ਕੈਨੈਡਾ: ਪੁਲੀਸ ਨੇ ਸੜਕ ਹਾਦਸੇ ’ਚ ਤਿੰਨ ਭਾਰਤੀਆਂ ਦੀ ਮੌਤ ਲਈ ਪੰਜਾਬੀ ਨੌਜਵਾਨ ਨੂੰ ਜ਼ਿੰਮੇਦਾਰ ਕਰਾਰ ਦਿੱਤਾ
ਟੋਰਾਂਟੋ, 9 ਮਈ
ਕੈਨੇਡਾ ਵਿਚ ਹਾਲ ਹੀ ਦੌਰਾਨ ਸੜਕ ਹਾਦਸੇ ਕਾਰਨ ਮਾਰੇ ਗਏ ਪਤੀ-ਪਤਨੀ ਅਤੇ ਉਨ੍ਹਾਂ ਦੇ ਤਿੰਨ ਮਹੀਨਿਆਂ ਦੇ ਪੋਤੇ ਦੀ ਮੌਤ ਦਾ ਕਾਰਨ ਭਾਰਤੀ ਮੂਲ ਦੇ 21 ਸਾਲਾ ਮਸ਼ਕੂਕ ਨੂੰ ਮੰਨਿਆ ਗਿਆ ਹੈ, ਜੋ ਸ਼ਰਾਬ ਦੇ ਦੋ ਠੇਕਿਆਂ ਤੋਂ ਚੋਰੀ ਕਰਕੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਉਲਟ ਦਿਸ਼ਾ ਵੱਲ ਭੱਜ ਰਿਹਾ ਸੀ। ਇਸ ਹਾਦਸੇ 'ਚ ਚੇਨੱਈ ਦੇ 60 ਸਾਲਾ ਮਨੀਵਨਨ ਸ੍ਰੀਨਿਵਾਸਪਿਲਈ, 55 ਸਾਲਾ ਮਹਾਲਕਸ਼ਮੀ ਅਨੰਤਕ੍ਰਿਸ਼ਨਨ ਅਤੇ ਉਨ੍ਹਾਂ ਦੇ ਤਿੰਨ ਮਹੀਨਿਆਂ ਦੇ ਪੋਤੇ ਆਦਿਤਿਆ ਵਿਵਾਨ ਦੀ ਮੌਤ ਹੋ ਗਈ। ਬੱਚੇ ਦਾ ਮਾਪੇ ਵਾਲ ਵਾਲ ਬੱਚ ਗਏ। ਇਹ ਹਾਦਸਾ 29 ਅਪਰੈਲ ਨੂੰ ਹਾਈਵੇਅ 401 ’ਤੇ ਉਦੋਂ ਹੋਇਆ, ਜਦੋਂ ਪੁਲੀਸ ਸ਼ਰਾਬ ਦੇ ਠੇਕੇ ਲੁੱਟਣ ਵਾਲੇ ਮੁਲਜ਼ਮ ਗਗਨਦੀਪ ਸਿੰਘ ਦਾ ਪਿੱਛਾ ਕਰ ਰਹੀ ਸੀ। ਉਹ ਗਲਤ ਦਿਸ਼ਾ 'ਚ ਤੇਜ਼ ਰਫਤਾਰ ਨਾਲ 'ਯੂ ਹੌਲ' ਟਰੱਕ ਚਲਾ ਰਿਹਾ ਸੀ, ਜੋ ਸੈਮੀ ਟਰੇਲਰ ਟਰੱਕ ਨਾਲ ਟਕਰਾਅ ਗਿਆ। ਇਸ ਹਾਦਸੇ 'ਚ ਮੁਲਜ਼ਮ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਖ਼ਿਲਾਫ਼ ਚੋਰੀ ਅਤੇ ਡਕੈਤੀ ਦੇ ਦੋਸ਼ ਦਰਜ ਸਨ। ਉਹ ਜ਼ਮਾਨਤ 'ਤੇ ਰਿਹਾਅ ਸੀ ਤੇ 14 ਮਈ ਨੂੰ ਅਦਾਲਤ 'ਚ ਪੇਸ਼ ਹੋਣਾ ਸੀ।