For the best experience, open
https://m.punjabitribuneonline.com
on your mobile browser.
Advertisement

ਕਸਰ

06:12 AM Aug 21, 2024 IST
ਕਸਰ
Advertisement

ਜਸਬੀਰ ਢੰਡ

ਉਹ ਪਿੰਡ ਚਿੜੀ ਦੇ ਪੌਂਚੇ ਜਿੱਡਾ ਸੀ ਜਿੱਥੇ ਸਾਡੇ ਪਰਿਵਾਰ ਨੇ ਦਸ ਸਾਲ ਦਸੌਂਟਿਆਂ ਭਰੀ ਜ਼ਿੰਦਗੀ ਸਬਰ ਸੰਤੋਖ ਨਾਲ ਬਤੀਤ ਕੀਤੀ ਸੀ। ਉਦੋਂ ਪ੍ਰਾਇਮਰੀ ਸਕੂਲ ਚੌਥੀ ਤੱਕ ਹੁੰਦੇ ਸਨ। ਪਿੰਡ ਵਿੱਚ ਪ੍ਰਾਇਮਰੀ ਸਕੂਲ ਸੀ। ਇਸ ਲਈ ਹਾਈ ਸਕੂਲ ਦੀ ਪੜ੍ਹਾਈ ਲਈ ਨਾਲ ਦੇ ਪਿੰਡ ਢਾਈ ਮੀਲ ਤੁਰ ਕੇ ਜਾਣਾ ਆਉਣਾ ਪੈਂਦਾ ਸੀ। ਸ਼ਹਿਰ ਨੂੰ ਜਾਣ ਵਾਲਾ ਰਾਹ ਕੱਚਾ ਸੀ। ਹੋਰ ਤਾਂ ਹੋਰ ਪਿੰਡ ਵਿੱਚ ਆਟੇ ਵਾਲੀ ਚੱਕੀ ਵੀ ਨਹੀਂ ਸੀ। ਵਕਤ ਨਾਲ ਘੁਲਦਿਆਂ ਦਸਵੀਂ ਫਸਟ ਡਿਵੀਜ਼ਨ ਨਾਲ ਪਾਸ ਕਰ ਲਈ। ਸਾਲ ਕੁ ਵਿਹਲਾ ਰਿਹਾ। ਫੇਰ ਮੈਨੂੰ ਜੇ.ਬੀ.ਟੀ. ਵਿੱਚ ਦਾਖਲਾ ਮਿਲ ਗਿਆ। ਮਹੀਨੇ ਵਿੱਚ ਇੱਕ ਅੱਧ ਵਾਰ ਹੀ ਗੇੜਾ ਲਗਦਾ ਸੀ ਪਿੰਡ ਦਾ।
ਦੀਵਾਲੀ ਦੀਆਂ ਛੁੱਟੀਆਂ ਵਿੱਚ ਘਰ ਆਇਆ ਤਾਂ ਮੈਂ ਪਿੰਡ ਦੀ ਫ਼ਿਜ਼ਾ ਵਿੱਚ ਅਜੀਬ ਜਿਹਾ ਉਤਸ਼ਾਹ ਮਹਿਸੂਸ ਕੀਤਾ। ਸਾਰੇ ਪਿੰਡ ਵਿੱਚ ਨਿਆਣੇ ਉਂਜ ਹੀ ਛਾਲਾਂ ਮਾਰਦੇ ਭੱਜੇ ਫਿਰ ਰਹੇ ਸਨ। ਜਿੱਥੇ ਵੀ ਦੋ ਔਰਤਾਂ ਮਿਲਦੀਆਂ, ‘ਬਾਬੇ’ ਦੀਆਂ ਗੱਲਾਂ ਕਰਨ ਲੱਗ ਪੈਂਦੀਆਂ। ਪਿੰਡ ਦਾ ਸਾਧਾਰਨ ਜਿਹਾ ਬੰਦਾ ‘ਬਾਬਾ’ ਬਣ ਗਿਆ ਸੀ।
‘‘ਲੈ ਭੈਣੇ! ਆਪਣੇ ਕਰਮ ਤਾਂ ਬਲਾਂ ਈ ਚੰਗੇ ਐ! ਦੇਖ! ਲੰਬੜਾਂ ਦੀ ਕੈਲੋ ਨੂੰ ਕਿੰਨਾ ਚਿਰ ਹੋ ਗਿਆ ਸੀ ਕਸਰ ਆਉਂਦੀ ਨੂੰ। ਕੋਈ ਡਾਕਟਰ ਨ੍ਹੀਂ ਸੀ ਛੱਡਿਆ। ਬਾਬੇ ਦੇ ਇੱਕ ਥ੍ਹੌਲੇ (ਹਥੌਲੇ) ਨੇ ਚੰਗੀ ਭਲੀ ਕਰ’ਤੀ। ਚਾਰ ਚੌਂਕੀਆਂ ਨਾਲ ਨੌਂ-ਬਰ-ਨੌਂ ਹੋ ਗਈ। ਵੱਢ ਖਾਣਿਆਂ ਦੇ ਪੀਤੇ ਨੂੰ ਕਿੰਨਾ ਚਿਰ ਹੋ ਗਿਆ ਸੀ ਪਾਗਲ ਜਿਹਾ ਹੋਇਆ ਫਿਰਦਾ ਸੀ, ਬਾਬੇ ਦੇ ਥ੍ਹੌਲੇ ਨੇ ਜਮਾਂ ਠੀਕ ਕਰ’ਤਾ...?’’ ਫੇਰ ਦੂਜੀ ਬੁੜ੍ਹੀ ਲੱਗ ਜਾਂਦੀ ਬਾਬੇ ਦੀਆਂ ਕਰਾਮਾਤਾਂ ਗਿਣਾਉਣ...।
ਪਿੰਡ ਦੇ ਵਿਚਾਲੇ ਇੱਕ ਭੀੜੀ ਜਿਹੀ ਬੀਹੀ ਵਿੱਚ ਸਾਧਾਰਨ ਜਿਹੇ ਆਦਮੀ ਦਾ ਘਰ ਸੀ। ਦੋ ਭਰਾ, ਛੇ ਕਿੱਲੇ ਜ਼ਮੀਨ... ਦੋਵੇਂ ਛੜੇ। (ਜ਼ਮੀਨਾਂ ਥੋੜ੍ਹੀਆਂ ਤੇ ਕੱਲਰ ਮਾਰੀਆਂ ਹੋਣ ਕਰਕੇ ਪਿੰਡ ਵਿੱਚ ਛੜਿਆਂ ਦੀ ਗਿਣਤੀ ਵਧੇਰੇ ਸੀ) ਅਚਾਨਕ ਵੱਡੇ ਭਰਾ ਨੇ ਵਾਹੀ ਛੱਡਣ ਦਾ ਐਲਾਨ ਕਰ ਦਿੱਤਾ। ਆਪਣੇ ਵਾਲੀ ਪੈਲੀ ਵੀ ਛੋਟੇ ਨੂੰ ਸੰਭਾਲ ਦਿੱਤੀ। ਆਪ ਨਿੱਤਨੇਮ ਨਾਲ ਧਾਰਮਿਕ ਸਥਾਨ ’ਤੇ ਜਾਣ ਲੱਗਿਆ। ਲੋਕ ਉਸ ਨੂੰ ਹੀ ਮੱਥਾ ਟੇਕਣ ਲੱਗ ਪਏ। ਬੱਚੇ ਦੋਵੇਂ ਹੱਥ ਜੋੜ ਸਤਿ ਸ੍ਰੀ ਅਕਾਲ ਬੁਲਾਉਂਦੇ... ‘ਬਾਬਾ ਜੀ’ ਆਖਦੇ। ਉਹ ਵੀਰਵਾਰ ਦੀ ਰਾਤ ਨੂੰ ਘਰੇ ਚੌਂਕੀ ਲਾਉਣ ਲੱਗ ਪਿਆ ਸੀ। ਪਤਾ ਨਹੀਂ ਕਿੱਧਰੋਂ ਚਾਰ ਚੇਲੇ ਆਪਣੇ ਨਾਲ ਜੋੜ ਕੇ ਪੂਰੀ ਮੰਡਲੀ ਬਣਾ ਲਈ ਸੀ। ਇੱਕ ਜਣਾ ਚਿਮਟਾ, ਦੂਜਾ ਛੈਣੇ, ਤੀਜਾ ਢੋਲਕੀ ਵਜਾਉਂਦਾ। ਚੌਥੇ ਦੀ ਆਵਾਜ਼ ਵਧੀਆ ਸੀ। ਸਾਜ਼ਾਂ ਤੇ ਇੱਕਸੁਰ ਹੋ ਕੇ ਧਾਰਨਾ ਲਾਉਂਦੇ ਤਾਂ ਲੋਕ ਵਜਦ ਵਿੱਚ ਆ ਕੇ ਆਪਣੇ ਸਿਰ ਹਿਲਾਉਣ ਲੱਗਦੇ। ਫੇਰ ਚੌਂਕੀ ਸ਼ੁਰੂ ਹੋ ਜਾਂਦੀ। ਪੁੱਛਾਂ ਦਾ ਦੌਰ ਸ਼ੁਰੂ ਹੋ ਜਾਂਦਾ। ਕਿਸੇ ਅਹੁਰ ਵਾਲੇ ਨੂੰ ਪਤਾਸੇ, ਕਿਸੇ ਨੂੰ ਇਲਾਇਚੀ, ਕਿਸੇ ਨੂੰ ਲੌਂਗ ਪ੍ਰਸ਼ਾਦ ਵਜੋਂ ਮਿਲਦਾ। ਲੋਕ ਵੀ ਸ਼ਰਧਾ ਅਨੁਸਾਰ ਕਣਕ, ਆਟਾ, ਗੁੜ, ਘਰ ਦੇ ਕੱਤੇ ਖੇਸ ਬਾਬਾ ਜੀ ਨੂੰ ਭੇਟ ਕਰਦੇ।
ਅਗਲੀ ਵਾਰ ਪਿੰਡ ਆਇਆ ਤਾਂ ਇੰਜ ਲੱਗਾ ਜਿਵੇਂ ਪਿੰਡ ਵਿੱਚ ਵਿਆਹ ਧਰਿਆ ਹੁੰਦਾ ਹੈ। ਲੋਕ ਕਹੀਆਂ ਚੁੱਕੀ ਫਿਰਦੇ ਸਨ। ਮੇਰੇ ਦੋਸਤ ਬਲਜਿੰਦਰ ਨੇ ਦੱਸਿਆ ਕਿ ਬਾਬਾ ਜੀ ਨੂੰ ਸੁਫਨਾ ਆਇਆ ਹੈ ਕਿ ਉਨ੍ਹਾਂ ਦੇ ਖੇਤ ਵਿੱਚ ਕਿਸੇ ਮਹਾਪੁਰਖ ਨੇ ਚਰਨ ਪਾਏ ਸਨ। ਹੁਣ ਏਥੇ ਖੂਹ ਬਣਾਵਾਂਗੇ ਤਾਂ ਕਿ ਪਿੰਡ ਵਿੱਚ ਪਾਣੀ ਦੀ ਕਿੱਲਤ ਨਾ ਰਹੇ। ਮਾਈਆਂ ਨੇ ਕਣਕ, ਆਟਾ, ਗੁੜ, ਖੇਸਾਂ ਆਦਿ ਦੇ ਢੇਰ ਲਾ ਦਿੱਤੇ ਸਨ। ਲੰਗਰ ਸਵੇਰ ਤੋਂ ਅਤੁੱਟ ਚੱਲ ਰਿਹਾ ਸੀ। ਇੱਕ ਪਾਸੇ ਵੱਡੇ ਦੇਗੇ ਵਿੱਚ ਚੇਲੇ ਚਾਹ ਵਰਤਾ ਰਹੇ ਸਨ। ਢੋਲ ਵੱਜ ਰਿਹਾ ਸੀ। ਨਿਆਣੇ ਨੱਚਦੇ ਫਿਰਦੇ ਸਨ। ‘ਬਾਬਾ ਜੀ’ ਦਾ ਜਲੌਅ ਆਪਣੇ ਸਿਖ਼ਰ ’ਤੇ ਸੀ। ਮੱਥਾ ਟੇਕਣ ਵਾਲਿਆਂ ਦੀ ਕਤਾਰ ਟੁੱਟ ਨਹੀਂ ਸੀ ਰਹੀ। ਅਗਲੀ ਵਾਰੀ ਪਿੰਡ ਆਇਆ ਤਾਂ ਇੰਜ ਜਾਪਿਆ ਜਿਵੇਂ ਉਹ ਸਾਰੀਆਂ ਰੌਣਕਾਂ ਕਿਧਰੇ ਛਾਈਂ-ਮਾਈਂ ਹੋ ਗਈਆਂ ਸਨ। ਪਿੰਡ ਦੀ ਫ਼ਿਜ਼ਾ ਉਦਾਸ ਸੀ। ਪਾਸਾ ਮੂਧਾ ਵੱਜਾ ਪਿਆ ਸੀ। ਉਹ ਕੁਝ ਵਾਪਰਿਆ ਜਿਸ ਦਾ ਮੈਨੂੰ ਪਹਿਲਾਂ ਹੀ ਖਦਸ਼ਾ ਸੀ।
ਬਾਬਿਆਂ ਦੀ ਇੱਕ ਬਿਰਧ ਭੂਆ ਕਾਫ਼ੀ ਦੇਰ ਤੋਂ ‘ਰੁੱਝੀ’ ਹੋਈ ਸੀ। ਕਿਧਰੋਂ ਵੀ ਆਰਾਮ ਨਹੀਂ ਆ ਰਿਹਾ ਸੀ। ਉਨ੍ਹਾਂ ਨੂੰ ਕਿਸੇ ਨੇ ਆਪਣੇ ਘਰ ਦੇ ਬਾਬੇ ਨੂੰ ਵਿਖਾਉਣ ਦੀ ਸਲਾਹ ਦਿੱਤੀ। ਭੂਆ ਦੇ ਘਰ ਦੇ ਭੂਆ ਨੂੰ ਮੰਜੇ ’ਤੇ ਪਾ ਕੇ ਬਾਬਿਆਂ ਕੋਲ ਲੈ ਆਏ ...ਤੇ ਅੰਤ ਉਹੀ ਹੋਇਆ ਜੋ ਹੋਣਾ ਸੀ। ਮਾਈ, ਭੰਗ ਨਾਲ ਰੱਜੇ ਚੇਲਿਆਂ ਦੇ ਅੜਿੱਕੇ ਚੜ੍ਹ ਗਈ। ਮਾਈ ਦੇ ਅੰਦਰ ਦੀ ਕਸਰ ਕੱਢਣ ਲਈ ਉਨ੍ਹਾਂ ਆਪਣੇ ਚਿਮਟੇ ਦੀ ਵਰਤੋਂ ਖ਼ੂਬ ਖੁੱਲ੍ਹ ਕੇ ਕੀਤੀ। ਨਤੀਜਾ ਉਹੀ ਹੋਇਆ ਜਿਹੋ ਜਿਹਾ ਇਹੋ ਜਿਹੇ ਕੇਸਾਂ ਵਿੱਚ ਹੁੰਦਾ ਹੈ। ਬਿਮਾਰੀ ਦੀ ਪਹਿਲਾਂ ਹੀ ਭੰਨੀ ਮਾਈ ਚਲਾਣਾ ਕਰ ਗਈ। ਬਾਬਾ ਤੇ ਚੇਲਾ ਡਰਦੇ ਮਾਰੇ ਭੱਜਣ ਤੋਂ ਪਹਿਲਾਂ ਮਾਈ ਨੂੰ ਖੇਤ ਵਿੱਚ ਪਏ ਛਿਟੀਆਂ ਦੇ ਢੇਰ ਉੱਤੇ ਧਰ ਕੇ ਲਾਂਬੂ ਲਾ ਗਏ। ਬਾਅਦ ਵਿੱਚ ਸਣੇ ਬਾਬੇ ਦੇ ਚੇਲਿਆਂ ਨੂੰ ਕੈਦ ਹੋ ਗਈ। ਸਾਰੇ ਕਾਂਡ ਦਾ ਅੰਤ ਹੋ ਗਿਆ। ਬਲਜਿੰਦਰ ਕਹਿ ਰਿਹਾ ਸੀ ਕਿ ਇਸ ਕਾਂਢ ਮਗਰੋਂਂ ਹੁਣ ਕੋਈ ਬੂਬਨਾ ਸਾਡੇ ਪਿੰਡ ਦੇ ਨੇੜ ਦੀ ਲੰਘਣ ਲੱਗਾ ਵੀ ਤ੍ਰਭਕਦਾ ਹੈ ਤੇ ਪਿੰਡ ਵਾਲਿਆਂ ਨੂੰ ਵੀ ਬਾਬਿਆਂ ਦੀ ਅਸਲੀਅਤ ਸਮਝ ਆ ਗਈ ਹੈ।
ਸੰਪਰਕ: 94172-87399

Advertisement

Advertisement
Author Image

joginder kumar

View all posts

Advertisement
×