ਸਤਰੰਗੀ ਪੀਂਘ ਦਾ ਭੇਤ
ਪਰਵਾਸ ਕਹਾਣੀ
ਡਾ. ਡੀ. ਪੀ. ਸਿੰਘ
ਸੰਸਾਰਪੁਰ ਨਾਂ ਦਾ ਇੱਕ ਛੋਟਾ ਜਿਹਾ ਪਿੰਡ ਸ਼ਿਵਾਲਿਕ ਪਹਾੜ੍ਹਾਂ ਦੀ ਗੋਦ ਵਿੱਚ ਵਸਿਆ ਹੋਇਆ ਸੀ। ਪਿਛਲੇ ਕੁਝ ਦਿਨਾਂ ਤੋਂ ਆਸਮਾਨ ਵਿੱਚ ਸਲੇਟੀ ਰੰਗੇ ਬੱਦਲ ਛਾਏ ਹੋਏ ਸਨ, ਪਰ ਅੱਜ ਸਵੇਰ ਦੀ ਬਾਰਸ਼ ਤੋਂ ਬਾਅਦ, ਅੱਧ ਆਸਮਾਨੇ ਟਿਕੀ ਸੂਰਜ ਦੀ ਟਿੱਕੀ ਦਾ ਚਾਨਣ ਬੱਦਲਾਂ ਨੂੰ ਚੀਰ ਧਰਤੀ ਨੂੰ ਛੂੰਹਣ ਦੀ ਕੋਸ਼ਿਸ਼ ਕਰ ਰਿਹਾ ਸੀ। ਪ੍ਰੀਤੀ, ਅੱਠ ਕੁ ਸਾਲ ਦੀ ਇੱਕ ਜਗਿਆਸੂ ਕੁੜੀ ਹੈ ਜੋ ਕੁਦਰਤੀ ਰਹੱਸਾਂ ਨੂੰ ਜਾਣਨ ਲਈ ਹਮੇਸ਼ਾ ਉਤਸੁਕ ਰਹਿੰਦੀ ਹੈ। ਅੱਜ ਉਹ ਆਪਣੇ ਕੁੱਤੇ ਮੋਤੀ ਨਾਲ ਪਿੰਡ ਕੋਲੋਂ ਲੰਘ ਰਹੀ ਲਿਸ਼ਕੋਰਾਂ ਮਾਰ ਰਹੀ ਨਦੀ ਦੇ ਕਿਨਾਰੇ ਖੇਡ ਰਹੀ ਸੀ। ਅਚਾਨਕ, ਪ੍ਰੀਤੀ ਨੂੰ ਆਸਮਾਨ ਵਿੱਚ ਫੈਲੀ ਇੱਕ ਖ਼ੂਬਸੂਰਤ ਸਤਰੰਗੀ ਪੀਂਘ ਨਜ਼ਰ ਆਈ, ਜਿਸ ਦੇ ਰੰਗ ਜਾਦੂਈ ਚਮਕ ਨਾਲ ਭਰਪੂਰ ਸਨ।
‘‘ਵਾਹ, ਮੋਤੀ! ਇਹ ਦੇਖ!’’ ਪ੍ਰੀਤੀ ਨੇ ਆਪਣੀਆਂ ਅੱਖਾਂ ਨੂੰ ਸੂਰਜ ਦੀ ਤਿੱਖੀ ਰੋਸ਼ਨੀ ਤੋਂ ਬਚਾਉਣ ਲਈ ਹੱਥ ਦਾ ਇਸ਼ਾਰਾ ਕਰਦਿਆਂ ਕਿਹਾ। ਤਦ ਹੀ ਉਹ ਗਹਿਰਾ ਸਾਹ ਲੈਂਦਿਆਂ ਬੋਲੀ, ‘‘ਕਾਸ਼! ਮੈਨੂੰ ਪਤਾ ਹੁੰਦਾ ਸਤਰੰਗੀ ਪੀਂਘ ਕਿਵੇਂ ਬਣਦੀ ਹੈ?’’
ਇੱਕ ਹਲਕੀ ਜਿਹੀ ਆਵਾਜ਼ ਸੁਣਾਈ ਦਿੱਤੀ। ‘‘ਸ਼ਾਇਦ ਮੈਂ ਮਦਦ ਕਰ ਸਕਦੀ ਹਾਂ।’’ ਪ੍ਰੀਤੀ ਵੱਲ ਉੱਡਦੀ ਆ ਰਹੀ ਇੱਕ ਚਿਤਕਬਰੇ ਰੰਗਾਂ ਵਾਲੀ ਤਿਤਲੀ ਦੇ ਬੋਲ ਸਨ। ਪ੍ਰੀਤੀ ਇਸ ਸੁੰਦਰ ਤਿਤਲੀ ਦੇ ਬੋਲ ਸੁਣ ਕੇ ਹੈਰਾਨ ਹੋ ਗਈ।
‘‘ਮੇਰਾ ਨਾਂ ਚਿਤਕਬਰੀ ਹੈ।’’ ਆਪਣੇ ਖੰਭਾਂ ਨੂੰ ਹਲਕੇ ਹਲਕੇ ਹਿਲਾਉਂਦੇ ਹੋਏ ਉਹ ਤਿਤਲੀ ਬੋਲੀ।
‘‘ਸਤਰੰਗੀ ਪੀਂਘ ਕੁਦਰਤ ਦੇ ਸਭ ਤੋਂ ਸੋਹਣੇ ਭੇਤਾਂ ਵਿੱਚੋਂ ਇੱਕ ਹੈ। ਮੇਰੇ ਨਾਲ ਚੱਲੋ ਮੈਂ ਤੁਹਾਨੂੰ ਸਤਰੰਗੀ ਪੀਂਘ ਕੋਲ ਲੈ ਚੱਲਦੀ ਹਾਂ, ਜਿੱਥੇ ਤੁਸੀਂ ਇਸ ਬਾਰੇ ਸਭ ਕੁੱਝ ਜਾਣ ਸਕੋਗੇ!’’ ਪ੍ਰੀਤੀ ਦੀਆਂ ਅੱਖਾਂ ਖ਼ੁਸ਼ੀ ਨਾਲ ਚਮਕ ਉੱਠੀਆਂ।
‘‘ਕੀ ਮੋਤੀ ਅਤੇ ਮੈਂ ਸੱਚ ਹੀ ਉੱਥੇ ਜਾ ਸਕਦੇ ਹਾਂ?’’ ਪ੍ਰੀਤੀ ਨੇ ਉਸ ਨੂੰ ਪੁੱਛਿਆ।
ਚਿਤਕਬਰੀ ਨੇ ਸਿਰ ਹਿਲਾਇਆ। ‘‘ਮੇਰੇ ਪਿੱਛੇ ਪਿੱਛੇ ਆ। ਦ੍ਰਿੜ ਹੌਸਲੇ ਦੀ ਲੋੜ ਪਵੇਗੀ ਕਿਉਂਕਿ ਸਫ਼ਰ ਥੋੜ੍ਹਾ ਔਖਾ ਹੈ।’’
ਪ੍ਰੀਤੀ ਤੇ ਮੋਤੀ ਖ਼ੁਸ਼ੀ ਖ਼ੁਸ਼ੀ ਚਿਤਕਬਰੀ ਦੇ ਪਿੱਛੇ ਪਿੱਛੇ ਚੱਲ ਪਏ। ਚਿਤਕਬਰੀ ਨਦੀ ਦੇ ਨਾਲ ਨਾਲ ਉੱਡ ਰਹੀ ਸੀ। ਜਲਦੀ ਹੀ, ਆਸਮਾਨ ਗਹਿਰੇ ਕਾਲੇ ਬੱਦਲਾਂ ਨੇ ਢਕ ਲਿਆ। ਪ੍ਰੀਤੀ ਨੇ ਦੇਖਿਆ, ਸਾਹਮਣੇ ਨਜ਼ਰ ਆ ਰਹੇ ਰੰਗਾਂ ਦੀ ਚਮਕ ਘਟਦੀ ਜਾ ਰਹੀ ਸੀ।
‘‘ਹੋਰ ਕਿੰਨਾਂ ਕੁ ਚੱਲਣਾ ਹੋਵੇਗਾ?’’ ਪ੍ਰੀਤੀ ਨੇ ਪੁੱਛਿਆ।
ਚਿਤਕਬਰੀ ਰੁਕ ਗਈ। ‘‘ਲਗਭਗ ਪਹੁੰਚ ਹੀ ਗਏ ਹਾਂ, ਪਰ ਸਾਵਧਾਨ ਰਹੋ, ਕਾਲਾ ਬੱਦਲ ਨਾਮੀ ਦੈਂਤ ਸਤਰੰਗੀ ਪੀਂਘ ਦਾ ਦੁਸ਼ਮਣ ਹੈ ਤੇ ਸਦਾ ਉਸ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਉਹ, ਉਸ ਦੀ ਸੁੰਦਰਤਾ ਅਤੇ ਖ਼ੁਸ਼ੀਆਂ ਵੰਡਣ ਦੇ ਸੁਭਾਅ ਨੂੰ ਪਸੰਦ ਨਹੀਂ ਕਰਦਾ।’’
ਚਿਤਕਬਰੀ ਦੇ ਪਿੱਛੇ ਚੱਲਦੇ ਚੱਲਦੇ ਪ੍ਰੀਤੀ ਅਤੇ ਮੋਤੀ ਇੱਕ ਚਮਕੀਲੇ ਪੋਰਟਲ ਕੋਲ ਪੁੱਜ ਗਏ, ਜਿੱਥੇ ਅਨੇਕ ਰੰਗ ਆਪਸ ਵਿੱਚ ਰਲਗੱਡ ਹੋ ਰਹੇ ਸਨ। ਜਿਵੇਂ ਹੀ ਉਹ ਇਸ ਪੋਰਟਲ ਵਿੱਚ ਦਾਖਲ ਹੋਏ, ਉਹ ਸਤਰੰਗੀ ਪੀਂਘ ਦੇ ਬਿਲਕੁਲ ਨੇੜੇ ਪਹੁੰਚ ਗਏ। ਇੱਥੇ ਰੰਗਦਾਰ ਰੋਸ਼ਨੀਆਂ ਦਾ ਦਰਿਆ ਵਹਿ ਰਿਹਾ ਸੀ। ਚਮਕਦੇ ਰੰਗ ਬਿਰੰਗੇ ਫੁੱਲਾਂ ਅਤੇ ਕਮਾਨ ਵਰਗੀ ਸ਼ਕਲ ਵਾਲੀ ਸਤਰੰਗੀ ਪੱਟੀ ਨਾਲ ਸਜੀ ਧਜੀ ਇਹ ਇੱਕ ਸ਼ਾਨਦਾਰ ਜਗ੍ਹਾ ਸੀ।
‘‘ਜੀ ਆਇਆਂ ਨੂੰ!’’ ਚਿਤਕਬਰੀ ਚਹਿਕੀ। ‘‘ਆਓ ਜ਼ਰਾ ਸਤਰੰਗੀ ਪੀਂਘ ਦਾ ਭੇਤ ਜਾਣੀਏ।’’
ਜਿਵੇਂ ਹੀ ਚਿਤਕਬਰੀ ਨੇ ਬੋਲਣਾ ਸ਼ੁਰੂ ਕੀਤਾ, ਪ੍ਰੀਤੀ ਦਾ ਪੂਰਾ ਧਿਆਨ ਉਸ ਵੱਲ ਹੀ ਸੀ।
“ਸਤਰੰਗੀ ਪੀਂਘ ਉਦੋਂ ਜਨਮ ਲੈਂਦੀ ਹੈ ਜਦੋਂ ਸੂਰਜ ਦੀ ਰੋਸ਼ਨੀ ਮੀਂਹ ਪਿੱਛੋਂ, ਹਵਾ ਵਿੱਚ ਲਟਕ ਰਹੀਆਂ ਬੂੰਦਾਂ ਵਿੱਚੋਂ ਲੰਘਦੀ ਹੈ। ਹਰ ਇੱਕ ਬੂੰਦ ਇੱਕ ਛੋਟੇ ਪ੍ਰਿਜ਼ਮ ਵਾਂਗ ਕੰਮ ਕਰਦੀ ਹੋਈ, ਰੋਸ਼ਨੀ ਨੂੰ ਸੱਤ ਰੰਗਾਂ ਵਿੱਚ ਵੰਡ ਦਿੰਦੀ ਹੈ। ਇਹ ਰੰਗ ਹਨ: ਲਾਲ, ਸੰਤਰੀ, ਪੀਲਾ, ਹਰਾ, ਨੀਲਾ, ਗੂੜ੍ਹਾ ਨੀਲਾ ਅਤੇ ਜਾਮਣੀ। ਇਹ ਇੱਕ ਕੁਦਰਤੀ ਕ੍ਰਿਸ਼ਮਾ ਹੈ!”
‘‘ਇਹ ਸੱਚਮੁੱਚ ਹੀ ਬਹੁਤ ਅਜਬ ਹੈ!’’ ਕਹਿੰਦਿਆਂ ਪ੍ਰੀਤੀ ਖ਼ੁਸ਼ੀ ਨਾਲ ਤਾੜੀ ਵਜਾ ਰਹੀ ਸੀ।
ਅਚਾਨਕ, ਆਸਮਾਨ ਵਿੱਚ ਹਨੇਰਾ ਫੈਲ ਗਿਆ ਅਤੇ ਰੰਗਾਂ ਦੀ ਚਮਕ ਫਿੱਕੀ ਪੈਣ ਲੱਗੀ। ਇੱਕ ਭਾਰੀ ਤੇ ਗੜਗੱਜ ਭਰੀ ਆਵਾਜ਼ ਸੁਣਾਈ ਦਿੱਤੀ। ‘‘ਸਤਰੰਗੀ ਪੀਂਘ ਇੱਥੇ ਤਾਂ ਹੈ, ਪਰ ਇਹ ਕਿਧਰੇ ਵੀ ਨਹੀਂ ਹੋਣੀ ਚਾਹੀਦੀ।’’
ਇਹ ਇੱਕ ਕਾਲੇ ਦੈਂਤ ਦੀ ਆਵਾਜ਼ ਸੀ ਯਾਨੀ ਗੁੱਸੇ ਭਰੀਆਂ ਲਾਲ ਅੱਖਾਂ ਵਾਲਾ ਇੱਕ ਵਿਸ਼ਾਲ ਕਾਲਾ ਬੱਦਲ। ਕਾਲੇ ਦੈਂਤ ਨੇ ਆਪਣੇ ਕਾਲੇ ਰੂੰ ਵਰਗੇ ਹੱਥ ਨੂੰ ਹਿਲਾਇਆ ਅਤੇ ਸਤਰੰਗੀ ਪੱਟੀ ਦੇ ਰੰਗ, ਤੇਜ਼ੀ ਨਾਲ ਘੁੰਮ ਰਹੇ ਕਾਲੇ ਭੰਵਰ ਵਿੱਚ ਡੁੱਬਣ ਲੱਗੇ।
‘‘ਰੁਕੋ!’’ ਬੋਲਦਿਆਂ ਪ੍ਰੀਤੀ ਦਾ ਤਾਂ ਰੋਣਾ ਹੀ ਨਿਕਲ ਗਿਆ ਸੀ।
ਪ੍ਰੀਤੀ ਬੋਲੀ, ‘‘ਸਤਰੰਗੀ ਪੀਂਘ ਸਾਡੇ ਸਭ ਲਈ ਖ਼ੁਸ਼ੀਆਂ ਦਾ ਸੋਮਾ ਹੈ!’’
ਕਾਲੇ ਦੈਂਤ ਨੇ ਮਜ਼ਾਕ ਉਡਾਉਂਦਿਆਂ ਕਿਹਾ, ‘‘ਖ਼ੁਸ਼ੀ ਨਾਸ਼ਵਾਨ ਹੈ, ਪਰ ਹਨੇਰਾ ਸਥਾਈ ਹੈ।’’
ਪ੍ਰੀਤੀ ਪੂਰੇ ਹੌਸਲੇ ਨਾਲ ਅੱਗੇ ਵਧੀ। ‘‘ਜੇ ਸਤਰੰਗੀ ਪੀਂਘ ਨਾ ਹੋਵੇਗੀ, ਤਾਂ ਭਾਰੀ ਬਰਸਾਤ ਤੋਂ ਬਾਅਦ ਲੋਕਾਂ ਨੂੰ ਚੰਗੇਰੇ ਹਾਲਾਤ ਦੀ ਆਮਦ ਦੀ ਆਸ ਕਿਵੇਂ ਹੋਵੇਗੀ?’’
ਕਾਲਾ ਦੈਂਤ ਰੁਕ ਗਿਆ। ਉਸ ਦਾ ਕਾਲਾ ਪਰਛਾਵਾਂ ਥਰਥਰਾ ਰਿਹਾ ਸੀ ਜਿਵੇਂ ਉਹ ਕਿਸੇ ਦੁਬਿਧਾ ਵਿੱਚ ਹੋਵੇ, ਪਰ ਘੁੰਮ ਰਿਹਾ ਕਾਲਾ ਭੰਵਰ ਹੋਰ ਤੇਜ਼ ਹੋ ਗਿਆ ਸੀ। ਰੰਗਦਾਰ ਰੋਸ਼ਨੀਆਂ ਦਾ ਦਰਿਆ ਸੁੱਕਦਾ ਜਾ ਰਿਹਾ ਸੀ ਤੇ ਚਿਤਕਬਰੀ ਹੁਣ ਬਹੁਤ ਹੀ ਹੌਲੇ ਹੌਲੇ ਖੰਭ ਹਿਲਾ ਰਹੀ ਸੀ ਜਿਵੇਂ ਕਿ ਉਹ ਬਹੁਤ ਕਮਜ਼ੋਰ ਹੋ ਗਈ ਹੋਵੇ।
‘‘ਤੁਸੀਂ ਉਸ ਨਾਲ ਇਕੱਲੇ ਨਹੀਂ ਲੜ ਸਕਦੇ!’’ ਚਿਤਕਬਰੀ ਨੇ ਕਿਹਾ। ‘‘ਤੁਹਾਨੂੰ ਉਸ ਦੇ ਕਾਲੇਪਣ ਨੂੰ ਦੂਰ ਕਰਨ ਲਈ, ਉਸ ਉੱਤੇ ਰੋਸ਼ਨੀ ਸੁੱਟਣ ਦੀ ਲੋੜ ਹੈ, ਠੀਕ ਉਵੇਂ ਹੀ ਜਿਵੇਂ ਮੀਂਹ ਦੀਆਂ ਬੂੰਦਾਂ, ਰੋਸ਼ਨੀ ਦੀਆਂ ਕਿਰਨਾਂ ਨੂੰ ਪਰਾਵਰਤਿਤ ਕਰਦੀਆਂ ਹਨ।’’
ਪ੍ਰੀਤੀ ਨੇ ਜਲਦੀ ਜਲਦੀ ਸੋਚਿਆ। ਉਸ ਨੇ ਨੇੜੇ ਪਏ ਇੱਕ ਮੁਲਾਇਮ, ਚਮਕਦਾਰ ਕ੍ਰਿਸਟਲ ਨੂੰ ਚੁੱਕ ਲਿਆ ਅਤੇ ਇਸ ਦਾ ਸਮਤਲ ਪਾਸਾ ਕਾਲੇ ਦੈਂਤ ਵੱਲ ਕਰ ਦਿੱਤਾ। ਕ੍ਰਿਸਟਲ ਨੇ ਸਤਰੰਗੀ ਰੋਸ਼ਨੀ ਦੀ ਮੱਧਮ ਜਿਹੀ ਕਿਰਨ ਨੂੰ ਫੜ ਕੇ, ਇਸ ਨੂੰ ਰੰਗਾਂ ਦੀ ਇੱਕ ਚਮਕੀਲੀ ਬੁਛਾਰ ਵਿੱਚ ਬਦਲ ਦਿੱਤਾ।
‘‘ਆਹ!’’ ਕਾਲਾ ਦੈਂਤ ਚੀਖ ਮਾਰ ਰੋਸ਼ਨੀ ਤੋਂ ਦੂਰ ਭੱਜਿਆ।
ਪ੍ਰੀਤੀ ਕ੍ਰਿਸਟਲ ਦੀ ਸਥਿਤੀ ਇੰਝ ਬਦਲਦੀ ਰਹੀ ਤਾਂ ਜੋ ਰੰਗਾਂ ਦੀ ਚਮਕੀਲੀ ਬੁਛਾਰ ਕਾਲੇ ਦੈਂਤ ਉੱਤੇ ਕੇਂਦਰਿਤ ਰਹੇ। ਕਾਲੇ ਦੈਂਤ ਦੇ ਕਮਜ਼ੋਰ ਹੁੰਦੇ ਹੀ ਤੇਜ਼ੀ ਨਾਲ ਘੁੰਮ ਰਿਹਾ ਕਾਲਾ ਭੰਵਰ ਗਾਇਬ ਹੋ ਗਿਆ ਅਤੇ ਸੱਤ ਰੰਗਾਂ ਵਾਲਾ ਖੇਤਰ ਦੁਬਾਰਾ ਚਮਕ ਗਿਆ।
ਕਾਲਾ ਦੈਂਤ ਫਿੱਕਾ ਪੈਂਦਾ ਹੋਇਆ ਧੂੰਏਂ ਦਾ ਰੂਪ ਧਾਰ ਗਾਇਬ ਹੋ ਗਿਆ। ਦੈਂਤ ਦੇ ਗਾਇਬ ਹੁੰਦਿਆਂ ਹੀ ਚਿਤਕਬਰੀ ਪਹਿਲਾਂ ਵਾਂਗ ਚੁਸਤੀ ਭਰਪੂਰ ਹੋ ਗਈ ਤੇ ਉਡਾਰੀ ਮਾਰ ਪ੍ਰੀਤੀ ਦੇ ਮੋਢੇ ਉੱਤੇ ਆ ਬੈਠੀ।
‘‘ਪ੍ਰੀਤੀ! ਤੁਸੀਂ ਅਜਬ ਕਾਰਨਾਮਾ ਕੀਤਾ ਹੈ।’’ ਉਸ ਨੇ ਕਿਹਾ।
ਪ੍ਰੀਤੀ ਨੇ ਚਿਤਕਬਰੀ ਵੱਲ ਦੇਖਦੇ ਹੋਏ ਪੁੱਛਿਆ, ‘‘ਇਹ ਕਾਲਾ ਦੈਂਤ ਸਤਰੰਗੀ ਪੀਂਘ ਨੂੰ ਇੰਨੀ ਨਫ਼ਰਤ ਕਿਉਂ ਕਰਦਾ ਹੈ?’’
ਚਿਤਕਬਰੀ ਨੇ ਡੂੰਘਾ ਸਾਹ ਲਿਆ। ‘‘ਕਾਲਾ ਦੈਂਤ ਇੱਕ ਅਜਿਹਾ ਬੱਦਲ ਸੀ ਜਿਸ ਨੇ ਦੁਰਘਟਨਾ ਵੱਸ ਆਪਣੀਆਂ ਖ਼ੁਸ਼ੀਆਂ ਵਾਲੀ ਦਿਲੀ ਰੋਸ਼ਨੀ ਗੁਆ ਲਈ ਸੀ। ਕਈ ਵਾਰ, ਜਦੋਂ ਲੋਕ ਖ਼ੁਸ਼ੀ ਨੂੰ ਭੁੱਲ ਜਾਂਦੇ ਹਨ ਤਾਂ ਉਹ ਉਦਾਸੀ ਦਾ ਪੱਲਾ ਫੜ ਲੈਂਦੇ ਹਨ। ਖ਼ੁਸ਼ੀਆਂ ਉਨ੍ਹਾਂ ਨੂੰ ਚੰਗੀਆਂ ਨਹੀਂ ਲੱਗਦੀਆਂ, ਪਰ ਤੁਸੀਂ ਉਸ ਨੂੰ ਉਸ ਦੇ ਅੰਦਰ ਸੁੱਤੀਆਂ ਪਈਆਂ ਖ਼ੁਸ਼ੀਆਂ ਦੇ ਖ਼ੂਬਸੂਰਤ ਰੰਗਾਂ ਦੀ ਯਾਦ ਦਿਵਾ ਦਿੱਤੀ।’’
ਪ੍ਰੀਤੀ ਤੇ ਮੋਤੀ, ਚਮਕਦਾਰ ਕ੍ਰਿਸਟਲ ਨੂੰ ਇੱਕ ਯਾਦਗਾਰੀ ਚਿੰਨ੍ਹ ਵਜੋਂ ਸੰਭਾਲਦੇ ਹੋਏ, ਪੋਰਟਲ ਰਾਹੀਂ ਵਾਪਸ ਮੈਦਾਨ ਵਿੱਚ ਆ ਗਏ। ਆਸਮਾਨ ਵਿੱਚ ਸਤਰੰਗੀ ਪੀਂਘ ਪਹਿਲਾਂ ਨਾਲੋਂ ਵਧੇਰੇ ਚਮਕੀਲੀ ਤੇ ਸੋਹਣੀ ਲੱਗ ਰਹੀ ਸੀ।
“ਤੇਰਾ ਧੰਨਵਾਦ, ਚਿਤਕਬਰੀ।” ਪ੍ਰੀਤੀ ਘਰ ਵਾਪਸੀ ਲਈ ਅਲਵਿਦਾ ਕਹਿੰਦੇ ਹੋਏ ਬੋਲੀ।
‘‘ਪ੍ਰੀਤੀ! ਯਾਦ ਰੱਖਣਾ ਸਤਰੰਗੀ ਪੀਂਘਾਂ ਸਾਨੂੰ ਹਨੇਰੇ ਤੂਫਾਨਾਂ ਤੋਂ ਬਾਅਦ ਵੀ ਸੁੰਦਰਤਾ ਦੀ ਹੋਂਦ ਦੀ ਦੱਸ ਪਾਉਂਦੀਆਂ ਹਨ। ਇਹ ਭੇਤ ਸਭਨਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ।’’ ਚਿਤਕਬਰੀ ਦੇ ਬੋਲ ਸਨ।
ਜਿਵੇਂ ਹੀ ਪ੍ਰੀਤੀ, ਮੋਤੀ ਨਾਲ ਘਰ ਵੱਲ ਚੱਲੀ, ਉਹ ਬਹੁਤ ਖ਼ੁਸ਼ ਸੀ ਕਿਉਂ ਜੋ ਉਹ ਸਤਰੰਗੀ ਪੀਂਘ ਦਾ ਅਜਬ ਭੇਤ ਜਾਣ ਚੁੱਕੀ ਸੀ ਅਤੇ ਉਹ ਇਹ ਭੇਤ ਆਪਣੀਆਂ ਸਹੇਲੀਆਂ ਨਾਲ ਸਾਂਝਾ ਕਰਨ ਲਈ ਤਤਪਰ ਸੀ।
ਉਸ ਸ਼ਾਮ, ਪ੍ਰੀਤੀ ਨੇ ਡੁੱਬ ਰਹੇ ਸੂਰਜ ਦੀ ਰੋਸ਼ਨੀ ਵਿੱਚ ਕ੍ਰਿਸਟਲ ਨੂੰ ਆਪਣੇ ਕਮਰੇ ਦੀ ਖਿੜਕੀ ਕੋਲ ਰੱਖ ਦਿੱਤਾ। ਤਦ ਹੀ ਉਸ ਦੇ ਕਮਰੇ ਦੀ ਕੰਧ ਉੱਤੇ ਇੱਕ ਸੁੰਦਰ ਸਤਰੰਗੀ ਪੀਂਘ ਫੈਲ ਗਈ ਜਿਵੇਂ ਕਿ ਉਹ ਉਸ ਨੂੰ ਭਵਿੱਖ ਵਿੱਚ ਹੋਰ ਸਾਹਸੀ ਕਾਰਨਾਮਿਆਂ ਦੀ ਹੋਂਦ ਬਾਰੇ ਦੱਸ ਪਾ ਰਹੀ ਹੋਵੇ।
ਈਮੇਲ: drdpsn@hotmail.com