For the best experience, open
https://m.punjabitribuneonline.com
on your mobile browser.
Advertisement

ਲੋਕਾਂ ਨੂੰ ਮਿਲਣ ਦਾ ਕੋਈ ਮੌਕਾ ਨਹੀਂ ਛੱਡ ਰਹੇ ਉਮੀਦਵਾਰ

10:29 AM Apr 22, 2024 IST
ਲੋਕਾਂ ਨੂੰ ਮਿਲਣ ਦਾ ਕੋਈ ਮੌਕਾ ਨਹੀਂ ਛੱਡ ਰਹੇ ਉਮੀਦਵਾਰ
ਅੰਮ੍ਰਿਤਸਰ ਵਿੱਚ ਚਾਹ ਪੀਣ ਸਮੇਂ ਲੋਕਾਂ ਨਾਲ ਸੈਲਫੀ ਲੈਂਦੇ ਹੋਏ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ।
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 21 ਅਪਰੈਲ
ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਐਤਵਾਰ ਦਾ ਲਾਹਾ ਲੈਂਦਿਆਂ ਸਵੇਰੇ ਸੈਰ ਕਰਨ ਵਾਲੀਆਂ ਥਾਵਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਵੱਖ-ਵੱਖ ਥਾਵਾਂ ’ਤੇ ਲੋਕਾਂ ਨਾਲ ਬੈਠ ਕੇ ਚਾਹ ਦੀਆਂ ਚੁਸਕੀਆਂ ਲੈਂਦਿਆਂ ਚੋਣ ਚਰਚਾ ਵੀ ਕੀਤੀ।
ਸ੍ਰੀ ਔਜਲਾ ਅੱਜ ਸਵੇਰੇ ਹੀ ਕੰਪਨੀ ਬਾਗ ਨੇੜੇ ਲੋਕਾਂ ਨੂੰ ਮਿਲਣ ਲਈ ਪਹੁੰਚ ਗਏ ਸਨ। ਉਹ ਲੋਕਾਂ ਨੂੰ ਮਿਲਣ ਲਈ ਨਾਵਲਟੀ ਚੌਕ ਅਤੇ ਗਿਆਨੀ ਟੀ ਸਟਾਲ ਵੀ ਪੁੱਜੇ। ਉਹ ਇੱਥੇ ਮੌਜੂਦ ਬੱਚਿਆਂ, ਬਜ਼ੁਰਗਾਂ ਅਤੇ ਨੌਜਵਾਨਾਂ ਨੂੰ ਮਿਲੇ। ਔਜਲਾ ਨੇ ਲੋਕਾਂ ਨਾਲ ਸੈਲਫੀਆਂ ਵੀ ਲਈਆਂ ਅਤੇ ਚੋਣ ਮਾਹੌਲ ਬਾਰੇ ਚਰਚਾ ਕੀਤੀ। ਇਸ ਦੌਰਾਨ ਸ੍ਰੀ ਔਜਲਾ ਨੇ ਕਿਹਾ ਕਿ ਉਹ ਗੁਰੂ ਨਗਰੀ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਹਨ ਅਤੇ ਪਹਿਲਾਂ ਵਾਂਗ ਅੱਜ ਵੀ ਲੋਕ ਉਨ੍ਹਾਂ ਨਾਲ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਕਾਂਗਰਸੀ ਉਮੀਦਵਾਰ ਸ੍ਰੀ ਔਜਲਾ ਇਸ ਵਾਰ ਇਸ ਸੰਸਦੀ ਹਲਕੇ ਤੋਂ ਤੀਜੀ ਵਾਰ ਚੋਣ ਲੜ ਰਹੇ ਹਨ। ਉਹ ਪਹਿਲਾਂ 2017 ਵਿੱਚ ਉਪ ਚੋਣ ਅਤੇ 2019 ਵਿੱਚ ਲੋਕ ਸਭਾ ਚੋਣ ਲੜ ਚੁੱਕੇ ਹਨ ਅਤੇ ਦੋਵੇਂ ਵਾਰ ਵੱਡੇ ਫਰਕ ਨਾਲ ਜਿੱਤੇ ਸਨ। ਹਾਲ ਹੀ ਵਿੱਚ ਸੰਸਦ ਵਿੱਚ ਜਦੋਂ ਕੁਝ ਵਿਅਕਤੀਆਂ ਵੱਲੋਂ ਵਿਸਫੋਟਕ ਸਮੱਗਰੀ ਸੁੱਟੀ ਗਈ ਸੀ ਤਾਂ ਉਸ ਵੇਲੇ ਸ੍ਰੀ ਔਜਲਾ ਨੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦਾ ਹੱਥ ਵੀ ਸੜ ਗਿਆ ਸੀ ।
ਕਾਂਗਰਸੀ ਉਮੀਦਵਾਰ ਨੇ ਬੀਤੇ ਦਿਨ ਨਾਰਾਜ਼ ਚੱਲ ਰਹੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨਾਲ ਵੀ ਮੁਲਾਕਾਤ ਕੀਤੀ ਹੈ ਅਤੇ ਨਾਰਾਜ਼ਗੀ ਦੂਰ ਕਰਨ ਦਾ ਯਤਨ ਕੀਤਾ। ਸੋਨੀ ਇਸ ਵਾਰ ਖੁਦ ਚੋਣ ਲੜਨ ਦੇ ਇੱਛੁਕ ਸਨ।

Advertisement

ਤਰਨ ਤਾਰਨ ਵਿੱਚ ਚੋਣ ਸਰਗਰਮੀਆਂ ਨੇ ਨਾ ਫੜੀ ਤੇਜ਼ੀ

ਤਰਨ ਤਾਰਨ(ਪੱਤਰ ਪ੍ਰੇਰਕ): ਜ਼ਿਲ੍ਹਾ ਤਰਨ ਤਾਰਨ ਅੰਦਰ ਚੋਣ ਸਰਗਰਮੀਆਂ ਨੇ ਅਜੇ ਤੇਜ਼ੀ ਨਹੀਂ ਫੜੀ। ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ‘ਆਪ’ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਦੂਜੀਆਂ ਸਿਆਸੀ ਧਿਰਾਂ ਤੋਂ ਪਹਿਲਾਂ ਉਮੀਦਵਾਰ ਐਲਾਨਿਆ ਹੋਇਆ ਹੈ। ਕੁਝ ਚਿਰ ਪਹਿਲਾਂ ਭਾਜਪਾ ਨੇ ਵੀ ਅਕਾਲੀ ਦਲ ’ਚੋਂ ਆਏ, ਤਿੰਨ ਵਾਰ ਵਿਧਾਇਕ ਰਹੇ ਮਨਜੀਤ ਸਿੰਘ ਮੰਨਾ ਨੂੰ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਹੈ। ਕਾਂਗਰਸ ਤੇ ਅਕਾਲੀ ਦਲ ਨੇ ਅਜੇ ਤੱਕ ਨਾ ਤਾਂ ਆਪਣੇ ਉਮੀਦਵਾਰਾਂ ਦੇ ਨਾਂ ਐਲਾਨੇ ਹਨ ਅਤੇ ਨਾ ਹੀ ਇਨ੍ਹਾਂ ਧਿਰਾਂ ਕੋਲ ਆਪਣਾ ਬੱਝਵਾਂ ਕਾਡਰ ਹੋਣ ਦੇ ਬਾਵਜੂਦ ਚੋਣ ਸਰਗਰਮੀਆਂ ਸ਼ੁਰੂ ਕੀਤੀਆਂ ਗਈਆਂ ਹਨ। ਸੀਪੀਆਈ ਨੇ ਇਸ ਹਲਕੇ ਤੋਂ ਗੁਰਦਿਆਲ ਸਿੰਘ ਖਡੂਰ ਸਾਹਿਬ ਨੂੰ ਮੈਦਾਨ ਵਿੱਚ ਉਤਾਰਨ ਦਾ ਐਲਾਨ ਕੀਤਾ ਹੈ। ਅਕਾਲੀ ਦਲ (ਅੰਮ੍ਰਿਤਸਰ), ਬਸਪਾ ਸਣੇ ਹੋਰਨਾਂ ਧਿਰਾਂ ਨੇ ਵੀ ਇਸ ਵਾਰ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹਲਕੇ ਤੋਂ ਅੱਜ ਤੱਕ ਦੀਆਂ ਸਿਆਸੀ ਗਤੀਵਿਧੀਆਂ ਦੇ ਹਿਸਾਬ ਨਾਲ ਆਮ ਆਦਮੀ ਪਾਰਟੀ ਪ੍ਰਚਾਰ ਵਿੱਚ ਮੋਹਰੀ ਚੱਲ ਰਹੀ ਹੈ

Advertisement
Author Image

sukhwinder singh

View all posts

Advertisement
Advertisement
×