ਕਾਰੋਬਾਰੀ ਦੀ ਹੱਤਿਆ ਖ਼ਿਲਾਫ਼ ਕਾਂਗਰਸ ਵੱਲੋਂ ਮੋਮਬੱਤੀ ਮਾਰਚ
ਸ਼ਗਨ ਕਟਾਰੀਆ
ਬਠਿੰਡਾ, 31 ਅਕਤੂਬਰ
ਕਾਰੋਬਾਰੀ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਵਿਰੁੱਧ ਅੱਜ ਕਾਂਗਰਸ ਵੱਲੋਂ ਮੋਮਬੱਤੀ ਮਾਰਚ ਕੀਤਾ ਗਿਆ। ਜ਼ਿਲ੍ਹਾ ਕਾਂਗਰਸ ਪ੍ਰਧਾਨ (ਸ਼ਹਿਰੀ) ਐਡਵੋਕੇਟ ਰਾਜਨ ਗਰਗ ਦੀ ਅਗਵਾਈ ਵਿਚ ਫਾਇਰ ਬ੍ਰਿਗੇਡ ਚੌਕ ਤੋਂ ਸ਼ੁਰੂ ਹੋਇਆ ਇਹ ਮਾਰਚ ਵੱਖ-ਵੱਖ ਬਾਜ਼ਾਰਾਂ ਅਤੇ ਗਲੀਆਂ ਵਿੱਚੋਂ ਲੰਘਿਆ।
ਮਾਰਚ ਵਿੱਚ ਸ਼ਿਰਕਤ ਕਰਨ ਤੋਂ ਪਹਿਲਾਂ ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਮੋਹਤਿ ਮਹਿੰਦਰਾ ਨੇ ਮਰਹੂਮ ਕਾਰੋਬਾਰੀ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ੍ਰੀ ਮਹਿੰਦਰਾ ਨੇ ਮਾਰਚ ਦੌਰਾਨ ਸੰਬੋਧਨ ਕਰਦਿਆਂ ਦੋਸ਼ ਲਾਏ ਕਿ ਪੰਜਾਬ ਵਿੱਚ ਕਤਲ, ਲੁੱਟ-ਖੋਹ ਅਤੇ ਨਸ਼ੇ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਤੋਂ ਅਵੇਸਲੇ ਹੋ ਕੇ ਹੋਰਾਂ ਰਾਜਾਂ ਅੰਦਰ ‘ਆਪ’ ਦੇ ਚੋਣ ਪ੍ਰਚਾਰ ਵਿਚ ਮਸਰੂਫ਼ ਹਨ।
ਉਨ੍ਹਾਂ ਕਿਹਾ ਕਿ ਪੌਣੇ ਦੋ ਸਾਲਾਂ ’ਚ ਹੀ ਪੰਜਾਬੀਆਂ ਦਾ ‘ਆਪ’ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ, ਜਿਸ ਦਾ ਖ਼ਮਿਆਜ਼ਾ ‘ਆਪ’ ਨੂੰ ਆਗਾਮੀ ਲੋਕ ਸਭਾ ਚੋਣਾਂ ’ਚ ਭੁਗਤਣਾ ਪਵੇਗਾ। ਜ਼ਿਲ੍ਹਾ ਪ੍ਰ੍ਰਧਾਨ ਐਡਵੋਕੇਟ ਰਾਜਨ ਗਰਗ, ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ, ਬੀਬੀ ਕਿਰਨਦੀਪ ਕੌਰ ਵਿਰਕ, ਨੌਜਵਾਨ ਆਗੂ ਰਮਨ ਢਿੱਲੋਂ, ਰੁਪਿੰਦਰ ਬਿੰਦਰਾ, ਸੀਨੀਅਰ ਕਾਂਗਰਸੀ ਆਗੂ ਅਰੁਣ ਵਧਾਵਣ, ਅਸ਼ੋਕ ਕੁਮਾਰ, ਕੇਕੇ ਅਗਰਵਾਲ, ਮਾਸਟਰ ਹਰਿਮੰਦਰ ਸਿੰਘ, ਬਲਜਿੰਦਰ ਠੇਕੇਦਾਰ ਨੇ ਕਿਹਾ ਕਿ ਅੱਜ ਵੱਖ-ਵੱਖ ਵਰਗਾਂ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਲੋਕ ਘਰਾਂ ਵਿੱਚ ਵੜੇ ਰਹਿਣ ਲਈ ਮਜਬੂਰ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਦਾ ਲੋਕ ਮੁੱਦਿਆਂ ’ਤੇ ਡਟ ਕੇ ਲੜਾਈ ਲੜਦੀ ਰਹੀ ਹੈ, ਜਿਸ ਲਈ ਕਾਂਗਰਸ ਨੇ ਵੱਡੀਆਂ ਕੁਰਬਾਨੀਆਂ ਵੀ ਦਿੱਤੀਆਂ ਹਨ ਅਤੇ ਹੁਣ ਵੀ ਸਰਕਾਰ ਨੂੰ ਚੋਣਾਂ ਵੇਲੇ ਕੀਤੇ ਵਾਅਦੇ ਪੂਰੇ ਕਰਵਾਉਣ ਅਤੇ ਵਿਗੜ ਰਹੀ ਅਮਨ ਕਾਨੂੰਨ ਦੀ ਸਥਤਿੀ ਲਈ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗੀ। ਮਾਰਚ ਦੌਰਾਨ ਗੁਰਾ ਸਿੰਘ, ਰਮੇਸ਼ ਰਾਣੀ, ਬਲਵੰਤ ਰਾਏ ਨਾਥ, ਕਿਰਨਜੀਤ ਸਿੰਘ ਗਹਿਰੀ, ਟਹਿਲ ਸਿੰਘ ਸੰਧੂ, ਟਹਿਲ ਸਿੰਘ ਬੁੱਟਰ, ਮਲਕੀਤ ਸਿੰਘ, ਵਿਪਨ ਕੁਮਾਰ, ਸਾਧੂ ਸਿੰਘ, ਜਗਪਾਲ ਗੋਰਾ, ਉਮੇਸ਼ ਕੁਮਾਰ ਗੋਗੀ, ਪਵਨ ਮਾਨੀ, ਚਰਨਜੀਤ ਭੋਲਾ, ਰਣਜੀਤ ਸਿੰਘ, ਜਗਮੀਤ ਸਿੰਘ, ਬਲਜੀਤ ਸਿੰਘ, ਗੁਰਵਿੰਦਰ ਸਿੰਘ, ਸੁਸ਼ੀਲ ਕੁਮਾਰ, ਸੰਦੀਪ ਵਰਮਾ, ਹਰੀ ਓਮ ਠਾਕੁਰ, ਹਰਮੇਸ਼ ਪੱਕਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਸ਼ਾਮਲ ਹੋਏ।
ਗੈਂਗਸਟਰ ਹਰਸ਼ ਡਾਲਾ ਨੇ ਕਾਰੋਬਾਰੀ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ
ਬਠਿੰਡਾ: ਇਥੋਂ ਦੀ ਮਾਲ ਰੋਡ ’ਤੇ ਬੀਤੇ ਦਿਨੀਂ ਉੱਘੇ ਕਾਰੋਬਾਰੀ ਹਰਜਿੰਦਰ ਸਿੰਘ ਉਰਫ਼ ਮੇਲਾ ਦੀ ਹੱਤਿਆ ਕਰਨ ਦੀ ਜ਼ਿੰਮੇਵਾਰੀ ਗੈਂਗਸਟਰ ਹਰਸ਼ ਡਾਲਾ ਨੇ ਲਈ ਹੈ। ਅੱਜ ਗੈਂਗਸਟਰ ਡਾਲਾ ਨੇ ਫੇਸਬੁੱਕ ਪੋਸਟ ਰਾਹੀਂ ਆਖਿਆ ਕਿ ਪਿਛਲੇ ਦਿਨੀਂ ਮਾਲ ਰੋਡ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਮੇਲਾ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਨੇ ਇਸ ਕਤਲ ਦੀ ਪੂਰੀ ਜ਼ਿੰਮੇਵਾਰੀ ਲਈ ਹੈ। ਗੈਂਗਸਟਰ ਡੱਲਾ ਨੇ ਆਖਿਆ ਕਿ ਮੇਲਾ ਨਾਲ ਉਨ੍ਹਾਂ ਦਾ ਮਲਟੀ ਸਟੋਰੀ ਪਾਰਕਿੰਗ ਠੇਕੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਉਸ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਕਿ ਉਹ ਉਨ੍ਹਾਂ ਦੇ ਕੰਮ ਵਿਚ ਦਖ਼ਲ ਨਾ ਦੇਵੇ ਪਰ ਉਹ ਸਮਝਣ ਨੂੰ ਤਿਆਰ ਨਹੀਂ ਸੀ, ਜਿਸ ਕਾਰਨ ਉਸ ਨੇ ਕਾਰੋਬਾਰੀ ਦੀ ਹੱਤਿਆ ਕਰਵਾਈ ਹੈ। -ਨਿੱਜੀ ਪੱਤਰ ਪ੍ਰੇਰਕ