ਫ਼ਸਲੀ ਮੁਆਵਜ਼ੇ ਲਈ ਹਾਈਵੇਅ ਜਾਮ ਕਰਨ ਦਾ ਸੱਦਾ
ਪੱਤਰ ਪ੍ਰੇਰਕ
ਜੈਤੋ, 1 ਫਰਵਰੀ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਪੰਜਾਬ ਸਰਕਾਰ ਵਿਰੁੱਧ ਪ੍ਰਸਤਾਵਿਤ ਜ਼ਿਲ੍ਹਾ ਪੱਧਰੀ ਪੰਜ ਰੋਜ਼ਾ ਦਿਨ- ਰਾਤ ਦੇ ਧਰਨਿਆਂ ਦੀ ਤਿਆਰੀ ਵਜੋਂ ਅੱਜ ਬਲਾਕ ਜੈਤੋ ਦੇ ਪਿੰਡਾਂ ਰੋੜੀਕਪੂਰਾ ਅਤੇ ਬਰਗਾੜੀ ਵਿੱਚ ਮੀਟਿੰਗਾਂ ਕੀਤੀਆਂ। ਜ਼ਿਲ੍ਹਾ ਸੰਗਠਨ ਸਕੱਤਰ ਜਸਪ੍ਰੀਤ ਸਿੰਘ ਜੈਤੋ, ਬਲਾਕ ਜੈਤੋ ਦੇ ਆਗੂ ਛਿੰਦਾ ਸਿੰਘ ਦਲ ਸਿੰਘ ਵਾਲਾ ਅਤੇ ਚਰਨਜੀਤ ਸਿੰਘ ਰਣ ਸਿੰਘ ਵਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਵਾਅਦਾ ਖ਼ਿਲਾਫ਼ੀ ਕਰਕੇ ਕਿਸਾਨ-ਮਜ਼ਦੂਰ ਪੱਖੀ ਨਵੀਂ ਖੇਤੀ ਨੀਤੀ ਬਣਾਉਣ ਤੋਂ ਭੱਜਣੋਂ ਰੋਕ ਕੇ ਲਾਗੂ ਕਰਵਾਉਣ, ਹੋਰ ਮੰਗਾਂ ਲਈ ਜ਼ਿਲ੍ਹਾ ਪੱਧਰੀ ਧਰਨੇ ਦਿੱਤੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਿਰੁੱਧ ਕਿਸਾਨ ਘੋਲ ਨੂੰ ਹੋਰ ਤਿੱਖਾ ਕਰਦਿਆਂ, ਅਗਲੇ ਪੜਾਅ ’ਤੇ ਚੰਡੀਗੜ੍ਹ ਵਿਚ ਪੱਕਾ ਮੋਰਚਾ ਲਾਇਆ ਜਾਵੇਗਾ ਜਿਸ ਬਾਰੇ ਠੋਸ ਐਲਾਨ 10 ਫ਼ਰਵਰੀ ਨੂੰ ਕੀਤਾ ਜਾਵੇਗਾ। ਇਸ ਮੌਕੇ ਪਿੰਡਾਂ ਦੇ ਕਿਸਾਨਾਂ ਨੂੰ ਪਰਿਵਾਰਾਂ ਸਮੇਤ ਮੋਰਚੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਜੈਤੋ ਬਲਾਕ ਦੇ ਪਿੰਡਾਂ ਨਾਲ ਸਬੰਧਤ ਗੜੇਮਾਰੀ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਸਬੰਧੀ ਹਲਕਾ ਵਿਧਾਇਕ ਅਮੋਲਕ ਸਿੰਘ ਦੀ ਰਿਹਾਇਸ਼ ਅੱਗੇ ਚੱਲ ਰਹੇ ਮੋਰਚੇ ਵਿੱਚ ਲਏ ਗਏ ਫੈਸਲੇ ਅਨੁਸਾਰ 3 ਫਰਵਰੀ ਨੂੰ ਬਾਜਾਖਾਨਾ ਵਿਖੇ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਜਾਮ ਕਰਨ ਮੌਕੇ ਨਗਰ ਨਿਵਾਸੀਆਂ ਨੂੰ ਵਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ।