ਬਦਲਾਪੁਰ ਮਾਮਲੇ ’ਚ ਲੜਕੀਆਂ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰ ਸਕਦੇ: ਹਾਈ ਕੋਰਟ
ਮੁੁੰਬਈ, 22 ਅਗਸਤ
ਬੰਬੇ ਹਾਈ ਕੋਰਟ ਨੇ ਬਦਲਾਪੁਰ ਦੇ ਇਕ ਸਕੂਲ ਵਿਚ ਕਿੰਡਰਗਾਰਟਨ ’ਚ ਪੜ੍ਹਦੀਆਂ ਦੋ ਬੱਚੀਆਂ ਨਾਲ ਜਿਨਸੀ ਛੇੜਛਾੜ ਦੀ ਘਟਨਾ ਨੂੰ ‘ਹੈਰਾਨ-ਪ੍ਰੇਸ਼ਾਨ’ ਕਰਨ ਵਾਲੀ ਕਰਾਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਲੜਕੀਆਂ ਦੀ ਰੱਖਿਆ ਤੇ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਜਸਟਿਸ ਰੇਵਤੀ ਮੋਹਿਤੇ ਡੇਰੇ ਤੇ ਜਸਟਿਸ ਪ੍ਰਿਥਵੀਰਾਜ ਚਵਾਨ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਸਕੂਲ ਅਥਾਰਿਟੀਜ਼ ਖਿਲਾਫ਼ ਵੀ ਕਾਰਵਾਈ ਕਰਨੀ ਬਣਦੀ ਹੈ, ਜਿਨ੍ਹਾਂ ਜਾਣਕਾਰੀ ਹੋਣ ਦੇ ਬਾਵਜੂਦ ਇਸ ਘਟਨਾ ਬਾਰੇ ਰਿਪੋਰਟ ਨਹੀਂ ਕੀਤਾ। ਕੋਰਟ ਨੇ ਐੱਫਆਈਆਰ ਦਰਜ ਕਰਨ ਵਿਚ ਦੇਰੀ ਲਈ ਪੁਲੀਸ ਦੀ ਵੀ ਝਾੜ-ਝੰਬ ਕੀਤੀ। ਬੈਂਚ ਨੇ ਸਰਕਾਰ ਵੱਲੋਂ ਕਾਇਮ ਕੀਤੀ ਵਿਸ਼ੇਸ਼ ਜਾਂਚ ਟੀਮ (ਸਿਟ) ਨੂੰ ਹਦਾਇਤ ਕੀਤੀ ਕਿ ਉਹ ਪੀੜਤ ਬੱਚੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਬਿਆਨ ਦਰਜ ਕਰਨ ਲਈ ਚੁੱਕੇ ਕਦਮਾਂ ਬਾਰੇ 27 ਅਗਸਤ ਤੱਕ ਰਿਪੋਰਟ ਦਾਖਲ ਕਰੇ। ਰਿਪੋਰਟ ਵਿਚ ਐੱਫਆਈਆਰ ਦਰਜ ਕਰਨ ਵਿਚ ਦੇਰੀ ਦੇ ਕਾਰਨਾਂ ਦੇ ਵੇਰਵੇ ਵੀ ਮੰਗੇ ਗਏ ਹਨ। ਕੋਰਟ ਨੇ ਕਿਹਾ ਕਿ ਉਸ ਦੇ ਧਿਆਨ ਵਿਚ ਆਇਆ ਹੈ ਕਿ ਕੇਸ ਨੂੰ ਰਫ਼ਾ ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਸਬੰਧਤ ਪੁਲੀਸ ਅਧਿਕਾਰੀ ਖਿਲਾਫ਼ ਕਾਰਵਾਈ ਤੋਂ ਨਹੀਂ ਝਿਜਕੇਗੀ। ਐਡਵੋਕੇਟ ਜਨਰਲ ਬੀਰੇਂਦਰ ਸਰਾਫ਼ ਨੇ ਕੋਰਟ ਨੂੰ ਸਕੂਲ ਅਥਾਰਿਟੀਜ਼ ਖਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ।
ਕਾਬਿਲੇਗੌਰ ਹੈ ਕਿ ਕੋਰਟ ਨੇ ਇਸ ਘਟਨਾ ਦਾ ‘ਆਪੂੰ’ ਨੋਟਿਸ ਲਿਆ, ਜਿੱਥੇ 12 ਤੇ 13 ਅਗਸਤ ਨੂੰ ਠਾਣੇ ਜ਼ਿਲ੍ਹੇ ਵਿਚ ਬਦਲਾਪੁਰ ਦੇ ਇਕ ਨਾਮੀ ਸਕੂਲ ਦੇ ਗੁਸਲਖਾਨੇ ਵਿਚ ਸਫ਼ਾਈ ਕਰਮੀ ਨੇ ਚਾਰ ਸਾਲ ਦੀਆਂ ਦੋ ਬੱਚੀਆਂ ਨਾਲ ਕਥਿਤ ਜਿਨਸੀ ਛੇੜਛਾੜ ਕੀਤੀ ਸੀ। ਕੋਰਟ ਵਿਚ ਦਾਖ਼ਲ ਦਸਤਾਵੇਜ਼ਾਂ ਮੁਤਾਬਕ ਇਸ ਕੇਸ ਵਿਚ ਐੱਫਆਈਆਰ 16 ਅਗਸਤ ਨੂੰ ਦਰਜ ਕੀਤੀ ਗਈ ਜਦੋਂਕਿ ਮੁਲਜ਼ਮ ਨੂੰ 17 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬੈਂਚ ਨੇ ਕਿਹਾ ਕਿ ਪੁਲੀਸ ਨੇ ਉਦੋਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਤੱਕ ਰੋਹ ਵਿਚ ਆਏ ਲੋਕ ਸੜਕਾਂ ’ਤੇ ਨਹੀਂ ਉਤਰੇ। ਕੋਰਟ ਨੇ ਕਿਹਾ, ‘‘ਜਦੋਂ ਤੱਕ ਲੋਕਾਂ ਦਾ ਗੁੱਸਾ ਨਹੀਂ ਫੁੱਟਦਾ, ਪੁਲੀਸ ਮਸ਼ੀਨਰੀ ਕੋਈ ਕਦਮ ਨਹੀਂ ਪੁੱਟਦੀ। ਕੀ ਸਰਕਾਰਾਂ ਲੋਕਾਂ ਦਾ ਗੁੱਸਾ ਫੁੱਟਣ ਤੱਕ ਕੋਈ ਕਾਰਵਾਈ ਨਹੀਂ ਕਰ ਸਕਦੀਆਂ।’’ ਬੈਂਚ ਨੇ ਕਿਹਾ ਕਿ ਉਹ ਇਸ ਗੱਲੋਂ ਭੈਅ ਵਿਚ ਹੈ ਕਿ ਬਦਲਾਪੁਰ ਪੁਲੀਸ ਨੇ ਕੇਸ ਦੀ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ। ਕੋਰਟ ਨੇ ਸਵਾਲ ਕੀਤਾ, ‘‘ਇਹ ਬਹੁਤ ਗੰਭੀਰ ਮਸਲਾ ਹੈ, ਜਿੱਥੇ ਨਿੱਕੀਆਂ ਬੱਚੀਆਂ ਜਿਨ੍ਹਾਂ ਦੀ ਉਮਰ 3 ਤੋਂ ਚਾਰ ਸਾਲ ਹੈ, ਨਾਲ ਜਿਨਸੀ ਛੇੜਛਾੜ ਕੀਤੀ ਗਈ...ਪੁਲੀਸ ਇਸ ਮਾਮਲੇ ਨੂੰ ਇੰਨੇ ਹਲਕੇ ਵਿਚ ਕਿਵੇਂ ਲੈ ਸਕਦੀ ਹੈ।’’ ਕੋਰਟ ਨੇ ਕਿਹਾ, ‘‘ਜੇ ਸਕੂਲ ਹੀ ਸੁਰੱਖਿਅਤ ਨਹੀਂ ਹਨ ਤਾਂ ਫਿਰ ਇਕ ਬੱਚੇ ਨੂੰ ਕੀ ਕਰਨਾ ਚਾਹੀਦਾ ਹੈ? ਤਿੰਨ ਚਾਰ ਸਾਲ ਦੇ ਬੱਚੇ ਨੂੰ ਕੀ ਕਰਨਾ ਚਾਹੀਦਾ ਹੈ? ਇਹ ਬਹੁਤ ਹੈਰਾਨ-ਪ੍ਰੇਸ਼ਾਨ ਕਰਨ ਵਾਲਾ ਹੈ।’’
ਬੈਂਚ ਨੇ ਕਿਹਾ ਕਿ ਬਦਲਾਪੁਰ ਪੁਲੀਸ ਨੇ ਜਿਸ ਤਰ੍ਹਾਂ ਨਾਲ ਜਾਂਚ ਕੀਤੀ ਹੈ, ਉਸ ਤੋਂ ਉਹ ‘ਨਾਖੁਸ਼’ ਹੈ। ਹਾਈ ਕੋਰਟ ਨੇ ਕਿਹਾ, ‘‘ਸਾਡੀ ਦਿਲਚਸਪੀ ਸਿਰਫ਼ ਇੰਨੀ ਹੈ ਕਿ ਪੀੜਤ ਬੱਚੀਆਂ ਨੂੰ ਇਨਸਾਫ਼ ਮਿਲੇ ਤੇ ਪੁੁਲੀਸ ਨੂੰ ਵੀ ਚਾਹੀਦਾ ਸੀ ਕਿ ਉਹ ਇਨਸਾਫ਼ ਯਕੀਨੀ ਬਣਾਉਣ ’ਚ ਦਿਲਚਸਪੀ ਰੱਖੇ।’’ -ਪੀਟੀਆਈ
ਊਧਵ ਨੇ ਸ਼ਿੰਦੇ ਸਰਕਾਰ ਨੂੰ ਬਣਾਇਆ ਨਿਸ਼ਾਨਾ
ਮੁੰਬਈ:
ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਜੋ ਲੋਕ ਇਹ ਸੋਚਦੇ ਹਨ ਕਿ ਬਦਲਾਪੁਰ ਰੋਸ ਮੁਜ਼ਾਹਰਿਆਂ ਪਿੱਛੇ ਸਿਆਸਤ ਹੈ, ਉਹ ਮਾਨਸਿਕ ਰੂਪ ਵਿਚ ਠੀਕ ਨਹੀਂ ਜਾਂ ਫਿਰ ਉਹ ਮੁਲਜ਼ਮਾਂ ਦੇ ਰੱਖਿਅਕ ਹਨ। ਠਾਕਰੇ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਗੱਠਜੋੜ ਮਹਾ ਵਿਕਾਸ ਅਗਾੜੀ (ਐੱਮਵੀਏ) ਵੱਲੋਂ 24 ਅਗਸਤ ਨੂੰ ਦਿੱਤੇ ‘ਮਹਾਰਾਸ਼ਟਰ ਬੰਦ ਦੇ ਸੱਦੇ’ ਪਿੱਛੇ ਕੋਈ ਸਿਆਸੀ ਮੰਤਵ ਨਹੀਂ ਹੈ। ਬੰਦ ਦਾ ਇਕੋ ਇਕ ਮੰਤਵ ਮਹਿਲਾਵਾਂ ਦੀ ਸੁਰੱਖਿਆ ਪ੍ਰਤੀ ਜਾਗਰੂਕ ਕਰਨਾ ਤੇ ਸਰਕਾਰ ਨੂੰ ਨੀਂਦ ’ਚੋਂ ਜਗਾਉਣਾ ਹੈ। -ਪੀਟੀਆਈ