ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Canada-US News: ਟਰੰਪ ਟੈਰਿਫ ਪ੍ਰਤੀਕਰਮ: ਕੈਨੇਡਿਆਈ ਸੂਬੇ ਊਰਜਾ ਤੇ ਖਣਿਜ ਬੰਦੀ ਤੋਂ ਪੈਰ ਪਿਛਾਂਹ ਖਿੱਚਣ ਲੱਗੇ

01:26 PM Jan 14, 2025 IST
ਅਮਰੀਕਾ ਦੇ ਮਨੋਨੀਤ ਸਦਰ ਡੋਨਲਡ ਟਰੰਪ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕਰਨ ਸਮੇਂ ਅਲਬਰਟਾ ਦੀ ਮੁੱਖ ਮੰਤਰੀ ਡੇਨੀਅਲ ਸਮਿਥ।

ਅਲਬਰਟਾ ਦੀ ਮੁੱਖ ਮੰਤਰੀ ਵਲੋਂ ਭਾਈਚਾਰਕ ਸਾਂਝ ’ਤੇ ਜ਼ੋਰ; ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਟਰੰਪ ਮੁਲਾਕਾਤ ਪਿੱਛੋਂ ਦਿੱਤਾ ਬਿਆਨ; ਹੋਰ ਸੂਬਿਆਂ ਦੇ ਆਗੂਆਂ ਦੇ ਵੀ ਅਜਿਹੇ ਵਿਚਾਰ ਆਏ ਸਾਹਮਣੇ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 14 ਜਨਵਰੀ
ਅਗਲੇ ਹਫਤੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਵਾਲੇ ਡੋਨਲਡ ਟਰੰਪ (US President elect Donald Trump) ਵਲੋਂ ਅਕਤੂਬਰ ਵਿੱਚ ਆਪਣੀ ਜਿੱਤ ਦੇ ਐਲਾਨ ਤੋਂ ਬਾਅਦ ਕੈਨੇਡਾ ਤੋਂ ਮੁਲਕ ਵਿਚ ਦਰਾਮਦ ਹੁੰਦੇ ਸਾਮਾਨ ਉੱਤੇ 25 ਫ਼ੀਸਦ ਟੈਰਿਫ ਲਾਉਣ ਦੀ ਗੱਲ ਆਖੇ ਜਾਣ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਸਮੇਤ ਵੱਖ ਵੱਖ ਆਗੂ ਟੈਰਿਫ ਧਮਕੀ ਨਾਲ ਸਿੱਝਣ ਬਾਰੇ ਬਿਆਨ ਦੇ ਰਹੇ ਸਨ।
ਦੋ ਕੁ ਹਫਤੇ ਪਹਿਲਾਂ ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ (Ontario Premier Doug Ford) ਨੇ ਟੈਰਿਫ ਮਾਮਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਕੈਨੇਡਾ ਵਲੋਂ ਅਮਰੀਕਾ ਨੂੰ ਭੇਜੀ ਜਾਂਦੀ ਊਰਜਾ (ਬਿਜਲੀ) ਤੇ ਖਣਿਜ ਬੰਦ ਕਰਨ ਦੀ ਧਮਕੀ ਦਿੱਤੀ ਸੀ। ਉਸਦੇ ਸਮਰਥਨ ਵਿੱਚ ਕਈ ਹੋਰ ਸੂਬਿਆਂ ਵਲੋਂ ਇੰਜ ਦੇ ਬਿਆਨ ਦਾਗੇ ਗਏ ਸਨ।
ਬੀਤੇ ਦਿਨ ਅਲਬਰਟਾ ਦੀ ਮੁੱਖ ਮੰਤਰੀ ਬੀਬੀ ਡੈਨੀਅਲ ਸਮਿਥ (Alberta Premier Danielle Smith) ਵਲੋਂ ਟਰੰਪ ਦੀ ਰਿਹਾਇਸ਼ ’ਤੇ ਮੁਲਾਕਾਤ ਕਰਕੇ ਆਉਣ ਤੋਂ ਬਾਅਦ ਉਸ ਵਲੋਂ ਇਸ ਗੱਲ ’ਤੇ ਜ਼ੋਰ ਦਿੱਤਾ ਜਾਣ ਲੱਗਾ ਹੈ ਕਿ ਕੈਨੇਡਿਆਈ ਆਗੂਆਂ ਨੂੰ ਪ੍ਰਤੀਕਰਮ ਵਜੋਂ ਬੰਦੀਆਂ ਤੇ ਟੈਰਿਫਾਂ ਵਾਲੇ ਬਿਆਨ ਨਹੀਂ ਦੇਣੇ ਚਾਹੀਦੇ। ਉਸ ਨੇ ਕਿਹਾ ਕਿ ਇੰਜ ਕਹਿਣ ਨਾਲ ਦੋਹਾਂ ਦੇਸ਼ਾਂ ਦੇ ਵਪਾਰਕ ਹਿੱਤ ਪ੍ਰਭਾਵਤ ਹੁੰਦੇ ਹਨ ਤੇ ਵਪਾਰੀਆਂ ਦੀ ਭਾਈਚਾਰਕ ਸਾਂਝ ਵਿੱਚ ਤਰੇੜਾਂ ਪੈਂਦੀਆਂ ਹਨ। ਉਸ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਕੈਨੇਡਾ ਦੀ ਕੇਂਦਰ ਸਰਕਾਰ ਦੀ ਨੀਤੀ ਕੁਝ ਵੀ ਹੋਵੇ, ਪਰ ਸੂਬਿਆਂ ਕੋਲ ਖ਼ੁਦਮੁਖਤਿਆਰੀ ਹੋਣ ਕਰਕੇ ਉਹ ਅਮਰੀਕਾ ਨੂੰ ਤੇਲ ਤੇ ਖਣਿਜ ਭੇਜਣੇ ਬੰਦ ਕਰਕੇ ਆਪਣੇ ਸੂਬੇ ਦੀ ਆਰਥਿਕਤਾ ਪ੍ਰਭਾਵਤ ਨਹੀਂ ਹੋਣ ਦੇਵੇਗੀ।
ਗ਼ੌਰਤਲਬ ਹੈ ਕਿ ਅਲਬਰਟਾ ’ਚੋਂ ਨਿਕਲਦੇ ਕੱਚੇ ਤੇਲ ਤੇ ਕੁਦਰਤੀ ਗੈਸ ਦਾ ਵੱਡਾ ਹਿੱਸਾ ਅਮਰੀਕਾ ਜਾਂਦਾ ਹੈ ਤੇ ਉਥੋਂ ਨਿਕਲਦੇ ਖਣਿਜਾਂ ਜਿਵੇਂ ਲੀਥੀਅਮ, ਪੋਟਾਸ਼, ਤਾਂਬਾ ਆਦਿ ਦਾ ਵੱਡਾ ਖ਼ਰੀਦਦਾਰ ਅਮਰੀਕਾ ਹੈ। 2023 ਵਿੱਚ ਕੈਨੇਡਾ ਨੇ 30 ਅਰਬ ਤੋਂ ਵੱਧ ਖਣਿਜ ਬਰਾਮਦ ਕੀਤੇ ਸਨ, ਜੋ ਕੈਨੇਡਾ ’ਚੋਂ ਨਿਕਲੇ ਖਣਿਜਾਂ ਦਾ 60 ਫ਼ੀਸਦ ਸੀ।
ਡੈਨੀਅਲ ਦੇ ਬਿਆਨ ਤੋਂ ਬਾਅਦ ਓਂਟਾਰੀਓ ਦੇ ਮੁੱਖ ਡੱਗ ਫੋਰਡ ਨੇ ਟੈਰਿਫ ਦੇ ਮੁਕਾਬਲੇ ਵਜੋਂ ਆਪਣੇ ਵਿਕਲਪ ਖੁੱਲ੍ਹੇ ਰੱਖਣ ਬਾਰੇ ਕਹਿ ਕੇ ਪਹਿਲੇ ਬਿਆਨ ਤੋਂ ਢਿੱਲੇ ਪੈਣ ਦਾ ਸਬੂਤ ਦਿੱਤਾ ਹੈ। ਉਸ ਨੇ ਵੱਖਰੇ ਬਿਆਨ ਵਿੱਚ ਕਿਹਾ ਕਿ ਅਮਰੀਕਾ ਨੂੰ ਊਰਜਾ ਅਤੇ ਖਣਿਜ ਬਰਾਮਦ ਕਰਨ 'ਤੇ ਪਾਬੰਦੀ ਕੈਨੇਡਾ ਦਾ ਆਖਰੀ ਹਥਿਆਰ ਹੋਣਾ ਚਾਹੀਦਾ ਹੈ।
ਉਸ ਨੇ ਕਿਹਾ ਕਿ ਪਹਿਲਾਂ ਇਹ ਤੈਅ ਕਰਨਾ ਚਾਹੀਦਾ ਹੈ ਕਿ ਟੈਰਿਫ ਵਧਣ ਨਾਲ ਅਮਰੀਕਾ ਨੂੰ ਆਰਥਿਕ ਚੋਭ ਮਹਿਸੂਸ ਕਰਾਉਣ ਲਈ ਹੋਰ ਕੀ ਕੀ ਕੀਤਾ ਜਾ ਸਕਦਾ ਹੈ। ਉਸਨੇ ਇਥੋਂ ਤੱਕ ਕਹਿ ਦਿੱਤਾ ਕਿ ਕੈਨੇਡਾ ਨੂੰ ‘ਵੋਖੋ ਤੇ ਉਡੀਕੋ’ ਦੀ ਨੀਤੀ ਤਹਿਤ ਕਾਰਵਾਈ ਕਰਨੀ ਚਾਹੀਦੀ ਹੈ, ਪਰ ਅਮਰੀਕਨ ਰਾਸ਼ਟਰਪਤੀ ਦੀਆਂ ਧਮਕੀਆਂ ਤੋਂ ਡਰਨ ਦੀ ਲੋੜ ਨਹੀਂ ਹੈ।
ਕੈਨੇਡਾ ਦੇ ਖੇਤੀ ਪ੍ਰਧਾਨ ਸੂਬੇ ਸਸਕੈਚਵਨ ਦੇ ਮੁੱਖ ਮੰਤਰੀ ਸਕਾਟ ਮੋ (Saskatchewan Premier Scott Moe) ਨੇ ਵੀ ਅਮਰੀਕਾ ਨੂੰ ਕੈਨੇਡਿਆਈ ਊਰਜਾ ਅਤੇ ਖੇਤੀਬਾੜੀ ਬਰਾਮਦ ਨੂੰ ਘਟਾਉਣ ਦੇ ਵਿਚਾਰ ਨੂੰ ਹਾਲ ਦੀ ਘੜੀ ਪਿੱਛੇ ਧੱਕਦਿਆਂ ਕਿਹਾ ਹੈ ਕਿ ਸਾਨੂੰ ਦੋਹਾਂ ਦੇਸ਼ਾਂ ਦੀ ਆਰਥਿਕਤਾ ’ਚ ਵੰਡੀਆਂ ਪਾਉਣ ਵਾਲਾ ਕੋਈ ਵੀ ਕਦਮ ਬੜਾ ਸੋਚ ਸਮਝ ਕੇ ਪੁੱਟਣ ਦੀ ਲੋੜ ਹੈ। ਇਸੇ ਤਰ੍ਹਾਂ ਨੋਵਾ ਸਕੌਸ਼ੀਆ ਦੇ ਆਗੂ ਵੀ ਪੈਰ ਪਿਛਾਂਹ ਖਿੱਚ ਰਹੇ ਹਨ।

Advertisement

Advertisement