ਤਿੱਬਤ ’ਚ ਜ਼ੋਰਦਾਰ ਭੂਚਾਲ ਕਾਰਨ 126 ਮੌਤਾਂ
ਪੇਈਚਿੰਗ, 7 ਜਨਵਰੀ
ਚੀਨ ’ਚ ਤਿੱਬਤ ਦੀ ਖੁਦਮੁਖਤਿਆਰੀ ਵਾਲੇ ਇਲਾਕੇ ਦੇ ਸ਼ਹਿਰ ਸ਼ਿਗਾਜ਼ੇ ਵਿੱਚ 6.8 ਦੀ ਸ਼ਿੱਦਤ ਨਾਲ ਭੂਚਾਲ ਆਇਆ, ਜਿਸ ਕਾਰਨ ਜਿੱਥੇ 126 ਵਿਅਕਤੀਆਂ ਦੀ ਮੌਤ ਹੋ ਗਈ, ਉੱਥੇ 188 ਜਣੇ ਜ਼ਖਮੀ ਹੋ ਗਏ। ਭੂਚਾਲ ਦੇ ਝਟਕੇ ਗੁਆਂਢੀ ਮੁਲਕ ਨੇਪਾਲ ’ਚ ਵੀ ਮਹਿਸੂਸ ਕੀਤੇ ਗਏ। ਖੇਤਰੀ ਆਫ਼ਤ ਪ੍ਰਬੰਧਨ ਮੁੱਖ ਦਫ਼ਤਰ ਮੁਤਾਬਕ ਇਹ ਭੂਚਾਲ ਸ਼ਿਗਾਜ਼ੇ ਦੀ ਡਿੰਗਰੀ ਕਾਊਂਟੀ ’ਚ ਸਵੇਰੇ 9.05 ਵਜੇ ਆਇਆ। ਹਾਲਾਂਕਿ, ਅਮਰੀਕਾ ਦੀ ਜੀਓਲੌਜੀਕਲ ਸਰਵਿਸ ਨੇ ਭੂਚਾਲ ਦੀ ਤੀਬਰਤਾ 7.1 ਦੱਸੀ ਹੈ। ਮੁਲਕ ਦੀ ਖ਼ਬਰ ਏਜੰਸੀ ‘ਸ਼ਿਨਹੁਆ’ ਮੁਤਾਬਕ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਤੇ ਬਚਾਅ ਕਾਰਜ ਚਲਾਉਣ ਦੇ ਹੁਕਮ ਦਿੱਤੇ ਹਨ। ਭੂਚਾਲ ਮਗਰੋਂ ਚੀਨ ਦੇ ਭੂਚਾਲ ਪ੍ਰਬੰਧਨ ਵਿਭਾਗ ਨੇ ਲੈਵਲ-2 ਦੀ ਐਮਰਜੈਂਸੀ ਸੇਵਾ ਸ਼ੁਰੂ ਕਰਦਿਆਂ ਪ੍ਰਭਾਵਿਤ ਥਾਂ ’ਤੇ ਸਹਾਇਤਾ ਟੀਮ ਭੇਜੀ।
ਇਸ ਦੌਰਾਨ, ਸ਼ੀਜਾਂਗ ਖ਼ੁਦਮੁਖਤਿਆਰ ਖਿੱਤੇ ਨੇ ਵੀ ਭੂਚਾਲ ਮਗਰੋਂ ਲੈਵਲ-2 ਦੀ ਐਮਰਜੈਂਸੀ ਦਾ ਐਲਾਨ ਕੀਤਾ। ਕੇਂਦਰੀ ਅਧਿਕਾਰੀਆਂ ਵੱਲੋਂ ਭੂਚਾਲ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਭੇਜੀ ਗਈ ਹੈ। ਫੀਲਡ ਵਿੱਚ 1,500 ਤੋਂ ਵੱਧ ਸਥਾਨਕ ਫਾਇਰ ਫਾਈਟਰ ਤੇ ਬਚਾਅ ਕਾਮੇ ਭੇਜੇ ਗਏ ਹਨ। ਸ਼ਿਗਾਜ਼ੇ (ਜਿਸਨੂੰ ਸ਼ਿਗਸਤੇ ਵਜੋਂ ਵੀ ਜਾਣਿਆ ਜਾਂਦਾ ਹੈ) ਭਾਰਤ ਦੀ ਸਰਹੱਦ ਦੇ ਨੇੜੇ ਹੀ ਸਥਿਤ ਹੈ, ਜਿਸਨੂੰ ਤਿੱਬਤ ਵਿੱਚ ਸਭ ਤੋਂ ਵੱਧ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ। ਇਹ ਪੰਚੇਨ ਲਾਮਾ ਦਾ ਰਵਾਇਤੀ ਸਥਾਨ ਹੈ, ਜਿਨ੍ਹਾਂ ਨੂੰ ਤਿੱਬਤ ਦੇ ਬੁੱਧ ਧਰਮ ਵਿੱਚ ਅਹਿਮ ਸ਼ਖ਼ਸੀਅਤ ਮੰਨਿਆ ਜਾਂਦਾ ਹੈ, ਜਿਨ੍ਹਾਂ ਦਾ ਸਥਾਨ ਦਲਾਈ ਲਾਮਾ ਤੋਂ ਬਾਅਦ ਦੂਜੇ ਨੰਬਰ ’ਤੇ ਆਉਂਦਾ ਹੈ। ਭੂਚਾਲ ਦਾ ਕੇਂਦਰ ਡਿੰਗਰੀ ਕਾਊਂਟੀ ਦਾ ਸੋਗੋ ਕਸਬਾ ਸੀ, ਜਿਸਦੀ ਆਬਾਦੀ ਲਗਪਗ 6,900 ਹੈ ਜੋ ਵੀਹ ਕਿਲੋਮੀਟਰ ਦੇ ਖੇਤਰ ’ਚ ਫੈਲਿਆ ਹੈ, ਜਿਸ ’ਚ 27 ਪਿੰਡ ਆਉਂਦੇ ਹਨ। ਭੂਚਾਲ ਦਾ ਕੇਂਦਰ ਉੱਤਰ-ਪੂਰਬੀ ਨੇਪਾਲ ਦੀ ਖੁੰਬੂ ਹਿਮਾਲਿਆਈ ਰੇਂਜ ’ਚ ਸਥਿਤ ਲੋਬਸਟ ਦੇ 90 ਕਿਲੋਮੀਟਰ ਉੱਤਰ-ਪੂਰਬ ’ਚ ਹੈ। -ਪੀਟੀਆਈ
ਭਾਰਤ ਨੇ ਜਾਨ-ਮਾਲ ਦੇ ਨੁਕਸਾਨ ’ਤੇ ਦੁੱਖ ਪ੍ਰਗਟਾਇਆ
ਨਵੀਂ ਦਿੱਲੀ: ਭਾਰਤ ਨੇ ਭੂਚਾਲ ਕਾਰਨ ਤਿੱਬਤ ਵਿੱਚ ਹੋਏ ਜਾਨੀ ਤੇ ਮਾਲੀ ਨੁਕਸਾਨ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਐਕਸ ’ਤੇ ਲਿਖਿਆ,‘ਤਿੱਬਤ ’ਚ ਆਏ ਭੂਚਾਲ ਕਾਰਨ ਵੱਡੀ ਗਿਣਤੀ ’ਚ ਹੋਈਆਂ ਮੌਤਾਂ ਤੇ ਸੰਪੱਤੀ ਦੇ ਨੁਕਸਾਨ ਲਈ ਭਾਰਤ ਸਰਕਾਰ ਤੇ ਸਥਾਨਕ ਲੋਕ ਦੁੱਖ ਦਾ ਇਜ਼ਹਾਰ ਕਰਦੇ ਹਨ। ਸਾਡੀਆਂ ਦੁਆਵਾਂ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ।’ ਇਸ ਦੌਰਾਨ ਤਿੱਬਤ ਦੇ ਅਧਿਆਤਮਕ ਆਗੂ ਦਲਾਈ ਲਾਮਾ ਨੇ ਵੀ ਵੱਡੀ ਗਿਣਤੀ ’ਚ ਲੋਕਾਂ ਦੇ ਮਾਰੇ ਜਾਣ ’ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। -ਪੀਟੀਆਈ
ਨੇਪਾਲ ਵਿੱਚ ਵੀ ਮਹਿਸੂਸ ਕੀਤੇ ਗਏ ਝਟਕੇ
ਇੰਨੇ ਜਬਰਦਸਤ ਭੂਚਾਲ ਮਗਰੋਂ ਲੋਕ ਘਰਾਂ ਤੋਂ ਬਾਹਰ ਵੱਲ ਭੱਜੇ। ਕਾਵਰੇਪਾਲਨਚੌਕ, ਸਿੰਧੂਪਾਲਨਚੌਕ ਢਾਡਿੰਗ ਤੇ ਸੋਲੋਖੁੰਬੂ ਜ਼ਿਲ੍ਹਿਆਂ ’ਚ ਇਹ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ, ਨੇਪਾਲ ਪੁਲੀਸ ਦੇ ਬੁਲਾਰੇ ਮੁਤਾਬਕ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਸ਼ਾਂਖੂਵਸਭਾ ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰ ਦੇ ਇੱਕ ਅਧਿਕਾਰੀ ਮੁਤਾਬਕ ਭੂਚਾਲ ਕਾਰਨ ਕਿਮਾਥਾਂਕਾ ਪੇਂਡੂ ਨਗਰਪਾਲਿਕਾ ਇਲਾਕੇ ਵਿੱਚ ਪੱਥਰਾਂ ਦੀ ਬਣੀ ਇੱਕ ਦੋ ਮੰਜ਼ਿਲਾ ਇਮਾਰਤ ਢਹਿ ਗਈ।