ਕੈਨੇਡਾ: ਜਵਾਰਭਾਟੇ ਦੀ ਲਪੇਟ ਵਿੱਚ ਆਉਣ ਕਾਰਨ ਚਾਰ ਨਾਬਾਲਗਾਂ ਦੀ ਮੌਤ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 4 ਜੂਨ
ਕੈਨੇਡਾ ਦੇ ਸੂਬੇ ਕਿਊਬਕ ਦੇ ਉੱਤਰ-ਪੂਰਬੀ ਤੱਟ ‘ਤੇ ਰਾਤ ਸਮੇਂ ਮੱਛੀਆਂ ਫੜਦੇ ਸਮੇਂ ਜਵਾਰਭਾਟੇ ਦੀ ਲਪੇਟ ਵਿੱਚ ਆਉਣ ਕਾਰਨ 4 ਨਾਬਾਲਗਾਂ ਦੀ ਮੌਤ ਹੋ ਗਈ ਜਦੋਂ ਕਿ ਇੱਕ ਬਾਲਗ ਲਾਪਤਾ ਹੈ। ਹਾਦਸਾ ਮੌਂਟਰੀਅਲ ਤੋਂ 550 ਕਿਲੋਮੀਟਰ ਦੂਰ ਅੱਧੀ ਰਾਤ ਤੋਂ ਬਾਅਦ ਵਾਪਰਿਆ। ਜਾਣਕਾਰੀ ਅਨੁਸਾਰ ਉਸ ਥਾਂ ‘ਤੇ ਕੈਪਲਿਨ ਨਸਲ ਦੀਆਂ ਮੱਛੀਆਂ ਰਾਤ ਸਮੇਂ ਪਾਣੀ ਦੇ ਉੱਪਰ ਆਉਂਦੀਆਂ ਹਨ ਅਤੇ ਮਛੇਰਿਆਂ ਦੇ ਜਾਲ ‘ਚ ਫਸ ਜਾਂਦੀਆਂ ਹਨ। ਪੁਲੀਸ ਅਨੁਸਾਰ ਉਨ੍ਹਾਂ ਨੂੰ ਰਾਤ 2 ਵਜੇ ਮਛੇਰਿਆਂ ਦੇ ਡੁੱਬਣ ਦੀ ਸੂਚਨਾ ਮਿਲੀ। ਰਾਹਤ ਟੀਮ ਮੌਕੇ ‘ਤੇ ਪਹੁੰਚੀ ਤਾਂ ਚਾਰ ਨਾਬਾਲਗ ਕੰਢੇ ਉੱਤੇ ਬੇਹੋਸ਼ ਪਏ ਸਨ। ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਛੇ ਹੋਰਨਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਬਚਾ ਲਿਆ ਗਿਆ ਜਦੋਂ ਕਿ ਇੱਕ ਵਿਅਕਤੀ ਅਜੇ ਵੀ ਲਾਪਤਾ ਹੈ। ਮੇਅਰ ਜੀਨ ਮੌਰਿਸ ਟਰੈਂਬਲੇ ਅਨੁਸਾਰ ਉਸ ਤੱਟ ਨੇੜੇ 600 ਮਛੇਰਿਆਂ ਦੀ ਰਿਹਾਇਸ਼ ਹੈ, ਜੋ ਅਕਸਰ ਰਾਤ ਸਮੇਂ ਕੈਪਲਿਨ ਮੱਛੀਆਂ ਫੜਦੇ ਹਨ। ਬਹੁਤ ਘੱਟ ਥਾਵਾਂ ‘ਤੇ ਮਿਲਣ ਵਾਲੀ ਮੱਛੀਆਂ ਦੀ ਇਹ ਨਸਲ ਰਾਤ ਦੇ ਹਨੇਰੇ ਵਿੱਚ ਪਾਣੀ ਤੋਂ ਬਾਹਰ ਆਕੇ ਕੰਢਿਆਂ ਵੱਲ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਜਵਾਰਭਾਟਾ ਅਚਾਨਕ ਤੇ ਇੰਨਾ ਉੱਚਾ ਸੀ ਕਿ ਮਛੇਰਿਆਂ ਨੂੰ ਬਚਾਅ ਦਾ ਮੌਕਾ ਨਾ ਮਿਲਿਆ। ਟਰੈਂਬਲੇ ਅਨੁਸਾਰ ਇਹ ਪਹਿਲਾ ਹਾਦਸਾ ਹੈ, ਜਿਸ ‘ਚ ਇੰਨੀਆਂ ਜਾਨਾਂ ਗਈਆਂ ਹਨ।