For the best experience, open
https://m.punjabitribuneonline.com
on your mobile browser.
Advertisement

ਕੈਨੇਡੀਅਨ ਕਾਰੋਬਾਰੀ ਦੇ ਦਾਅਵੇ ਸਿੱਖਾਂ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼: ਸਿਰਸਾ

07:59 AM Nov 16, 2023 IST
ਕੈਨੇਡੀਅਨ ਕਾਰੋਬਾਰੀ ਦੇ ਦਾਅਵੇ ਸਿੱਖਾਂ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼  ਸਿਰਸਾ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਨਵੰਬਰ
ਭਾਜਪਾ ਆਗੂ ਤੇ ਦਿੱਲੀ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਕੈਨੇਡੀਅਨ ਕਾਰੋਬਾਰੀ ਜਗਮਨਦੀਪ ਸਿੰਘ ਵੱਲੋਂ ਇਕ ਵੀਡੀਓ ਵਿੱਚ ਵਿੱਤੀ ਲੈਣ ਦੇਣ ਦੇ ਲਾਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਵੀਡੀਓ ਨੂੰ ‘ਫਰਜ਼ੀ’ ਕਰਾਰ ਦਿੱਤਾ ਹੈ। ਸਿਰਸਾ ਨੇ ਕਿਹਾ ਕਿ ਗੁਰਦੁਆਰਿਆਂ ਦੇ ਖਾਤੇ ਪੂਰੀ ਤਰ੍ਹਾਂ ਪਾਰਦਰਸ਼ੀ ਹਨ ਤੇ ਇਹ ਸਿੱਖ ਕੌਮ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ। ਕਾਂਗਰਸ ਵੱਲੋਂ ਮੰਗਲਵਾਰ ਨੂੰ ਜਾਰੀ ਵੀਡੀਓ ਵਿੱਚ ਜਗਮਨਦੀਪ ਸਿੰਘ ਨੇ ਦਾਅਵਾ ਕੀਤਾ ਸੀ ਕਿ ਆਰਥਿਕ ਖੁਫੀਆ ਸੰਸਥਾਵਾਂ ਦੀ ਰਾਡਾਰ ਤੋਂ ਬਚਣ ਲਈ ਗੁਰਦੁਆਰਾ ਕਮੇਟੀ ਰਾਹੀਂ ਇਹ ਲੈਣ-ਦੇਣ ਕੀਤੇ ਗਏ ਸਨ। ਕਾਰੋਬਾਰੀ ਨੇ ਸਬੂਤ ਵਜੋਂ ਆਪਣੇ ਮੋਬਾਈਲ ’ਤੇ ਬੈਂਕ ਲੈਣ-ਦੇਣ ਅਤੇ ਚੈਟ ਦੀਆਂ ਤਸਵੀਰਾਂ ਦਿਖਾਈਆਂ ਸਨ। ਇਸ ਵੀਡੀਓ ਵਿੱਚ ਕੈਨੇਡੀਅਨ ਕਾਰੋਬਾਰੀ ਨੇ ਆਪਣੀ ਪਛਾਣ ਬਲੂਬੈਰੀ ਤੇ ਭੰਗ ਦੀ ਖੇਤੀ ਕਰਨ ਵਾਲੇ ਕਿਸਾਨ ਵਜੋਂ ਦੱਸਦਿਆਂ ਦਾਅਵਾ ਕੀਤਾ ਸੀ ਕਿ ਉਹ ਭਾਜਪਾ ਆਗੂ (ਸਿਰਸਾ) ਨੂੰ ਕਥਿਤ ਨਗ਼ਦ ਰਾਸ਼ੀ ਦਿੰਦਾ ਰਿਹਾ ਹੈ। ਜਗਮਨਦੀਪ ਸਿੰਘ ਦੇ ਦਾਅਵੇ ਮੁਤਾਬਕ ਸਿਰਸਾ ਵੱਲੋਂ ਨਗ਼ਦੀ ਲੈ ਕੇ ਅੱਗੇ ਵਾਇਰ ਤਬਾਦਲੇ ਦੇ ਰੂਟ ਰਾਹੀਂ ਮੰਤਰੀ (ਤੋਮਰ) ਦੇ ਪੁੱਤਰ(ਦੇਵੇਂਦਰ ਪ੍ਰਤਾਪ ਸਿੰਘ ਤੋਮਰ) ਨੂੰ ਦਿੱਤੀ ਜਾਂਦੀ ਸੀ। ਜਗਮਨਦੀਪ ਵੀਡੀਓ ਵਿੱਚ ਇਹ ਕਹਿੰਦਾ ਵੀ ਨਜ਼ਰ ਆਉਂਦਾ ਹੈ ਕਿ ‘ਇਹ 500 ਕਰੋੜ ਦਾ ਨਹੀਂ ਬਲਕਿ 10,000 ਕਰੋੜ ਦਾ ਮਾਮਲਾ ਹੈ।’’
ਸਿਰਸਾ ਨੇ ਇਸ ਵੀਡੀਓ ਨੂੰ ਸਿੱਖ ਕੌਮ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁਖੀ ਸਿਰਸਾ ਨੇ ਕਿਹਾ ਕਿ ਗੁਰਦੁਆਰਿਆਂ ਦੇ ਖਾਤੇ ਪੂਰੀ ਤਰ੍ਹਾਂ ਪਾਰਦਰਸ਼ੀ ਹਨ ਤੇ ਕਿਸੇ ਵੀ ਸਮੇਂ ਚੈੱਕ ਕੀਤੇ ਜਾ ਸਕਦੇ ਹਨ। ਸਿਰਸਾ ਨੇ ਐਕਸ ’ਤੇ ਲਿਖਿਆ, “ਉਹ ਸਾਰੇ ਜੋ ਇੱਕ ਵਾਇਰਲ ਵੀਡੀਓ ਵਿੱਚ ਕੀਤੇ ਗਏ ਗੈਰ-ਪ੍ਰਮਾਣਿਤ ਦਾਅਵਿਆਂ ਨੂੰ ਪ੍ਰਸਾਰਿਤ ਕਰ ਰਹੇ ਹਨ, ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਲਗਪਗ 130 ਕਰੋੜ ਰੁਪਏ ਦਾ ਹੈ ਜਦੋਂਕਿ ਵੀਡੀਓ ਵਿੱਚ 10,000 ਕਰੋੜ ਰੁਪਏ ਦੇ ਲੈਣ-ਦੇਣ ਦੀ ਗੱਲ ਕੀਤੀ ਗਈ ਹੈ।’’ ਸਿਰਸਾ ਨੇ ਮਾਣਹਾਨੀ ਦਾ ਕੇਸ ਦਾਇਰ ਕਰਨ ਦੀ ਧਮਕੀ ਦਿੰਦਿਆਂ ਕਿਹਾ ਕਿ ਅਜਿਹੀਆਂ ਵੀਡੀਓਜ਼ ਲੋਕਾਂ ਦੀ ਆਸਥਾ ’ਤੇ ਹਮਲਾ ਅਤੇ ਗੁਰਦੁਆਰਾ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹਨ।

Advertisement

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਦੋਸ਼ ਬੇਬੁਨਿਆਦ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਮੀਤ ਸਿੰਘ ਕਾਲਕਾ। -ਫੋਟੋ: ਮਾਨ ਰੰਜਨ ਭੂਈ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਵੀ ਕੈਨੇਡੀਅਨ ਕਾਰੋਬਾਰੀ ਜਗਮਨਦੀਪ ਸਿੰਘ ਲਾਏ ਦੋਸ਼ਾਂ ਨੂੰ ਬੇਤੁਕੇ ਤੇ ਬੇਬੁਨਿਆਦ ਦੱਸਦਿਆਂ ਕਿਹਾ ਕਿ ਇਨ੍ਹਾਂ ਦਾ ਮੁੱਖ ਮਕਸਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਨੂੰ ਵਿਦੇਸ਼ਾਂ ਤੋਂ ਫੰਡ ਪ੍ਰਾਪਤ ਕਰਨ ਲਈ ਕੇਂਦਰ ਸਰਕਾਰ ਨੇ ਐੱਫਸੀਆਰਏ ਤਹਿਤ ਪ੍ਰਵਾਨਗੀ ਦਿੱਤੀ ਸੀ ਤੇ ਇਕ-ਇਕ ਰੁਪਿਆ ਤੇ ਪੈਸਾ ਪਾਰਦਰਸ਼ੀ ਢੰਗ ਨਾਲ ਪ੍ਰਾਪਤ ਤੇ ਖਰਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਨੂੰ ਬਦਨਾਮ ਕਰਨ ਵਾਲੇ ਸਰਨਾ ਭਰਾਵਾਂ ਦੀ ਜਵਾਬਤਲਬੀ ਹੋਵੇ। ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਲਾਏ ਦੋਸ਼ਾਂ ’ਤੇ ਕਾਹਲੋਂ ਨੇ ਬੈਂਸ ਤੇ ਸਮੁੱਚੇ ਵਿਰੋਧੀਆਂ ਨੂੰ ਚੁਣੌਤੀ ਦਿੱਤੀ ਕਿ ਉਹ ਜਾਂਚ ਕਰ ਸਕਦੇ ਹਨ, ਨਹੀਂ ਤਾਂ ਮਾਣਹਾਨੀ ਕੇਸ ਲਈ ਤਿਆਰ ਰਹਿਣ। ਚੇਤੇ ਰਹੇ ਕਿ ਪਰਮਜੀਤ ਸਿੰਘ ਸਰਨਾ ਨੇ ਮੰਗ ਕੀਤੀ ਸੀ ਕਿ ਸਿਰਸਾ ਦਾ ਪਿਛੋਕੜ ਦੇਖਦੇ ਹੋਏ ਇਸ ਮਾਮਲੇ ਦੀ ਜਾਂਚ ਈਡੀ ਨੂੰ ਸੌਂਪੀ ਜਾਵੇ।

Advertisement
Author Image

sukhwinder singh

View all posts

Advertisement
Advertisement
×