ਕੈਨੇਡਾ: ਪ੍ਰਧਾਨ ਮੰਤਰੀ ਜਸਟਿਨ ਟਰੁੂਡੋ ਵੱਲੋਂ ਅਸਤੀਫ਼ੇ ਦਾ ਐਲਾਨ
ਗੁਰਮਲਕੀਅਤ ਸਿੰਘ ਕਾਹਲੋਂ
ਟੋਰਾਂਟੋ, 6 ਜਨਵਰੀ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ(53) ਨੇ ਸੋਮਵਾਰ ਨੂੰ ਸੱਤਾਧਾਰੀ ਲਿਬਰਲ ਪਾਰਟੀ ਦੇ ਆਗੂ ਵਜੋਂ ਅਸਤੀਫੇ ਦਾ ਐਲਾਨ ਕਰਦਿਆਂ ਪਾਰਟੀ ਨੂੰ ਨਵੇਂ ਆਗੂ ਦੀ ਚੋਣ ਲਈ ਆਖ ਦਿੱਤਾ ਹੈ। ਟਰੂਡੋ ਨੇ ਆਪਣੀ ਅਧਿਕਾਰਤ ਰਿਹਾਇਸ਼ ਦੇ ਬਾਹਰ ਮੀਡੀਆ ਦੇ ਰੂਬਰੂ ਹੁੰਦਿਆਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਦਾ ਬਦਲ ਚੁਣੇ ਤੱਕ ਉਹ ਇਸ ਅਹੁਦੇ ’ਤੇ ਬਣੇ ਰਹਿਣਗੇ। ਉਨ੍ਹਾਂ ਗਵਰਨਰ ਜਨਰਲ ਵੱਲੋਂ ਸੰਸਦ 24 ਮਾਰਚ ਤੱਕ ਮੁਅੱਤਲ ਰੱਖਣ ਦੀ ਬੇਨਤੀ ਨੂੰ ਪ੍ਰਵਾਨ ਕਰਨ ਦਾ ਭਰੋਸਾ ਦਿੱਤਾ ਹੈ। ਟਰੂਡੋ ਨੇ ਕਿਹਾ ਕਿ ਉਦੋਂ ਤੱਕ ਪਾਰਟੀ ਦੇ ਨਵੇਂ ਆਗੂ ਦੀ ਚੋਣ ਵੀ ਹੋ ਜਾਵੇਗੀ। ਪਹਿਲਾਂ ਕੈਨੇਡੀਅਨ ਸੰਸਦ ਦਾ ਇਜਲਾਸ 27 ਜਨਵਰੀ ਤੋਂ ਸ਼ੁਰੂ ਹੋਣਾ ਸੀ
ਕਾਬਿਲੇਗੌਰ ਹੈ ਕਿ ਪਿਛਲੇ ਕਈ ਦਿਨਾਂ ਤੋਂ ਟਰੂਡੋ ਦੇ ਅਸਤੀਫ਼ੇ ਨੂੰ ਲੈ ਕੇ ਕਿਆਸ ਲਾਏ ਜਾ ਰਹੇ ਹਨ। ਲਿਬਰਲ ਪਾਰਟੀ ਅੰਦਰਲੀ ਖਿੱਚੋਤਾਣ ਤੇ ਘੱਟਦੇ ਵੱਕਾਰ ਕਰਕੇ ਟਰੂਡੋ ’ਤੇ ਅਸਤੀਫ਼ੇ ਨੂੰ ਲੈ ਕੇ ਲਗਾਤਾਰ ਦਬਾਅ ਵਧਦਾ ਜਾ ਰਿਹਾ ਸੀ। ਟਰੂਡੋ ਨੇ ਸਾਫ਼ ਕਰ ਦਿੱਤਾ ਕਿ ਉਹ ਅਗਾਮੀ ਚੋਣਾਂ ਵਿਚ ਪਾਰਟੀ ਦੀ ਅਗਵਾਈ ਲਈ ਸਹੀ ਬਦਲ ਨਹੀਂ ਹੋ ਸਕਦੇ। ਟਰੂਡੋ ਨਵੰਬਰ 2015 ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਸਨ ਤੇ ਉਸ ਮਗਰੋਂ ਦੋ ਵਾਰ ਚੋਣ ਜਿੱਤੇ।