ਕੈਨੇਡਾ ਦੀ ਘਟਨਾ
ਬਰੈਂਪਟਨ ਵਿੱਚ ਹਿੰਦੂ ਸਭਾ ਮੰਦਿਰ ਵਿੱਚ ਵਾਪਰੀ ਨਿੰਦਾਜਨਕ ਘਟਨਾ ਤੋਂ ਉਜਾਗਰ ਹੁੰਦਾ ਹੈ ਕਿ ਕੈਨੇਡਾ ਨੇ ਸੰਵੇਦਨਸ਼ੀਲ ਸਥਿਤੀ ਨੂੰ ਕਿੰਨੇ ਅਕੁਸ਼ਲ ਢੰਗ ਨਾਲ ਸਿੱਝਣ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਸਾਲ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਜਸਟਿਨ ਟਰੂਡੋ ਸਰਕਾਰ ਦੀਆਂ ਚਾਰਾਜੋਈਆਂ ਕਰ ਕੇ ਭਾਰਤ ਨਾਲ ਉਸ ਦੇ ਸਬੰਧਾਂ ਵਿੱਚ ਵਿਗਾੜ ਆਇਆ ਸੀ, ਉਸ ਦਿਸ਼ਾ ਵਿੱਚ ਇਹ ਨਵੀਂ ਨਿਵਾਣ ਨਜ਼ਰ ਆ ਰਹੀ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਮੰਦਿਰ ਵਿੱਚ ਵਾਪਰੀ ਹਿੰਸਾ ਦੀ ਘਟਨਾ ਦੀ ਨਿਖੇਧੀ ਕੀਤੀ ਹੈ ਅਤੇ ਇਹ ਵੀ ਆਖਿਆ ਹੈ ਕਿ ਹਰੇਕ ਕੈਨੇਡੀਅਨ ਨੂੰ ਸੁਤੰਤਰ ਅਤੇ ਸੁਰੱਖਿਅਤ ਰੂਪ ਵਿੱਚ ਆਪਣੇ ਧਰਮ ਦੀ ਪਾਲਣਾ ਕਰਨ ਦਾ ਹੱਕ ਹਾਸਿਲ ਹੈ ਪਰ ਉਨ੍ਹਾਂ ਨੂੰ ਇਹ ਖ਼ੁਲਾਸਾ ਕਰਨ ਦੀ ਵੀ ਲੋੜ ਹੈ ਕਿ ਭਾਰਤ ਵਿਰੋਧੀ ਅਨਸਰ ਕਿਵੇਂ ਖੁੱਲ੍ਹੇਆਮ ਵਿਚਰ ਰਹੇ ਹਨ। ਇਹ ਇਲਜ਼ਾਮ ਵੀ ਲਾਏ ਜਾ ਰਹੇ ਹਨ ਕਿ ਪੁਲੀਸ ਨੇ ਹਿੰਦੂ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਇਆ ਅਤੇ ਖ਼ਾਲਿਸਤਾਨੀ ਸਮਰਥਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।
ਕੈਨੇਡਾ ਵਿੱਚ ਹਿੰਦੂਆਂ ਅਤੇ ਸਿੱਖਾਂ ਵਿਚਕਾਰ ਵਧ ਰਿਹਾ ਤਣਾਅ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਆਏ ਨਿਘਾਰ ਨਾਲ ਨੇੜਿਓਂ ਜੁੜਿਆ ਹੋਇਆ ਹੈ। ਕੈਨੇਡਾ ਦੇ ਉਪ ਵਿਦੇਸ਼ ਮੰਤਰੀ ਡੇਵਿਡ ਮੌਰੀਸਨ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਮੁਲਕ ਵਿੱਚ ਸਿੱਖ ਕਾਰਕੁਨਾਂ ਨੂੰ ਹਿੰਸਾ ਅਤੇ ਧਮਕੀਆਂ ਦਾ ਨਿਸ਼ਾਨਾ ਬਣਾਉਣ ਲਈ ਵਿੱਢੀ ਮੁਹਿੰਮ ਦਾ ਸੰਚਾਲਨ ਗ੍ਰਹਿ ਮੰਤਰੀ ਅਮਿਤ ਸ਼ਾਹ ਕਰ ਰਹੇ ਸਨ; ਨਵੀਂ ਦਿੱਲੀ ਨੇ ਇਸ ਦੋਸ਼ ਨੂੰ ਬੇਬੁਨਿਆਦ ਕਰਾਰ ਦੇ ਕੇ ਰੱਦ ਕਰ ਦਿੱਤਾ ਸੀ ਪਰ ਇਸ ਨਾਲ ਕੈਨੇਡਾ ਵਿੱਚ ਖ਼ਾਲਿਸਤਾਨ ਪੱਖੀਆਂ ਦਾ ਮਨੋਬਲ ਵਧਿਆ ਸੀ ਅਤੇ ਉਨ੍ਹਾਂ ਭਾਰਤ ਖ਼ਿਲਾਫ਼ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਸੀ। ਇਨ੍ਹਾਂ ਦੇ ਭਾਰਤ ਵਿਰੋਧੀ ਰੋਸ ਪ੍ਰਦਰਸ਼ਨਾਂ ਨੇ ਇਨ੍ਹਾਂ ਨੂੰ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਨਾਲ ਟਕਰਾਅ ਦੇ ਰਾਹ ’ਤੇ ਪਾ ਦਿੱਤਾ ਹੈ।
ਕੈਨੇਡਾ ਜੋ ਮਾਣ ਨਾਲ ਖ਼ੁਦ ਨੂੰ ਸ਼ਾਂਤੀ ਪਸੰਦ ਮੁਲਕ ਅਤੇ ਮੌਕਿਆਂ ਦੀ ਧਰਤੀ ਦੱਸਦਾ ਹੈ, ਨੂੰ ਉਨ੍ਹਾਂ ਤੱਤਾਂ ਨਾਲ ਸਖ਼ਤੀ ਨਾਲ ਨਜਿੱਠਣ ਦੀ ਲੋੜ ਹੈ ਜਿਹੜੇ ਭਾਈਚਾਰਕ ਸਦਭਾਵਨਾ ਤੇ ਜਨਤਕ ਪ੍ਰਬੰਧ ਨੂੰ ਭੰਗ ਕਰਦੇ ਹਨ। ਇਸ ਨੂੰ ਸਮੱਸਿਆਵਾਂ ਪੈਦਾ ਕਰਨ ਵਾਲਿਆਂ ਤੇ ਭੜਕਾਊ ਤੱਤਾਂ ਖ਼ਿਲਾਫ਼ ਕਰੜੀ ਕਾਰਵਾਈ ਕਰਨੀ ਚਾਹੀਦੀ ਹੈ, ਭਾਵੇਂ ਉਹ ਕਿਸੇ ਵੀ ਫ਼ਿਰਕੇ ਨਾਲ ਸਬੰਧ ਕਿਉਂ ਨਾ ਰੱਖਦੇ ਹੋਣ। ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ’ਤੇ ਕੈਨੇਡੀਅਨ ਧਰਤੀ ਦੀ ਵਰਤੋਂ ਭਾਰਤ ਵਿਰੁੱਧ ਜ਼ਹਿਰ ਉਗਲਣ ਲਈ ਹੋਣ ਦੇਣ ਨਾਲ ਟਰੂਡੋ ਸਰਕਾਰ ਦੀਆਂ ਕੂਟਨੀਤਕ ਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਸੱਟ ਵੱਜੀ ਹੈ। ਅਜਿਹੀਆਂ ਘਟਨਾਵਾਂ ਨਾਲ ਭਾਈਚਾਰੇ ਦੇ ਹੋਰਨਾਂ ਮੈਂਬਰਾਂ ਦੀ ਸਲਾਮਤੀ ਤੇ ਸੁਰੱਖਿਆ ਦਾਅ ਉੱਤੇ ਲੱਗ ਗਈ ਹੈ ਜਿਹੜੇ ਕਾਨੂੰਨ ਦਾ ਪਾਲਣ ਕਰਦੇ ਹਨ। ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ ਭਾਰਤ-ਕੈਨੇਡਾ ਸਬੰਧਾਂ ਨੂੰ ਬਚਾਉਣ ਲਈ ਜਲਦੀ ਤੋਂ ਜਲਦੀ ਸੰਜੀਦਗੀ ਨਾਲ ਕੋਸ਼ਿਸ਼ਾਂ ਆਰੰਭ ਦੇਣੀਆਂ ਚਾਹੀਦੀਆਂ ਹਨ।