਤੇ ਪੋਸਟ ਅਪਲੋਡ ਕਰਦਿਆਂ ਕਿਹਾ, ‘ਵਾਇਨਾਡ ਦੇ ਲੋਕ ਮੇਰੇ ਦਿਲ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ ਅਤੇ ਮੈਂ ਉਨ੍ਹਾਂ ਲਈ ਆਪਣੀ ਭੈਣ ਪ੍ਰਿਯੰਕਾ ਗਾਂਧੀ ਤੋਂ ਬਿਹਤਰ ਉਮੀਦਵਾਰ ਦੀ ਕਲਪਨਾ ਵੀ ਨਹੀਂ ਕਰ ਸਕਦਾ। ਮੈਨੂੰ ਭਰੋਸਾ ਹੈ ਕਿ ਉਹ ਵਾਇਨਾਡ ਦੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੋਕ ਸਭਾ ਵਿਚ ਜ਼ੋਰਦਾਰ ਤਰੀਕੇ ਨਾਲ ਆਵਾਜ਼ ਉਠਾਏਗੀ।’ ਇਹ ਵੀ ਦੱਸਣਾ ਬਣਦਾ ਹੈ ਕਿ ਪ੍ਰਿਅੰਕਾ ਗਾਂਧੀ ਦੁਪਹਿਰ 12 ਵਜੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਸਵੇਰੇ 11 ਵਜੇ ਕਲਪੇਟਾ ਨਵੇਂ ਬੱਸ ਸਟੈਂਡ ਤੋਂ ਰੋਡ ਸ਼ੋਅ ਕੱਢੇਗੀ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਪਿਛਲੇ ਕੁਝ ਸਾਲਾਂ ਤੋਂ ਕਾਂਗਰਸ ਦੇ ਜਨਰਲ ਸਕੱਤਰ ਰਹੇ ਹਨ। -ਪੀਟੀਆਈ
ਸੋਨੀਆ ਗਾਂਧੀ ਤੇ ਪ੍ਰਿਯੰਕਾ ਗਾਂਧੀ ਮੈਸੂਰ ਪੁੱਜੇ
ਮੈਸੂਰ:
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅੱਜ ਸ਼ਾਮ ਆਪਣੀ ਮਾਂ ਤੇ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਨਾਲ ਕਰਨਾਟਕ ਦੇ ਸ਼ਹਿਰ ਮੈਸੂਰ ਪੁੱਜੇ ਤੇ ਸੜਕ ਰਾਹੀਂ ਵਾਇਨਾਡ ਲਈ ਰਵਾਨਾ ਹੋ ਗਏ। ਪ੍ਰਿਯੰਕਾ ਗਾਂਧੀ 23 ਅਕਤੂਬਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰੇਗੀ। ਸੋਨੀਆ ਗਾਂਧੀ ਅਤੇ ਪ੍ਰਿਯੰਕਾ ਦਾ ਮੈਸੂਰ ਹਵਾਈ ਅੱਡੇ ’ਤੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਅਤੇ ਉਪ ਮੁੱਖ ਮੰਤਰੀ ਅਤੇ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਡੀ ਕੇ ਸ਼ਿਵਕੁਮਾਰ ਨੇ ਸਵਾਗਤ ਕੀਤਾ। ਇਸ ਮੌਕੇ ਕਰਨਾਟਕ ਕਾਂਗਰਸ ਦੇ ਇੰਚਾਰਜ ਰਣਦੀਪ ਸਿੰਘ ਸੁਰਜੇਵਾਲਾ ਤੇ ਹੋਰ ਆਗੂ ਵੀ ਮੌਜੂਦ ਸਨ। -ਆਈਏਐੱਨਐੱਸ
ਪ੍ਰਿਯੰਕਾ ਦੇ ਰੋਡ ਸ਼ੋਅ ਦੌਰਾਨ ਝੰਡਿਆਂ ’ਤੇ ਨਹੀਂ ਹੋਵੇਗੀ ਕੋਈ ਪਾਬੰਦੀ
ਵਾਇਨਾਡ (ਕੇਰਲ):
ਕਾਂਗਰਸ ਦੇ ਸੂਤਰਾਂ ਨੇ ਅੱਜ ਕਿਹਾ ਕਿ ਪਾਰਟੀ ਨੇ ਆਪਣੇ ਜਾਂ ਆਪਣੇ ਸਹਿਯੋਗੀਆਂ ਦੇ ਝੰਡਿਆਂ ਦੀ ਵਰਤੋਂ ’ਤੇ ਕੋਈ ਪਾਬੰਦੀ ਨਾ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਸਾਲ ਦੇ ਸ਼ੁਰੂ ਵਿੱਚ ਵਾਇਨਾਡ ਵਿੱਚ ਰਾਹੁਲ ਗਾਂਧੀ ਦੇ ਰੋਡ ਸ਼ੋਅ ਦੌਰਾਨ ਕਾਂਗਰਸ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦੇ ਝੰਡਿਆਂ ਦੀ ਅਣਹੋਂਦ ਸੀ, ਜਿਸ ਕਾਰਨ ਸੀਪੀਆਈ (ਐਮ) ਨੇ ਕਾਂਗਰਸ ’ਤੇ ਦੋਸ਼ ਲਾਏ ਸਨ ਕਿ ਉਸ ਨੇ ਅਜਿਹਾ ਭਾਜਪਾ ਦੇ ਡਰ ਕਾਰਨ ਕੀਤਾ ਹੈ। ਇਸ ਰੈਲੀ ਵਿਚ ਕਾਂਗਰਸ ਦੀ ਸਹਿਯੋਗੀ ਆਈਯੂਐਮਐਲ ਦੇ ਹਰੇ ਝੰਡੇ ਵੱਧ ਤਾਦਾਦ ਵਿਚ ਸਨ ਜਿਸ ਕਾਰਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਿੱਪਣੀ ਕੀਤੀ ਸੀ ਕਿ ਇਹ ਰੋਡ ਸ਼ੋਅ ਭਾਰਤ ਵਿੱਚ ਸੀ ਜਾਂ ਪਾਕਿਸਤਾਨ ਵਿੱਚ।