Canada News: ਢਾਹਾਂ ਪਰਿਵਾਰ ਨੇ ਆਲਮੀ ਪੱਧਰ ਦੇ ਪੰਜਾਬੀ ਸਾਹਿਤਕ ਇਨਾਮਾਂ ਦੀ ਵੰਡ ਕੀਤੀ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 15 ਨਵੰਬਰ
ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਢਾਹਾਂ ਤੋਂ ਦਹਾਕੇ ਪਹਿਲਾਂ ਕੈਨੇਡਾ ਆ ਕੇ ਵੱਸੇ ਢਾਹਾਂ ਪਰਿਵਾਰ ਵਲੋਂ ਬਰਜਿੰਦਰ ਸਿੰਘ ਢਾਹਾਂ (ਬਰਜ ਢਾਹਾਂ) ਦੀ ਅਗਵਾਈ ਹੇਠ 2014 ’ਚ ਸ਼ੁਰੂ ਕੀਤੇ ਢਾਹਾਂ ਪੰਜਾਬੀ ਸਾਹਿਤ ਇਨਾਮਾਂ ਦੀ ਲੜੀ ਹੇਠ ਪਿਛਲੇ ਸਾਲ (2023) ਪੰਜਾਬੀ ਤੇ ਸ਼ਾਹਮੁਖੀ ਵਿੱਚ ਲਿਖੀਆਂ ਸਾਹਿਤਕ ਕਿਤਾਬਾਂ ’ਚੋਂ ਉੱਤਮ ਕਿਤਾਬਾਂ ਦੇ ਲਿਖਾਰੀਆਂ ਦੀ ਚੋਣ ਕਰ ਕੇ ਉਨ੍ਹਾਂ ਨੂੰ ਵੱਡੀ ਰਕਮ ਦੇ ਇਨਾਮ ਵੱਡੇ ਗਏ। ਇਸ ਤਹਿਤ 25 ਹਜ਼ਾਰ ਡਾਲਰ ਦਾ ਪਹਿਲਾ ਇਨਾਮ ਪੰਜਾਬੀ ਲੇਖਕ ਤੇ ਪੰਜਾਬ ਰੋਡਵੇਜ਼ ਤੋਂ ਸੇਵਾ ਮੁਕਤ ਹੋਏ ਜਲੰਧਰ ਦੇ ਰਹਿਣ ਵਾਲੇ ਜਿੰਦਰ ਨੂੰ ਉਸਦੀ ਕਿਤਾਬ ‘ਸੇਫਟੀ ਕਿੱਟ’ ਲਈ ਦਿੱਤਾ ਗਿਆ। ਅੰਤਿਮ ਚੋਣ ਦੀ ਸੂਚੀ ਵਿੱਚ ਆਈ ਜੰਮੂ ਦੀ ਰਹਿਣ ਵਾਲੀ ਸੁਰਿੰਦਰ ਨੀਰ ਦੀ ਕਿਤਾਬ ‘ਟੈਬੂ’ ਅਤੇ ਸ਼ਾਹਮੁਖੀ ’ਚ ਛਪੀ ਕਿਤਾਬ ‘ਜੰਗਲ ਦੇ ਰਾਖੇ’ ਦੇ ਰਚੇਤਾ ਲਾਹੌਰ ਦੇ ਰਹਿਣ ਵਾਲੇ ਸ਼ਹਿਜ਼ਾਦ ਅਸਲਮ ਨੂੰ 10-10 ਹਜ਼ਾਰ ਡਾਲਰ ਦੇ ਹੌਸਲਾ ਅਫ਼ਜ਼ਾਈ ਇਨਾਮਾਂ ਨਾਲ ਨਿਵਾਜਿਆ ਗਿਆ।
ਇਸ ਮੌਕੇ ਬੋਲਦੇ ਹੋਏ ਬਰਜ ਢਾਹਾਂ ਨੇ ਕਿਹਾ ਕਿ ਇਸ ਵਾਰ ਦੀਆਂ ਜੇਤੂ ਕਿਤਾਬਾਂ ਦਾ ਪੰਜਾਬੀ ਤੋਂ ਸ਼ਾਹਮੁਖੀ ਅਤੇ ਸ਼ਾਹਮੁਖੀ ਤੋਂ ਪੰਜਾਬੀ ਵਿੱਚ ਲਿਪੀਅੰਤਰ ਕਰਨ ਵਾਲੇ ਲੇਖਕ ਨੂੰ 6 ਹਜ਼ਾਰ ਡਾਲਰ ਦੇ ਇਨਾਮ ਨਾਲ ਨਿਵਾਜਿਆ ਜਾਏਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਹਰ ਸਾਲ ਜਾਰੀ ਹੋਣ ਵਾਲੇ ਪੰਜਾਬੀ ਸਾਹਿਤ ਦੀਆਂ ਉੱਤਮ ਰਚਨਾਵਾਂ ਨੂੰ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਉਹ ਸੰਗਠਨ ਦੇ ਤੌਰ ‘ਤੇ ਚੜ੍ਹਦੇ ਅਤੇ ਲਹਿੰਦੇ ਪੰਜਾਬਾਂ ਵਿੱਚ ਵੱਸਦੇ ਲੋਕਾਂ ਵਿੱਚ ਬੋਲੀ ਦੀ ਸਾਂਝ ਦਾ ਪੁਲ ਬਣਾਉਣ ਵਾਸਤੇ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਪੁਲ ਨੂੰ ਹੋਰ ਪਕੇਰਾ ਕਰਨ ਵਾਸਤੇ ਇਸ ਵਾਰ ਤਿੰਨੇ ਕਿਤਾਬਾਂ ਦਾ ਇੱਕ ਦੂਜੀ ਲਿਪੀ ਵਿੱਚ ਲਿਪੀਅੰਤਰ ਕੀਤੇ ਜਾਣ ਬਾਰੇ ਸੋਚਿਆ ਗਿਆ ਤੇ ਇਹ ਯਤਨ ਬੜਾ ਪ੍ਰਭਾਵਸ਼ਾਲੀ ਹੋ ਸਾਬਤ ਹੋ ਸਕਦਾ ਹੈ। ਬਰਜ ਢਾਹਾਂ ਨੇ ਕਿਹਾ ਕਿ ਦੋਹਾਂ ਲਿਪੀਆਂ ਵਿੱਚ ਪ੍ਰਕਾਸ਼ਤ ਹੋ ਕੇ ਤਿੰਨੇ ਕਿਤਾਬਾਂ ਲੱਖਾਂ ਹੋਰ ਪਾਠਕਾਂ ਤੱਕ ਪਹੁੰਚਣਗੀਆਂ।
ਇਸ ਮੌਕੇ ਉਨ੍ਹਾਂ ਨੇ 2 ਲੱਖ ਡਾਲਰ ਦੇ ਢਾਹਾਂ ਲੁਮੀਨੇਰੀਜ਼ ਐਵਾਰਡ (ਫੰਡ) ਦਾ ਪਿਟਾਰਾ ਖੋਲਿਆ, ਜੋ ਆਲਮੀ ਪੱਧਰ ਦੀਆਂ ਪੰਜ ਯੂਨੀਵਰਸਿਟੀਆਂ ਵਿੱਚ ਐਮਏ ਪੰਜਾਬੀ ਕਰਦੇ 42 ਵਿਦਿਆਰਥੀਆਂ ਨੂੰ ਅਗਲੇ ਛੇ ਸਾਲਾਂ ਵਿੱਚ ਵੰਡੇ ਜਾਣਗੇ। ਦੱਸਣਾ ਬਣਦਾ ਹੈ ਕਿ ਢਾਹਾਂ ਇਨਾਮ ਆਲਮੀ ਪੱਧਰ ’ਤੇ ਪੰਜਾਬੀ ਸਾਹਿਤ ਰਚਨਾ ਵਿੱਚ ਦਿੱਤੇ ਜਾਣ ਵਾਲਾ ਸਭ ਤੋਂ ਵੱਡਾ ਐਵਾਰਡ ਹੈ। ਇਸ ਵਾਰ ਵਾਲਾ 11ਵਾਂ ਇਨਾਮ ਵੰਡ ਸਮਾਗਮ ਸੀ।
ਸਰੀ ਦੇ ਕਲੱਬ ਹਾਊਸ ਵਿੱਚ ਹੋਏ ਇਨਾਮ ਵੰਡ ਸਮਾਗਮ ਦੌਰਾਨ ਪਹਿਲਾ ਇਨਾਮ ਜੇਤੂ ਜਿੰਦਰ ਨੇ ਕਿਹਾ ਕਿ ਉਨ ਇਸ ਵੱਕਾਰੀ ਐਵਾਰਡ ਬਾਰੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ, ਜਿਸ ਨੂੰ ਜਿੱਤਣ ਤੋਂ ਬਾਦ ਉਸ ਉੱਤੇ ਹੋਰ ਚੰਗਾ ਲਿਖਣ ਦੀ ਜ਼ਿੰਮੇਵਾਰੀ ਆਣ ਪਈ ਹੈ। ਸੁਰਿੰਦਰ ਨੀਰ ਨੇ ਆਖਿਆ ਕਿ ਆਖਰੀ ਤਿੰਨਾਂ ਦੀ ਸੂਚੀ ਵਿੱਚ ਆਉਣ ਦੀ ਖੁਸ਼ੀ ਨੇ ਉਸ ਨੂੰ ਕੰਬਣੀ ਛੇੜ ਦਿੱਤੀ ਸੀ। ਸ਼ਹਿਜ਼ਾਦ ਅਸਲਮ ਨੇ ਕਿਹਾ ਕਿ ਉਸਦਾ ਲਿਖਣ ਦਾ ਜਨੂੰਨ ਹੁਣ ਜੋਸ਼ ਵਿੱਚ ਬਦਲ ਗਿਆ ਹੈ। ਇਸ ਮੌਕੇ ਬੋਲਦੇ ਹੋਏ ਬੀਸੀ ਵਿਧਾਨ ਸਭਾ ਦੇ ਮੈਂਬਰ ਤੇ ਸਾਬਕ ਸਪੀਕਰ ਰਾਜ ਚੌਹਾਨ ਨੇ ਕਿਹਾ ਕਿ ਢਾਹਾਂ ਪਰਿਵਾਰ ਦੇ ਇਸੇ ਯਤਨ ਤੋਂ ਸੇਧ ਲੈਕੇ ਹਰ ਸਾਲ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਪੰਜਾਬੀ ਸਾਹਿਤ ਹਫ਼ਤਾ ਦਾ ਐਲਾਨ ਮਨਾਇਆ ਜਾਂਦਾ ਹੈ। ਸਮਾਗਮ ਵਿੱਚ ਕਈ ਰਾਜਨਿਤਕ ਆਗੂ, ਸਮਾਜਿਕ ਕਾਰਕੁੰਨ ਤੇ ਮਾਤ ਭਾਸ਼ਾਵਾਂ ਨੂੰ ਪਿਆਰ ਕਰਨ ਵਾਲੀਆਂ ਸ਼ਖਸੀਅਤਾਂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮਾਗਮ ਨੂੰ ਕਈ ਵਿੱਤੀ ਸੰਸਥਾਵਾਂ ਵਲੋਂ ਵੀ ਸਪਾਂਸਰ ਕੀਤਾ ਜਾਂਦਾ ਹੈ, ਜਿੰਨਾਂ ਦੇ ਪ੍ਰਤੀਨਿਧੀ ਵੀ ਉੱਥੇ ਹਾਜ਼ਰ ਸਨ।