ਕੈਨੇਡਾ ਦੀ ਢਿੱਲ
ਲੰਘੇ ਐਤਵਾਰ ਟੋਰਾਂਟੋ ਵਿੱਚ ਹੋਏ ਇੱਕ ਜਨਤਕ ਸਮਾਗਮ ਦੌਰਾਨ ਖ਼ਾਲਿਸਤਾਨ ਪੱਖੀ ਨਾਅਰੇ ਲਾਏ ਜਾਣ ਦੀਆਂ ਰਿਪੋਰਟਾਂ ਆਈਆਂ ਸਨ ਜਿਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੌਜੂਦ ਸਨ। ਇਸ ਘਟਨਾ ਤੋਂ ਭਾਰਤ ਵਲੋਂ ਲਾਏ ਜਾਂਦੇ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਹੁੰਦੀ ਹੈ ਕਿ ਕੈਨੇਡਾ ਵਿੱਚ ਵੱਖਵਾਦ, ਅਤਿਵਾਦ ਅਤੇ ਹਿੰਸਾ ਲਈ ਸਿਆਸੀ ਸਪੇਸ ਮੁਹੱਈਆ ਕਰਵਾਈ ਜਾਂਦੀ ਹੈ। ਭਾਰਤ ਨੇ ਸੋਮਵਾਰ ਨੂੰ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕਰ ਕੇ ਇਸ ਘਟਨਾ ਪ੍ਰਤੀ ਸਖ਼ਤ ਰੋਸ ਜਤਾਇਆ ਹੈ ਅਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਇਸ ਘਟਨਾ ਨੂੰ ਪ੍ਰੇਸ਼ਾਨਕੁਨ ਕਰਾਰ ਦਿੱਤਾ ਹੈ। ਨਵੀਂ ਦਿੱਲੀ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਨਾ ਕੇਵਲ ਭਾਰਤ-ਕੈਨੇਡਾ ਸਬੰਧਾਂ ’ਤੇ ਅਸਰ ਪੈਂਦਾ ਹੈ ਸਗੋਂ ਕੈਨੇਡਾ ਵਿੱਚ ਹਿੰਸਾ ਅਤੇ ਅਪਰਾਧ ਦੇ ਮਾਹੌਲ ਨੂੰ ਹੱਲਾਸ਼ੇਰੀ ਵੀ ਮਿਲਦੀ ਹੈ ਜੋ ਕਿ ਉੱਥੋਂ ਦੇ ਨਾਗਰਿਕਾਂ ਲਈ ਖ਼ਤਰਨਾਕ ਹੈ।
ਪਿਛਲੇ ਸਾਲ ਸਤੰਬਰ ਵਿਚ ਜਦੋਂ ਪ੍ਰਧਾਨ ਮੰਤਰੀ ਟਰੂਡੋ ਨੇ ਇਹ ਦੋਸ਼ ਲਾਇਆ ਸੀ ਕਿ ਉੱਥੇ ਦੇ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਸੀ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਭਾਰਤ ਦੀ ਕੌਮੀ ਜਾਂਚ ਏਜੰਸੀ ਨੇ ਸੰਨ 2020 ਵਿੱਚ ਨਿੱਝਰ ਨੂੰ ਅਤਿਵਾਦੀ ਨਾਮਜ਼ਦ ਕੀਤਾ ਸੀ। ਉਂਝ, ਕੈਨੇਡਾ ਵਲੋਂ ਲਾਏ ਦੋਸ਼ਾਂ ਨੂੰ ਭਾਰਤ ਨੇ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਸੀ ਕਿ ਇਸ ਲਈ ਉਸ ਨੂੰ ਕੋਈ ਸਬੂਤ ਮੁਹੱਈਆ ਨਹੀਂ ਕਰਵਾਏ ਗਏ। ਭਾਰਤ ਵਲੋਂ ਕੈਨੇਡਾ ਤੋਂ ਕਈ ਵਾਰ ਇਸ ਸਬੰਧ ਵਿੱਚ ਸਬੂਤਾਂ ਦੀ ਮੰਗ ਕੀਤੀ ਜਾਂਦੀ ਰਹੀ ਹੈ ਅਤੇ ਇਸ ਦੇ ਨਾਲ ਹੀ ਨਿਸ਼ਚੇ ਨਾਲ ਇਹ ਗੱਲ ਆਖੀ ਜਾਂਦੀ ਰਹੀ ਹੈ ਕਿ ਕੈਨੇਡਾ ਵੱਲੋਂ ਵੱਖਵਾਦੀਆਂ, ਦਹਿਸ਼ਤਗਰਦਾਂ ਅਤੇ ਭਾਰਤ ਵਿਰੋਧੀ ਅਨਸਰਾਂ ਨੂੰ ਖੁੱਲ੍ਹ ਦਿੱਤੀ ਜਾ ਰਹੀ ਹੈ।
ਨਵੀਂ ਦਿੱਲੀ ਨੇ ਹੁਣ ਅਮਰੀਕਾ ਦੇ ਇੱਕ ਪ੍ਰਮੁੱਖ ਅਖ਼ਬਾਰ ‘ਦਿ ਵਾਸ਼ਿੰਗਟਨ ਪੋਸਟ’ ਵਿਚ ਛਪੀ ਰਿਪੋਰਟ ’ਤੇ ਵੀ ਇਤਰਾਜ਼ ਜ਼ਾਹਿਰ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਐਨਆਈਏ ਵਲੋਂ ਦਹਿਸ਼ਤਗਰਦ ਨਾਮਜ਼ਦ ਕੀਤੇ ਗਏ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜਿਸ਼ ਭਾਰਤ ਦੇ ਇੱਕ ਖੁਫ਼ੀਆ ਅਧਿਕਾਰੀ ਵਲੋਂ ਘੜੀ ਗਈ ਸੀ। ਭਾਰਤ ਨੇ ਆਖਿਆ ਹੈ ਕਿ ਇਸ ਰਿਪੋਰਟ ਵਿੱਚ ਇਸ ਗੰਭੀਰ ਮਾਮਲੇ ਵਿੱਚ ‘ਬੇਲੋੜੇ ਅਤੇ ਅਪੁਸ਼ਟ’ ਦੋਸ਼ ਲਾਏ ਗਏ ਹਨ। ਬਾਇਡਨ ਪ੍ਰਸ਼ਾਸਨ ਵਲੋਂ ਅਪਰਾਧਿਕ ਅਤੇ ਦਹਿਸ਼ਤਗਰਦ ਸਰਗਰਮੀਆਂ ਮੁਤੱਲਕ ਜ਼ਾਹਿਰ ਕੀਤੇ ਗਏ ਖਦਸ਼ਿਆਂ ਦੀ ਜਾਂਚ ਲਈ ਭਾਰਤ ਸਰਕਾਰ ਵੱਲੋਂ ਪਹਿਲਾਂ ਹੀ ਇਕ ਉੱਚ ਪੱਧਰੀ ਕਮੇਟੀ ਕਾਇਮ ਕੀਤੀ ਜਾ ਚੁੱਕੀ ਹੈ। ਅਮਰੀਕਾ, ਜਿਸ ਵਲੋਂ ਇਹ ਗੱਲ ਆਖੀ ਗਈ ਸੀ ਕਿ ਭਾਰਤ ਨੇ ਪੰਨੂ ਦੇ ਕੇਸ ਨੂੰ ਗੰਭੀਰਤਾ ਨਾਲ ਲਿਆ ਹੈ, ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਉਸ ਦੇ ਇਲਾਕੇ ਨੂੰ ਭਾਰਤ ਵਿਰੋਧੀ ਭਾਵਨਾਵਾਂ ਭੜਕਾਉਣ ਲਈ ਨਾ ਵਰਤਣ ਦਿੱਤਾ ਜਾਵੇ।