Canada: ਪ੍ਰਧਾਨ ਮੰਤਰੀ ਕਾਰਨੀ ਵੱਲੋਂ ਨਵੀਂ ਕੈਬਨਿਟ ਨਾਲ ਪਹਿਲੀ ਮੀਟਿੰਗ
ਵਿਨੀਪੈਗ, 15 ਮਈ
ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਵੇਂ ਬਣੇ ਮੰਤਰੀ ਮੰਡਲ ਦੀ ਬੁੱਧਵਾਰ ਨੂੰ ਪਹਿਲੀ ਵਾਰ ਪਾਰਲੀਮੈਂਟ ਹਿੱਲ ਵਿੱਚ ਬੈਠਕ ਹੋਈ। ਸਰਕਾਰ ਦੇ ਸਨਮੁੱਖ ਰੁਕੇ ਹੋਏ ਈਵੀ ਪ੍ਰਾਜੈਕਟਾਂ ਨੂੰ ਦਰੁਸਤ ਕਰਨ, ਪੱਛਮ ਵਿੱਚ ਵੱਖਵਾਦ ਅਤੇ ਟਰੰਪ ਦੀ ਵਪਾਰ ਜੰਗ ਨਾਲ ਨਜਿੱਠਣ ਵਰਗੀਆਂ ਕਈ ਚੁਨੌਤੀਆਂ ਹਨ।
ਕਾਰਨੀ ਨੇ ਕਿਹਾ ਕਿ ਰਹਿਣ-ਸਹਿਣ ਦੀ ਲਾਗਤ ਸਬੰਧੀ ਚਿੰਤਾਵਾਂ ਨੂੰ ਹੱਲ ਕਰਨ ਲਈ ਕੈਬਨਿਟ ਦਾ ਪਹਿਲਾ ਕੰਮ ਮੱਧ-ਸ਼੍ਰੇਣੀ ਦੇ ਟੈਕਸ ਵਿੱਚ ਕਟੌਤੀ ਬਾਬਤ ਤੁਰੰਤ ਕਾਨੂੰਨ ਬਣਾਉਣ ਲਈ ਨਿਰਦੇਸ਼ ਦੇਣਾ ਹੈ, ਜਿਸ ਨੂੰ ਸਰਕਾਰ ਇੱਕ ਅਜਿਹਾ ਬਦਲਾਅ ਕਹਿ ਰਹੀ ਹੈ ਜੋ ਦੋ-ਆਮਦਨ ਵਾਲੇ ਪਰਿਵਾਰਾਂ ਨੂੰ 840 ਡਾਲਰ ਪ੍ਰਤੀ ਸਾਲ ਤੱਕ ਦੀ ਬੱਚਤ ਦੇਵੇਗਾ।
ਕਾਰਨੀ ਨੇ ਨਿਰਦੇਸ਼ਾਂ ਦੇ ਇੱਕ ਨੋਟ ’ਤੇ ਦਸਤਖ਼ਤ ਕੀਤੇ, ਜਿਸ ਵਿੱਚ ਉਨ੍ਹਾਂ ਦੇ ਮੰਤਰੀਆਂ ਨੂੰ ਇਸ ਮਹੀਨੇ ਦੇ ਅੰਤ ਵਿੱਚ ਸੰਸਦ ਵਾਪਸ ਆਉਣ ’ਤੇ ਸਭ ਤੋਂ ਪਹਿਲਾਂ ਪੇਸ਼ ਕੀਤੇ ਜਾਣ ਵਾਲੇ ਕਾਨੂੰਨ ਨੂੰ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਗਿਆ। ਕਾਰਨੀ ਨੇ ਦਸਤਾਵੇਜ਼ ’ਤੇ ਦਸਤਖ਼ਤ ਕਰਨ ਤੋਂ ਪਹਿਲਾਂ ਕਿਹਾ ਕਿ ਉਹ ਇਸ ’ਤੇ ਕਾਰਵਾਈ ਕਰ ਰਹੇ ਹਨ ਤਾਂ ਜੋ 1 ਜੁਲਾਈ ਤੱਕ ਵਾਅਦੇ ਅਨੁਸਾਰ ਮੱਧ ਵਰਗ ਦੇ ਟੈਕਸ ਕਟੌਤੀ, ਜੋ ਫੈਡਰਲ ਆਮਦਨ ਕਰ ਅਦਾ ਕਰਨ ਵਾਲੇ 22 ਮਿਲੀਅਨ ਕੈਨੇਡੀਅਨ ਲਈ ਟੈਕਸ ਘਟਾਏਗੀ, ਲਾਗੂ ਹੋ ਜਾਵੇ।
ਕਾਰਨੀ ਨੇ ਨਾਗਰਿਕਾਂ ਲਈ ਨਿੱਜੀ ਆਮਦਨ ਕਰ ਦਰ ਨੂੰ ਇੱਕ ਫ਼ੀਸਦੀ ਘਟਾਉਣ ਦਾ ਵਾਅਦਾ ਕੀਤਾ ਹੈ, ਜਿਸ ਬਾਰੇ ਉਹ ਕਹਿੰਦੇ ਹਨ ਕਿ ਕੁਝ ਪਰਿਵਾਰਾਂ ਨੂੰ ਪ੍ਰਤੀ ਸਾਲ 840 ਡਾਲਰ ਤੱਕ ਦੀ ਬੱਚਤ ਹੋਵੇਗੀ।
ਵਿੱਤ ਮੰਤਰੀ ਨੇ ਇਸ ਕਦਮ ਨੂੰ ਮਹੱਤਵਪੂਰਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਲਿਬਰਲ ਟੈਕਸ-ਕੱਟ ਦਾ ਕਾਨੂੰਨ ਪ੍ਰਸਤਾਵ ਪੇਸ਼ ਕਰਨਗੇ ਅਤੇ ਉਹ ਉਮੀਦ ਕਰਦੇ ਹਨ ਕਿ ਵਿਰੋਧੀ ਪਾਰਟੀਆਂ ਕਾਨੂੰਨ ਦਾ ਸਮਰਥਨ ਕਰਨਗੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕੇ ਉਹ ਇਸ ਦੇਸ਼ ਨੂੰ ਇੱਕਜੁੱਟ ਕਰਨ ਲਈ ਕਾਫ਼ੀ ਗੰਭੀਰ ਹਨ ਅਤੇ ਜਦੋਂ ਚਰਚਾ ਊਰਜਾ, ਪਾਈਪ-ਲਾਈਨਾਂ ਅਤੇ ਇਸ ਤਰ੍ਹਾਂ ਦੇ ਮਾਮਲਿਆਂ ਦੀ ਆਉਂਦੀ ਹੈ ਤਾਂ ਕੈਬਨਿਟ ਵਿੱਚ ਪੱਛਮੀ ਆਵਾਜ਼ਾਂ ਸੁਣੀਆਂ ਜਾਣਗੀਆਂ। ਟਰੰਪ ਸਬੰਧੀ ਕਾਰਨੀ ਨੇ ਅਮਰੀਕੀ ਵਪਾਰ ਸਮੱਸਿਆ ਨਾਲ ਨਜਿੱਠਣ ਨੂੰ ਆਪਣੀ ਕੈਬਨਿਟ ਲਈ ਸਭ ਤੋਂ ਅਹਿਮ ਮੁੱਦਿਆਂ ਵਿੱਚੋਂ ਇੱਕ ਦੱਸਿਆ। ਪ੍ਰਧਾਨ ਮੰਤਰੀ ਦਫ਼ਤਰ ਨੇ ਉਨ੍ਹਾਂ ਲੋਕਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ ਜੋ ਕੈਬਨਿਟ ਦੀ ਨਵੀਂ ਸੁਰੱਖਿਅਤ ਅਤੇ ਪ੍ਰਭੂ ਸੱਤਾ ਸੰਪੰਨ ਕੈਨੇਡਾ ਕਮੇਟੀ ਦਾ ਹਿੱਸਾ ਹੋਣਗੇ। ਕਮੇਟੀ ਨੂੰ ਕੈਨੇਡਾ-ਅਮਰੀਕਾ ਸਬੰਧਾਂ ਦਾ ਪ੍ਰਬੰਧਨ ਕਰਨ ਦਾ ਜ਼ਿੰਮਾ ਦਿੱਤਾ ਜਾਵੇਗਾ ਅਤੇ ਕਾਰਨੀ ਨੇ ਕਿਹਾ ਹੈ ਕਿ ਇਸ ਦੀ ਅਗਵਾਈ ਉਹ ਨਿੱਜੀ ਤੌਰ ’ਤੇ ਕਰਨਗੇ। ਉਸ ਕਮੇਟੀ ਦੀ ਪ੍ਰਧਾਨਗੀ ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਕਰਨਗੇ, ਜੋ ਪਿਛਲੇ ਹਫ਼ਤੇ ਕਾਰਨੀ ਦੇ ਨਾਲ ਵਾਈਟ ਹਾਊਸ ਗਏ ਸਨ। ਕੈਨੇਡਾ ਡੇਅ ਤੱਕ ਅੰਤਰ ਸੂਬਾਈ ਵਪਾਰ ਰੁਕਾਵਟਾਂ ਨੂੰ ਦੂਰ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਜੋ ਕਿ ਕਾਰਨੀ ਦੀਆਂ ਮੁੱਖ ਚੋਣ ਮੁਹਿੰਮ ਵਚਨਬੱਧਤਾਵਾਂ ਵਿੱਚੋਂ ਇੱਕ ਹੈ।
ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਦੱਸਿਆ ਕਿ ਕੈਨੇਡਾ ਅਮਰੀਕਾ ’ਤੇ ਡਾਢਾ ਨਿਰਭਰ ਹੈ ਅਤੇ ਸਾਨੂੰ ਵਪਾਰ ਵਿੱਚ ਵਿਭਿੰਨਤਾ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਤਰਜੀਹਾਂ ਵਿੱਚੋਂ ਇੱਕ ਨਵੇਂ ਬਾਜ਼ਾਰ ਖੋਲ੍ਹਣਾ ਹੋਵੇਗਾ ਪਰ ਉਨ੍ਹਾਂ ਨੇ ਇਸ ਦੇ ਵੇਰਵੇ ਨਹੀਂ ਦਿੱਤੇ। ਅੰਤਰਰਾਸ਼ਟਰੀ ਮੁਦਰਾ ਫ਼ੰਡ (IMF) ਦਾ ਮੰਨਣਾ ਹੈ ਕਿ ਜੇਕਰ ਕੈਨੇਡਾ ਇਨ੍ਹਾਂ ਅੰਦਰੂਨੀ ਰੁਕਾਵਟਾਂ ਨੂੰ ਦੂਰ ਕਰਦਾ ਹੈ ਤਾਂ ਉਹ ਜੀਡੀਪੀ ਨੂੰ ਲਗਭਗ ਚਾਰ ਫ਼ੀਸਦੀ ਵਧਾ ਸਕਦਾ ਹੈ।