For the best experience, open
https://m.punjabitribuneonline.com
on your mobile browser.
Advertisement

ਕੈਨੇਡਾ ਨੇ ਨਿੱਝਰ ਕਤਲ ਕੇਸ ’ਚ ਨਹੀਂ ਦਿੱਤੇ ਸਬੂਤ: ਵਿਦੇਸ਼ ਮੰਤਰਾਲਾ

06:36 AM May 10, 2024 IST
ਕੈਨੇਡਾ ਨੇ ਨਿੱਝਰ ਕਤਲ ਕੇਸ ’ਚ ਨਹੀਂ ਦਿੱਤੇ ਸਬੂਤ  ਵਿਦੇਸ਼ ਮੰਤਰਾਲਾ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 9 ਮਈ
ਵਿਦੇਸ਼ ਮੰਤਰਾਲੇ ਦੇ ਤਰਜਮਾਨ ਹਰਦੀਪ ਸਿੰਘ ਨਿੱਝਰ ਨੇ ਕਿਹਾ ਕਿ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫ਼ਤਾਰ ਤਿੰਨ ਭਾਰਤੀਆਂ ਨੇ ਅਜੇ ਤੱਕ ਸਫ਼ਾਰਤੀ ਰਸਾਈ ਨਹੀਂ ਮੰਗੀ ਹੈ। ਜੈਸਵਾਲ ਨੇ ਜ਼ੋਰ ਦੇ ਕੇ ਆਖਿਆ ਕਿ ਕੈਨੇਡਾ ਨੇ ਅਜੇ ਤੱਕ ਭਾਰਤ ਨੂੰ ਇਸ ਮਾਮਲੇ ਵਿਚ ਕੋਈ ‘ਵਿਸ਼ੇਸ਼’ ਸਬੂਤ ਜਾਂ ਜਾਣਕਾਰੀ ਮੁਹੱਈਆ ਨਹੀਂ ਕਰਵਾਈ। ਜੈਸਵਾਲ ਨੇ ਕਿਹਾ ਕਿ ਕੈਨੇਡਾ ਨੇ ਉਨ੍ਹਾਂ ਨੂੰ ਸਿਰਫ਼ ਉਪਰੋਕਤ ਗ੍ਰਿਫ਼ਤਾਰੀਆਂ ਬਾਰੇ ਸੂਚਿਤ ਕੀਤਾ ਹੈ, ਪਰ ਇਸ ਵਿਸ਼ੇ ’ਤੇ ਕੋਈ ਰਸਮੀ ਕੂਟਨੀਤਕ ਚਿੱਠੀ ਪੱਤਰ ਨਹੀਂ ਭੇਜਿਆ। ਜੈਸਵਾਲ ਨੇ ਆਪਣੀ ਹਫ਼ਤਾਵਾਰੀ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ, ‘‘ਮੈਂ ਸਾਫ਼ ਕਰ ਦਿਆਂ ਕਿ ਕੈਨੇਡੀਅਨ ਅਥਾਰਿਟੀਜ਼ ਨੇ ਅਜੇੇ ਤੱਕ ਨਿੱਝਰ ਹੱਤਿਆ ਮਾਮਲੇ ਵਿਚ ਕੋਈ ਵਿਸ਼ੇਸ਼ ਜਾਂ ਸਬੰਧਤ ਸਬੂਤ ਜਾਂ ਜਾਣਕਾਰੀ ਸਾਂਝੀ ਨਹੀਂ ਕੀਤੀ। ਲਿਹਾਜ਼ਾ ਤੁਸੀਂ ਸਾਡੇ ਵਿਚਾਰ ਨੂੰ ਸਮਝੋਗੇ ਕਿ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਰਾਇ ਕਾਇਮ ਕੀਤੀ ਜਾ ਰਹੀ ਹੈ।’’ ਉਨ੍ਹਾਂ ਕਿਹਾ, ‘‘ਜ਼ਾਹਿਰਾ ਤੌਰ ’ਤੇ ਸਿਆਸੀ ਹਿੱਤਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਅਸੀਂ ਲੰਮੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਕਿ ਹਿੰਸਾ ਦੀ ਵਕਾਲਤ/ਹਮਾਇਤ ਕਰਨ ਵਾਲਿਆਂ, ਵੱਖਵਾਦੀਆਂ ਤੇ ਕੱਟੜਪੰਥੀਆਂ ਨੂੰ ਕੈਨੇਡਾ ਵਿਚ ਸਿਆਸੀ ਜ਼ਮੀਨ ਦਿੱਤੀ ਜਾ ਰਹੀ ਹੈ। ਸਾਡੇ ਡਿਪਲੋਮੈਟਾਂ ਨੂੰ ਧਮਕਾਇਆ ਜਾ ਰਿਹੈ ਤੇ ਉਨ੍ਹਾਂ ਨੂੰ ਕੰਮ ਕਰਨ ਤੋਂ ਰੋਕਣ ਲਈ ਅੜਿੱਕੇ ਡਾਹੇ ਜਾ ਰਹੇ ਹਨ। ਅਸੀਂ ਕੈਨੇਡੀਅਨ ਅਥਾਰਿਟੀਜ਼ ਦੇ ਧਿਆਨ ਵਿਚ ਵੀ ਲਿਆਂਦਾ ਹੈ ਕਿ ਕੁਝ ਲੋਕ, ਜੋ ਭਾਰਤ ਵਿਚ ਸੰਗਠਿਤ ਅਪਰਾਧ ਨਾਲ ਜੁੜੇ ਹੋਏ ਹਨ, ਨੂੰ ਕੈਨੇਡਾ ਵਿਚ ਦਾਖ਼ਲਾ ਤੇ ਰਹਿਣ ਲਈ ਥਾਂ ਦਿੱਤੀ ਜਾ ਰਹੀ ਹੈ।’’ ਕੈਨੇਡਾ ਪੁਲੀਸ ਨੇ ਪਿਛਲੇ ਹਫ਼ਤੇ ਤਿੰਨ ਭਾਰਤੀ ਨਾਗਰਿਕਾਂ, ਜੋ ਸਟੱਡੀ ਵੀਜ਼ਾ ’ਤੇ ਕੈਨੇਡਾ ਗਏ ਸਨ, ਉੱਤੇ ਨਿੱਝਰ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਹਨ। ਜੈਸਵਾਲ ਨੇ ਸ਼ਿਕਾਇਤ ਕੀਤੀ ਕਿ ਕੈਨੇਡੀਅਨ ਅਥਾਰਿਟੀਜ਼ ਨਾਲ ਕਈ ਵਾਰ ਵਿਚਾਰ ਚਰਚਾ ਕਰਨ ਦੇ ਬਾਵਜੂਦ ਕੁਝ ਵੱਖਵਾਦੀਆਂ/ ਕੱਟੜਪੰਥੀਆਂ ਨੂੰ ਭਾਰਤ ਹਵਾਲੇ ਕਰਨ ਸਬੰਧੀ ਅਪੀਲਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।

Advertisement

Advertisement
Author Image

joginder kumar

View all posts

Advertisement
Advertisement
×