ਕੈਨੇਡਾ: ਪ੍ਰਧਾਨ ਮੰਤਰੀ ਟਰੂਡੋ ਨੇ ਅਸਤੀਫ਼ਾ ਦਿੱਤਾ
ਗੁਰਮਲਕੀਅਤ ਸਿੰਘ ਕਾਹਲੋਂ
ਟੋਰਾਂਟੋ, 6 ਜਨਵਰੀ
ਪਾਰਟੀ ’ਚ ਅੰਦਰੂਨੀ ਖਿੱਚੋਤਾਣ ਅਤੇ ਲੋਕਾਂ ’ਚ ਡਿੱਗ ਰਹੇ ਵੱਕਾਰ ਕਾਰਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (53) ਨੇ ਅੱਜ ਅਸਤੀਫ਼ੇ ਦਾ ਐਲਾਨ ਕਰਦਿਆਂ ਹੁਕਮਰਾਨ ਲਿਬਰਲ ਪਾਰਟੀ ਨੂੰ ਨਵਾਂ ਨੇਤਾ ਚੁਣਨ ਲਈ ਆਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਦਾ ਮਤਲਬ ਹੈ ਕਿ ਉਹ ਅਗਲੀਆਂ ਚੋਣਾਂ ’ਚ ‘ਬਿਹਤਰੀਨ ਬਦਲ’ ਨਹੀਂ ਹੋ ਸਕਦੇ ਹਨ।
ਟਰੂਡੋ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੀ ਲਿਬਰਲ ਪਾਰਟੀ ਦੇ ਪ੍ਰਧਾਨ ਨੂੰ ਕਿਹਾ ਕਿ ਉਹ ਨਵੇਂ ਆਗੂ ਦੀ ਚੋਣ ਦਾ ਅਮਲ ਸ਼ੁਰੂ ਕਰਨ। ਟਰੂਡੋ ਨੇ ਆਪਣੀ ਰਿਹਾਇਸ਼ ਦੇ ਬਾਹਰ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਪਾਰਟੀ ਦੇ ਨਵੇਂ ਨੇਤਾ ਦੀ ਚੋਣ ਤੱਕ ਪ੍ਰਧਾਨ ਮੰਤਰੀ ਅਹੁਦੇ ’ਤੇ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਗਵਰਨਰ ਜਨਰਲ ਵੱਲੋਂ ਸੰਸਦ 24 ਮਾਰਚ ਤੱਕ ਮੁਅੱਤਲ ਰੱਖਣ ਦੀ ਬੇਨਤੀ ਨੂੰ ਪ੍ਰਵਾਨ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਦੋਂ ਤੱਕ ਪਾਰਟੀ ਦੇ ਨਵੇਂ ਆਗੂ ਦੀ ਚੋਣ ਵੀ ਹੋ ਜਾਵੇਗੀ। ਪਹਿਲਾਂ ਸੰਸਦ ਦਾ ਇਜਲਾਸ 27 ਜਨਵਰੀ ਤੋਂ ਸ਼ੁਰੂ ਹੋਣਾ ਸੀ। ਇਸ ਤੋਂ ਪਹਿਲਾਂ ‘ਗਲੋਬ ਐਂਡ ਮੇਲ’ ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਸੀ ਕਿ 2015 ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਚੱਲੇ ਆ ਰਹੇ ਟਰੂਡੋ ਵੱਲੋਂ ਕੌਮੀ ਕੌਕਸ ਦੀ ਬੁੱਧਵਾਰ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਅਸਤੀਫ਼ਾ ਦਿੱਤਾ ਜਾ ਸਕਦਾ ਹੈ। ਰਿਪੋਰਟ ’ਚ ਕਿਹਾ ਗਿਆ ਕਿ ਆਗੂ ਦੇ ਮੁੱਦੇ ’ਤੇ ਫ਼ੈਸਲਾ ਲੈਣ ਵਾਲੀ ਲਿਬਰਲ ਪਾਰਟੀ ਦੀ ਕੌਮੀ ਕਾਰਜਕਾਰਨੀ ਇਸ ਹਫ਼ਤੇ ਕੌਕਸ ਇਜਲਾਸ ਮਗਰੋਂ ਮੀਟਿੰਗ ਕਰ ਸਕਦੀ ਹੈ।
ਨਵੇਂ ਆਗੂ ਦੀ ਚੋਣ ਵਿੱਚ ਲੱਗ ਸਕਦੇ ਨੇ ਤਿੰਨ ਮਹੀਨੇ
ਲਿਬਰਲ ਪਾਰਟੀ ਦੇ ਇਕ ਸੂਤਰ ਨੇ ਦੱਸਿਆ ਕਿ ਲੀਡਰਸ਼ਿਪ ਦਾ ਫ਼ੈਸਲਾ ਕਰਨ ਵਿੱਚ ਘੱਟੋ ਘੱਟ ਤਿੰਨ ਮਹੀਨੇ ਲੱਗਣਗੇ, ਹਾਲਾਂਕਿ ਪਾਰਟੀ ਸੰਵਿਧਾਨ ਵਿੱਚ ਘੱਟੋ ਘੱਟ ਚਾਰ ਮਹੀਨੇ ਦਾ ਪ੍ਰਬੰਧ ਹੈ। ਜਸਟਿਨ ਟਰੂਡੋ ਦੇ ਅਸਤੀਫ਼ੇ ਦੀ ਖ਼ਬਰ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਦੇਸ਼ ਵਿੱਚ ਉਨ੍ਹਾਂ ਦੀ ਲੋਕਪ੍ਰਿਅਤਾ ਲਗਾਤਾਰ ਘੱਟਦੀ ਜਾ ਰਹੀ ਹੈ ਅਤੇ ਅਕਤੂਬਰ ਦੇ ਅਖ਼ੀਰ ਤੱਕ ਦੇਸ਼ ਵਿੱਚ ਚੋਣਾਂ ਹੋ ਸਕਦੀਆਂ ਹਨ। -ਪੀਟੀਆਈ