ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਲਾਇਬ੍ਰੇਰੀ ਵਿਚ ਅੱਗ ਲੱਗਣ ਕਾਰਨ ਪ੍ਰੀਖਿਆ ਰੱਦ ਹੋਈ
ਨਵੀਂ ਦਿੱਲੀ, 15 ਮਈ
ਇੱਥੇ ਵੀਰਵਾਰ ਸਵੇਰੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ (ਐਸ.ਜੀ.ਜੀ.ਐਸ.ਸੀ.ਸੀ.) ਦੀ ਲਾਇਬ੍ਰੇਰੀ ਵਿਚ ਅੱਗ ਲੱਗਣ ਕਾਰਨ ਸਵੇਰ ਦੇ ਸੈਸ਼ਨ ਲਈ ਨਿਰਧਾਰਤ ਸਮੈਸਟਰ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ। ਕਾਲਜ ਦੇ ਅਧਿਕਾਰੀਆਂ ਨੇ ਕਿਹਾ ਕਿ ਅੱਗ ਲਾਇਬ੍ਰੇਰੀ ਦੇ ਸਰਵਰ ਵਿਚ ਸ਼ਾਰਟ ਸਰਕਟ ਕਾਰਨ ਲੱਗੀ। ਉਨ੍ਹਾਂ ਕਿਹਾ "ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ਵਿਖੇ 15 ਮਈ 2025 ਦੀ ਸਵੇਰ ਦੇ ਸੈਸ਼ਨ ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ। ਵਿਕਲਪਿਕ ਮਿਤੀ ਅਤੇ ਸਮਾਂ-ਸਾਰਣੀ ਜਲਦੀ ਹੀ ਸੂਚਿਤ ਕੀਤੀ ਜਾਵੇਗੀ।’’ ਉਨ੍ਹਾਂ ਦੱਸਿਆ ਕਿ ਅੱਗ ਨੇ ਲਾਇਬ੍ਰੇਰੀ ਦੇ ਉਸ ਹਿੱਸੇ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਜਿੱਥੇ ਪੁਰਾਣੀਆਂ ਅਤੇ ਪੁਰਾਲੇਖ ਕਿਤਾਬਾਂ ਹਨ। ਇਹ ਥਾਂ ਧੂੰਏਂ ਨਾਲ ਭਰੀ ਹੋਈ ਹੈ, ਨੁਕਸਾਨ ਦਾ ਸਹੀ ਮੁਲਾਂਕਣ ਸਿਰਫ਼ ਉਦੋਂ ਹੀ ਸੰਭਵ ਹੋਵੇਗਾ ਜਦੋਂ ਇਹ ਸਾਫ਼ ਹੋ ਜਾਵੇਗਾ।
ਡੀਐੱਫਐੱਸ ਦੇ ਇਕ ਅਧਿਕਾਰੀ ਨੇ ਦੱਸਿਆ, "ਅੱਗ ਸਵੇਰੇ 8.55 ਵਜੇ ਦੇ ਕਰੀਬ ਲੱਗੀ ਅਤੇ ਚਾਰ ਮੰਜ਼ਿਲਾ ਲਾਇਬ੍ਰੇਰੀ ਦੀ ਪਹਿਲੀ, ਦੂਜੀ ਅਤੇ ਤੀਜੀ ਮੰਜ਼ਿਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ।" ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ 11 ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ। ਡੀਐੱਫਐੱਸ ਦੇ ਅਨੁਸਾਰ ਸਵੇਰੇ 9.40 ਵਜੇ ਤੱਕ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ। -ਪੀਟੀਆਈ