ਕੈਨੇਡਾ: ਕਲੀਨਿਕ ’ਚ ਮਹਿਲਾ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ 53 ਸਾਲਾ ਭਾਰਤੀ ਮੂਲ ਦਾ ਫਜਿ਼ੀਓਥੈਰੇਪਿਸਟ ਗ੍ਰਿਫ਼ਤਾਰ
ਟੋਰਾਂਟੋ, 2 ਨਵੰਬਰ
ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ 53 ਸਾਲਾ ਭਾਰਤੀ ਮੂਲ ਦੇ ਫਜਿ਼ੀਓਥੈਰੇਪਿਸਟ ਨੂੰ ਕਲੀਨਿਕ ਵਿੱਚ ਮਹਿਲਾ ਮਰੀਜ਼ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਰਾਜ ਦਾਨੇਸ਼ਵਰ ਬਾਰੇ ਪੁਲੀਸ ਨੂੰ 23 ਅਕਤੂਬਰ ਨੂੰ ਸ਼ਿਕਾਇਤ ਮਿਲੀ ਸੀ ਕਿ ਉਸ ਨੇ ਰਿਚਮੰਡ ਹਿੱਲ ਦੇ ਯੋਂਗ ਸਟ੍ਰੀਟ ਅਤੇ ਸੈਂਟਰ ਸਟ੍ਰੀਟ ਦੇ ਖੇਤਰ ਵਿੱਚ ਕਲੀਨਿਕ ਵਿੱਚ ਫਜਿ਼ੀਓਥੈਰੇਪੀ ਦੌਰੇ ਦੌਰਾਨ ਔਰਤ ਦਾ ਜਿਨਸੀ ਸ਼ੋਸ਼ਣ ਕੀਤਾ। ਪੁਲੀਸ ਨੇ ਦਾਨੇਸ਼ਵਰ 'ਤੇ 30 ਅਕਤੂਬਰ ਨੂੰ ਸਰੀਰਕ ਤੌਰ 'ਤੇ ਨੁਕਸਾਨ ਪਹੁੰਚਾਉਣ ਵਾਲੇ ਜਿਨਸੀ ਹਮਲੇ ਦਾ ਦੋਸ਼ ਲਗਾਇਆ ਸੀ। ਪੁਲੀਸ ਦਾ ਮੰਨਣਾ ਹੈ ਕਿ ਇਸ ਵਿਅਕਤੀ ਨੇ ਕਈ ਹੋਰ ਔਰਤਾਂ ਨਾਲ ਅਜਿਹਾ ਕੀਤਾ ਹੋ ਸਕਦਾ ਹੈ ਤੇ ਉਸ ਨੇ ਅਜਿਹੀ ਪੀੜਤ ਔਰਤਾਂ ਨੂੰ ਅੱਗੇ ਆਉਣ ਲਈ ਕਿਹਾ ਹੈ। ਇਸ ਸਾਲ ਅਗਸਤ ਵਿੱਚ 55 ਸਾਲਾ ਅਜੈ ਗੁਪਤਾ ਨੂੰ ਟੋਰਾਂਟੋ ਵਿੱਚ ਨੌਕਰੀ ਦੀ ਇੰਟਰਵਿਊ ਦੌਰਾਨ ਦੋ ਔਰਤਾਂ ਨਾਲ ਕਥਤਿ ਤੌਰ 'ਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜੂਨ ਵਿੱਚ ਗੁਰਪ੍ਰਤਾਪ ਸਿੰਘ ਵਾਲੀਆ ਅਤੇ ਉਸ ਦੇ ਪੁੱਤਰ ਸੁਮ੍ਰਤਿ ਵਾਲੀਆ ਨੂੰ ਕੈਲਗਰੀ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ’ਤੇ ਕਈ ਮਹੀਨਿਆਂ ਦੌਰਾਨ ਕਈ ਅੱਲੜ ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲੱਗਿਆ ਸੀ।