For the best experience, open
https://m.punjabitribuneonline.com
on your mobile browser.
Advertisement

ਭਾਰਤ ਖ਼ਿਲਾਫ਼ ਕੈਨੇਡਾ ਦੇ ਦੋਸ਼ ਬਰਤਾਨਵੀ ਸਿੱਖ ਸੰਸਦ ਮੈਂਬਰਾਂ ਵੱਲੋਂ ਚਿੰਤਾਜਨਕ ਕਰਾਰ

07:50 AM Sep 21, 2023 IST
ਭਾਰਤ ਖ਼ਿਲਾਫ਼ ਕੈਨੇਡਾ ਦੇ ਦੋਸ਼ ਬਰਤਾਨਵੀ ਸਿੱਖ ਸੰਸਦ ਮੈਂਬਰਾਂ ਵੱਲੋਂ ਚਿੰਤਾਜਨਕ ਕਰਾਰ
Advertisement

ਲੰਡਨ, 20 ਸਤੰਬਰ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾੜਕੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ’ਚ ਭਾਰਤ ’ਤੇ ਲਾਏ ਗਏ ਦੋਸ਼ਾਂ ਨੂੰ ਬਰਤਾਨਵੀ ਸਿੱਖ ਸੰਸਦ ਮੈਂਬਰਾਂ ਪ੍ਰੀਤ ਕੌਰ ਗਿੱਲ ਅਤੇ ਤਨਮਨਜੀਤ ਸਿੰਘ ਢੇਸੀ ਨੇ ਚਿੰਤਾਜਨਕ ਕਰਾਰ ਦਿੱਤਾ ਹੈ। ਇੰਗਲੈਂਡ ’ਚ ਸਿੱਖ ਵਸੋਂ ਵਾਲੇ ਇਲਾਕਿਆਂ ਦੀ ਨੁਮਾਇੰਦਗੀ ਕਰਨ ਵਾਲੇ ਵਿਰੋਧੀ ਧਿਰ ਲੇਬਰ ਪਾਰਟੀ ਦੇ ਸੰਸਦ ਮੈਂਬਰਾਂ ਨੇ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਕਿ ਟਰੂਡੋ ਦੇ ਦੋਸ਼ਾਂ ਬਾਰੇ ਹਲਕੇ ਦੇ ਲੋਕਾਂ ਵੱਲੋਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਸੀ। ਸਿੱਖ ਸੰਸਦ ਮੈਂਬਰਾਂ ਨੇ ਕਿਹਾ ਕਿ ਉਹ ਆਪਣੀਆਂ ਚਿੰਤਾਵਾਂ ਨੂੰ ਸਿੱਧੇ ਸਰਕਾਰ ਦੇ ਮੰਤਰੀਆਂ ਕੋਲ ਚੁੱਕ ਰਹੇ ਹਨ। ਬਰਮਿੰਘਮ ਐਜਬਾਸਟਨ ਤੋਂ ਸੰਸਦ ਮੈਂਬਰ ਗਿੱਲ ਨੇ ‘ਐਕਸ’ ’ਤੇ ਕਿਹਾ,‘‘ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਤੇ ਪ੍ਰਧਾਨ ਮੰਤਰੀ ਟਰੂਡੋ ਦਾ ਬਿਆਨ ਬੇਹੱਦ ਚਿੰਤਾਜਨਕ ਹੈ। ਇਹ ਅਹਿਮ ਹੈ ਕਿ ਕੈਨੇਡਾ ਆਪਣੀ ਜਾਂਚ ਕਰੇ ਅਤੇ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾ ਮਿਲੇ। ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਭਰੋਸਾ ਦੇਣਾ ਚਾਹੁੰਦੀ ਹਾਂ ਕਿ ਮੈਂ ਅਤੇ ਮੇਰੇ ਸਹਿਯੋਗੀ ਆਪਣੀ ਚਿੰਤਾ ਮੰਤਰੀਆਂ ਨਾਲ ਸਾਂਝੀ ਕਰ ਰਹੇ ਹਾਂ।’’ ਸਲੋਅ ਤੋਂ ਸੰਸਦ ਮੈਂਬਰ ਢੇਸੀ ਨੇ ਦਾਅਵਾ ਕੀਤਾ ਕਿ ਕਈ ਬ੍ਰਿਟਿਸ਼ ਸਿੱਖ ਇਸ ਮੁੱਦੇ ’ਤੇ ਉਨ੍ਹਾਂ ਦੇ ਸੰਪਰਕ ’ਚ ਹਨ। ਉਨ੍ਹਾਂ ‘ਐਕਸ’ ’ਤੇ ਕਿਹਾ,‘‘ਕੈਨੇਡਾ ਤੋਂ ਚਿੰਤਾਜਨਕ ਰਿਪੋਰਟਾਂ ਆ ਰਹੀਆਂ ਹਨ। ਸਲੋਅ ਅਤੇ ਹੋਰ ਕਈ ਇਲਾਕਿਆਂ ਦੇ ਸਿੱਖਾਂ ਨੇ ਮੇਰੇ ਨਾਲ ਸੰਪਰਕ ਕਰਕੇ ਚਿੰਤਾ ਜਤਾਈ ਹੈ ਅਤੇ ਉਹ ਗੁੱਸੇ ’ਚ ਹਨ ਜਾਂ ਡਰੇ ਹੋਏ ਹਨ। ਇਹ ਦੇਖਦੇ ਹੋਏ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਹੈ ਕਿ ਉਹ ਕਰੀਬੀ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ, ਅਸੀਂ ਇਨਸਾਫ਼ ਯਕੀਨੀ ਬਣਾਉਣ ਲਈ ਬ੍ਰਿਟੇਨ ਸਰਕਾਰ ਦੇ ਸੰਪਰਕ ’ਚ ਹਾਂ।’’ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੇ ਤਰਜਮਾਨ ਨੇ ਕਿਹਾ ਸੀ ਕਿ ਉਹ ਪਹਿਲਾ ਵਾਂਗ ਵਪਾਰ ਬਾਰੇ ਗੱਲਬਾਤ ਜਾਰੀ ਰਖਣਗੇ ਅਤੇ ਉਹ ਇਸ ਮਸਲੇ ’ਚ ਨਹੀਂ ਪੈਣਾ ਚਾਹੁੰਦੇ ਹਨ। -ਪੀਟੀਆਈ

Advertisement

ਪੰਨੂ ਨੇ ਭਾਰਤੀ-ਕੈਨੇਡੀਅਨ ਹਿੰਦੂਆਂ ਨੂੰ ਮੁਲਕ ਛੱਡ ਕੇ ਜਾਣ ਦੀ ਦਿੱਤੀ ਧਮਕੀ

ਟੋਰਾਂਟੋ: ਖਾਲਿਸਤਾਨ ਪੱਖੀ ਸਿੱਖਾਂ ਦੇ ਕੈਨੇਡਾ ਪ੍ਰਤੀ ਹਮੇਸ਼ਾ ਵਫ਼ਦਾਰ ਰਹਿਣ ਦਾ ਦਾਅਵਾ ਕਰਦਿਆਂ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਪੰਨੂ ਨੇ ਭਾਰਤੀ-ਕੈਨੇਡੀਅਨ ਹਿੰਦੂਆਂ ਨੂੰ ਧਮਕੀ ਦਿੰਦਿਆਂ ਕਿਹਾ ਹੈ ਕਿ ਉਹ ਮੁਲਕ ਛੱਡ ਕੇ ਚਲੇ ਜਾਣ। ਪੰਨੂ ਦਾ ਧਮਕੀ ਭਰਿਆ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ’ਚ ਪੰਨੂ ਆਖਦਾ ਦਿਖਾਈ ਦੇ ਰਿਹਾ ਹੈ,‘‘ਭਾਰਤੀ-ਕੈਨੇਡੀਅਨ ਹਿੰਦੂਓ, ਤੁਸੀਂ ਕੈਨੇਡਾ ਅਤੇ ਉਸ ਦੇ ਸੰਵਿਧਾਨ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਤੁਹਾਡਾ ਮੁਕਾਮ ਭਾਰਤ ਹੈ। ਕੈਨੇਡਾ ਛੱਡ ਕੇ ਭਾਰਤ ਚਲੇ ਜਾਓ।’’ ਪੰਜਾਬ ’ਚ ਪੰਨੂ ਖ਼ਿਲਾਫ਼ 22 ਕੇਸ ਦਰਜ ਹਨ ਅਤੇ ਉਸ ਨੇ 45 ਸਕਿੰਟ ਦੇ ਵੀਡੀਓ ’ਚ ਇਹ ਵੀ ਕਿਹਾ ਹੈ ਕਿ ਖਾਲਿਸਤਾਨ ਪੱਖੀ ਸਿੱਖ ਕੈਨੇਡਾ ਪ੍ਰਤੀ ਹਮੇਸ਼ਾ ਵਫ਼ਾਦਾਰ ਰਹੇ ਹਨ। ਉਨ੍ਹਾਂ ਕੈਨੇਡਾ ਦਾ ਹਮੇਸ਼ਾ ਸਾਥ ਦਿੱਤਾ ਹੈ ਅਤੇ ਕਾਨੂੰਨਾਂ ਤੇ ਸੰਵਿਧਾਨ ਦਾ ਪਾਲਣ ਕੀਤਾ ਹੈ। ਉਸ ਨੇ ਐਲਾਨ ਕੀਤਾ ਕਿ ਕੈਨੇਡਾ ’ਚ ਖਾਲਿਸਤਾਨ ਦੇ ਪੱਖ ’ਚ ਰਾਇਸ਼ੁਮਾਰੀ 29 ਅਕਤੂਬਰ ਨੂੰ ਕਰਵਾਈ ਜਾ ਰਹੀ ਹੈ ਜਿਸ ’ਚ ਵੋਟਰਾਂ ਨੂੰ ਇਹ ਸਵਾਲ ਵੀ ਪੁੱਛਿਆ ਜਾਵੇਗਾ ਕਿ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਲਈ ਕੀ ਭਾਰਤੀ ਹਾਈ ਕਮਿਸ਼ਨਰ ਸੰਜੈ ਵਰਮਾ ਜ਼ਿੰਮੇਵਾਰ ਹੈ ਜਾਂ ਨਹੀਂ। ਪੰਨੂ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਓਟਵਾ, ਟੋਰਾਂਟੋ ਅਤੇ ਵੈਨਕੂਵਰ ’ਚ 25 ਸਤੰਬਰ ਨੂੰ ਭਾਰਤੀ ਕੌਂਸੁਲੇਟਾਂ ਦੇ ਬਾਹਰ ਪ੍ਰਦਰਸ਼ਨ ਕਰਕੇ ਕੈਨੇਡਾ ਸਰਕਾਰ ’ਤੇ ਦਬਾਅ ਬਣਾਇਆ ਜਾਵੇਗਾ ਕਿ ਉਹ ਨਿੱਝਰ ਦੀ ਹੱਤਿਆ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਨਾਮ ਨਸ਼ਰ ਕਰੇ। ਧਮਕੀ ਵਾਲੇ ਵੀਡੀਓ ਦਾ ਜਵਾਬ ਦਿੰਦਿਆਂ ਓਟਵਾ ਆਧਾਰਿਤ ਵਿਚਾਰਕ ਰੂਪਾ ਸੁਬਰਾਮਨੀਆ ਨੇ ‘ਐਕਸ’ ’ਤੇ ਲਿਖਿਆ ਕਿ ਜੇਕਰ ਇਹੋ ਧਮਕੀ ਕਿਸੇ ਗੋਰੇ ਨੇ ਦਿੱਤੀ ਹੁੰਦੀ ਤਾਂ ਤੁਸੀਂ ਸੋਚੋ ਕਿ ਕਿੰਨਾ ਰੌਲਾ ਪੈਣਾ ਸੀ ਪਰ ਹੁਣ ਜਦੋਂ ਇਕ ਖਾਲਿਸਤਾਨੀ ਨੇ ਇਹ ਧਮਕੀ ਦਿੱਤੀ ਹੈ ਤਾਂ ਲੋਕ ਇਸ ਨੂੰ ਗੰਭੀਰਤਾ ਨਾਲ ਨਾ ਲੈਂਦਿਆਂ ਉਸ ਦੇ ਬਿਆਨ ਤੋਂ ਪਾਸਾ ਵੱਟ ਰਹੇ ਹਨ। -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement