ਗੁਲਜ਼ਾਰ ਗਰੁੱਪ ’ਚ ਕੈਂਸਰ ਜਾਗਰੂਕਤਾ ਸੈਮੀਨਾਰ
ਨਿੱਜੀ ਪੱਤਰ ਪ੍ਰੇਰਕ
ਖੰਨਾ, 7 ਅਕਤੂਬਰ
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵੱਲੋਂ ਨੌਜਵਾਨਾਂ ਨੂੰ ਭਾਰਤ ਵਿੱਚ ਲਗਾਤਾਰ ਪੈਰ ਪਸਾਰ ਰਹੇ ਕੈਂਸਰ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਫੋਰਟਿਸ ਹਸਪਤਾਲ ਤੋਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਡਾ. ਸ਼ਿਵਾਨੀ ਗਰਗ ਨੇ ਵਿਦਿਆਰਥੀਆਂ ਨੂੰ ਕੈਂਸਰ ਸਬੰਧੀ ਜਾਣਕਾਰੀ ਦਿੰਦਿਆਂ ਰੋਜ਼ਾਨਾ ਦੀਆਂ ਖਾਣ ਪੀਣ ਦੀਆਂ ਆਦਤਾਂ ਵਿੱਚ ਸੁਧਾਰ ਲਿਆਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕੈਂਸਰ ਦੀਆਂ ਕਈ ਕਿਸਮਾਂ ਹਨ ਪਰ ਭਾਰਤ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਸਭ ਤੋਂ ਆਮ ਫੇਫੜੇ, ਛਾਤੀ, ਸਰਵਾਈਕਲ, ਗਰਦਨ, ਦਿਮਾਗ ਅਤੇ ਕੋਲੋਰੈਕਟਲ ਕੈਂਸਰ ਹਨ, ਇਸ ਲਈ ਦੇਸ਼ ਭਰ ਵਿਚ ਵੱਧਦੇ ਕੈਂਸਰ ਕੇਸਾਂ ਦੇ ਅੰਕੜਿਆਂ ਜ਼ਰੀਏ ਸਮਾਜ ਵਿਚ ਜਾਗਰੂਕਤਾ ਫੈਲਾਉਣਾ ਸਮੇਂ ਦੀ ਲੋੜ ਹੈ। ਡਾ. ਗਰਗ ਨੇ ਕਿਹਾ ਕਿ ਹਰ ਸਾਲ ਭਾਰਤ ਵਿਚ 1.1 ਲੱਖ ਕੇਸ ਸਿਰਫ ਛਾਤੀ ਦੀ ਕੈਂਸਰ ਨਾਲ ਸਬੰਧਤ ਆਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਕੈਂਸਰ ਦੀਆਂ ਵੱਖ ਵੱਖ ਸਟੇਜਾਂ ਅਤੇ ਲੱਛਣਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਸਰ ਦਾ ਮੁੱਢਲੀ ਸਟੇਜ ਤੇ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਬੇਸ਼ੱਕ ਸੰਭਵ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਚੰਗੀ ਖੁਰਾਕ ਸਬੰਧੀ ਰੋਜ਼ਾਨਾ ਡਾਈਟ ਚਾਰਟ ਬਣਾਉਣ ਦੀ ਸਲਾਹ ਦਿੱਤੀ। ਇਸ ਮੌਕੇ ਚੇਅਰਮੈਨ ਗੁਰਸ਼ਰਨ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆਂ ਦੇਣ ਦੇ ਨਾਲ ਨਾਲ ਉਨ੍ਹਾਂ ਦੀ ਸਿਹਤ ਪ੍ਰਤੀ ਜਾਗਰੂਕ ਕਰਨਾ ਵੀ ਜ਼ਰੂਰੀ ਹੈ। ਅੰਤ ਵਿੱਚ ਡਾਇਰੈਕਟਰ ਡਾ. ਹਨੀ ਸ਼ਰਮਾ ਨੇ ਡਾ. ਗਰਗ ਵੱਲੋਂ ਦਿੱਤੀ ਵੱਡਮੁੱਲੀ ਜਾਣਕਾਰੀ ਲਈ ਧੰਨਵਾਦ ਕੀਤਾ।