Canada Earthquake: ਵੈਨਕੂਵਰ ’ਚ ਭੂਚਾਲ ਦੇ ਝਟਕੇ
ਵੈਨਕੂਵਰ, 22 ਫਰਵਰੀ
Vancouver ਤੇ ਆਲੇ-ਦੁਆਲੇ ਦੇ ਖੇਤਰ ਵਿੱਚ ਸ਼ੁੱਕਰਵਾਰ ਸ਼ਾਮ ਸਮੇਂ ਭੂਚਾਲ ਦੇ ਝਟਕੇ ਲੱਗੇ ਪਰ ਕਿਸੇ ਵੀ ਥਾਂ ਤੋਂ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 4.7 ਮਾਪੀ ਗਈ ਹੈ।
ਵਿਭਾਗ ਅਨੁਸਾਰ ਇੰਜ ਦੇ ਝਟਕੇ ਕਰੀਬ 10 ਸਾਲ ਪਹਿਲਾਂ ਲੱਗੇ ਸਨ। ਖੇਤਰ ਦੇ ਭੂਚਾਲ ਦਾ ਕੇਂਦਰ ਬਿੰਦੂ ਸਨਸ਼ਾਈਨ ਖੇਤਰ ਸੀ, ਜਿੱਥੇ ਧਰਤੀ ਹੇਠ ਇੱਕ ਕਿਲੋਮੀਟਰ ਤੱਕ ਦੀਆਂ ਪਰਤਾਂ ਦਾ ਖਿਸਕਾਅ ਨੋਟ ਕੀਤਾ ਗਿਆ ਹੈ।
ਵਿਭਾਗੀ ਮਾਹਿਰ ਜੌਹਨ ਕੈਸਿਡੀ ਅਨੁਸਾਰ ਉੱਚੀਆਂ ਇਮਾਰਤਾਂ ਦੇ ਲੋਕਾਂ ਨੂੰ ਝਟਕੇ ਵੱਧ ਮਹਿਸੂਸ ਹੋਏ, ਜਦ ਕਿ ਧਰਾਤਲ ’ਤੇ ਰਹਿੰਦੇ ਕਈ ਲੋਕਾਂ ਨੂੰ ਇਸ ਦਾ ਪਤਾ ਵੀ ਨਹੀਂ ਲੱਗਾ। ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਅਗਲੇ ਕੁਝ ਦਿਨ ਹੋਰ ਝਟਕੇ ਵੀ ਮਹਿਸੂਸ ਕੀਤੇ ਜਾ ਸਕਦੇ ਹਨ, ਜੋ ਕਿ ਇਸ ਤੋਂ ਘੱਟ ਤੀਬਰਤਾ ਦੇ ਹੀ ਹੋਣਗੇ।
ਭੂਚਾਲ ਦੇ ਝਟਕਿਆਂ ਤੋਂ ਬਾਦ ਵਿਭਾਗੀ ਮਾਹਿਰਾਂ ਵੱਲੋਂ ਆਪਣੇ ਅਧੀਨ ਆਉਂਦੇ ਉੱਚੇ ਪੁਲਾਂ ਅਤੇ ਅਜਿਹੀਆਂ ਇਮਾਰਤਾਂ ਦੀ ਸੁਰੱਖਿਆ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਸੰਭਾਵੀ ਖਤਰੇ ਨੂੰ ਟਾਲਿਆ ਜਾ ਸਕੇ।
ਹੌਰਸ ਸ਼ੂਅ ਬੇਅ ਫੈਰੀ ਟਰਮੀਨਲ ਤੋਂ ਚਲਣ ਵਾਲੀਆਂ ਫੈਰੀਆਂ ਨੂੰ ਭੇਜਣ ਤੋਂ ਪਹਿਲਾਂ ਉੱਥੋਂ ਦੇ ਢਾਚਿਆਂ ਦੀ ਜਾਂਚ ਵੀ ਸ਼ੁਰੂ ਕੀਤੀ ਗਈ ਹੈ।