ਕੇਬਲ ਅਪਰੇਟਰ ਦੇ ਪਰਿਵਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਪੱਤਰ ਪ੍ਰੇਰਕ
ਜਲੰਧਰ, 18 ਜੁਲਾਈ
ਇਥੋਂ ਦੇ ਮੁਹੱਲਾ ਗੋਬਿੰਦਗੜ੍ਹ ਵਿਚ ਹਫਤਾ ਵਸੂਲੀ ਗਰੋਹ ਵਲੋਂ ਕੇਬਲ ਅਪਰੇਟਰ ਤੋਂ ਇੱਕ ਲੱਖ ਰੁਪਏ ਦੀ ਮੰਗ ਕੀਤੀ ਪਰ ਕੇਬਲ ਅਪਰੋਟਰ ਵਲੋਂ ਪੈਸੇ ਦੇਣ ਤੋਂ ਨਾ ਕਰਨ ’ਤੇ ਗਰੋਹ ਦੇ ਮੈਂਬਰਾਂ ਨੇ ਉਸ ’ਤੇ ਅਤੇ ਉਸ ਦੇ ਮਾਤਾ ਪਿਤਾ ’ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਸ਼ਰਨਦੀਪ ਸਾਗਰ ਨੇ ਦੱਸਿਆ ਕਿ ਬੀਤੀ ਰਾਤ 11 ਵਜੇ ਦੇ ਕਰੀਬ ਉਸ ਦੇ ਘਰ ਹਫਤਾ ਵਸੂਲੀ ਗਰੋਹ ਦੇ ਮੈਂਬਰ ਰੋਹਣ, ਗੋਪੀ, ਰਾਹੂਲ ਅਤੇ ਉਨ੍ਹਾਂ ਦੇ ਦੋ ਸਾਥੀ ਆਏ ਤੇ ਉਸ ਤੋਂ ਇੱਕ ਲੱਖ ਰੁਪਏ ਦੀ ਮੰਗ ਕੀਤੀ। ਉਸ ਵਲੋਂ ਪੈਸੇ ਦੇਣ ਤੋਂ ਸਾਫ ਮਨ੍ਹਾਂ ਕਰ ਦੇਣ ਕਾਰਨ ਉਨ੍ਹਾਂ ਨੇ ਉਸ ’ਤੇ ਅਤੇ ਉਸ ਦੇ ਮਾਤਾ ਪਿਤਾ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਹ, ਉਸ ਦੇ ਪਿਤਾ ਦਲਜੀਤ ਅਤੇ ਉਸ ਦੀ ਮਾਤਾ ਸੁਖਮਿੰਦਰ ਕੌਰ ਵੀ ਜ਼ਖਮੀ ਹੋ ਗਏ। ਆਪਣੇ ਬਚਾਅ ਵਿਚ ਉਸ ਨੇ ਲਾਇਸੰਸੀ ਰਿਵਾਲਵਰ ਤੋਂ ਗੋਲੀ ਚਲਾਈ। ਇਸੇ ਦੌਰਾਨ ਗਰੋਹ ਦੇ ਮੈਂਬਰ 70 ਹਜ਼ਾਰ ਦੀ ਨਕਦੀ ਅਤੇ ਸੋਨੇ ਦੀ ਚੈਨ ਵੀ ਆਪਣੇ ਨਾਲ ਲੈ ਗਏ। ਥਾਣਾ ਬਾਰਾਦਰੀ ਦੀ ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿਚ ਪੁਲੀਸ ਨੇ ਕਾਰਵਾਈ ਕਰਦੇ ਹੋਏ ਰੋਹਨ ਪੁੱਤਰ ਕਰਨ ਕੁਮਾਰ ਵਾਸੀ ਰੇਲਵੇ ਕਲੋਨੀ ਜਲੰਧਰ, ਗੋਬਿੰਦ ਰਾਏ ਉਰਫ ਗੋਪੀ ਪੁੱਤਰ ਜਸਵੰਤ ਰਾਏ ਵਾਸੀ ਅਰਜਨ ਨਗਰ ਜਲੰਧਰ ਨੂੰ ਕਾਬੂ ਲਿਆ ਹੈ।
ਪੁਲੀਸ ਪਾਰਟੀ ’ਤੇ ਹਮਲਾ ਕਰਨ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ
ਫਗਵਾੜਾ (ਜਸਬੀਰ ਸਿੰਘ ਚਾਨਾ): ਗਾਲੀ ਗਲੋਚ ਕਰ ਰਹੇ ਵਿਅਕਤੀਆਂ ਨੂੰ ਰੋਕਣ ਗਈ ਪੁਲੀਸ ਪਾਰਟੀ ਦੇ ਇੱਕ ਕਰਮੀ ਦੀ ਵਰਦੀ ਨੂੰ ਹੱਥ ਪਾਉਣ ਦੇ ਸਬੰਧ ’ਚ ਸਤਨਾਮਪੁਰਾ ਪੁਲੀਸ ਨੇ ਤਿੰਨ ਨੌਜਵਾਨਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਐਸ.ਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਚਹੇੜੂ ਚੌਕੀ ਇੰਚਾਰਜ ਦਰਸ਼ਨ ਸਿੰਘ ਨੂੰ ਇੱਕ ਦਿਵਿਆ ਪਤਨੀ ਆਸ਼ੂ ਵਾਸੀ ਅਲੀਪੁਰ ਜ਼ਿਲ੍ਹਾ ਜਲੰਧਰ ਨੇ ਫ਼ੋਨ ਕੀਤਾ ਸੀ ਕਿ ਤਿੰਨ ਨੌਜਵਾਨ ਉਸ ਦੇ ਸੈਲੂਨ ’ਤੇ ਆ ਕੇ ਗਾਲੀ ਗਲੋਚ ਕਰ ਰਹੇ ਹਨ ਤੇ ਉਸ ਦੇ ਪਤੀ ਆਸ਼ੂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਜਦੋਂ ਪੁਲੀਸ ਪਾਰਟੀ ਮੌਕੇ ’ਤੇ ਪੁੱਜੀ ਤਾਂ ਉਕਤ ਨੌਜਵਾਨ ਉੱਥੋਂ ਖਿਸਕ ਗਏ। ਜਦੋਂ ਆਸ਼ੂ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਰਹੀ ਸੀ ਤਾਂ ਉਕਤ ਵਿਅਕਤੀ ਮੁੜ ਗੱਡੀ ’ਚ ਆਏ ਤੇ ਦਿਵਿਆ ਨੂੰ ਗਾਲੀ ਗਲੋਚ ਕਰਨ ਲੱਗੇ ਪਏ ਤੇ ਜਦੋਂ ਇਨ੍ਹਾਂ ਨੂੰ ਰੋਕਣ ਲਈ ਸਿਪਾਹੀ ਹਰਮਨ ਸਿੰਘ ਅੱਗੇ ਹੋਇਆ ਤਾਂ ਸ਼ਰਾਬੀ ਹਾਲਤ ’ਚ ਉਸ ’ਤੇ ਹਮਲਾ ਕਰਕੇ ਵਰਦੀ ਦੇ ਬਟਨ ਤੋੜ ਦਿੱਤੇ। ਇਸ ਸਬੰਧ ’ਚ ਪੁਲੀਸ ਨੇ ਗੁਰਵਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਲੱਧੇਵਾਲ ਰੋਡ ਥਾਣਾ ਸੂਰੀਆ ਇੰਨਕਲੇਟ ਜ਼ਿਲ੍ਹਾ ਜਲੰਧਰ, ਕਰਮਪਾਲ ਸਿੰਘ ਵਾਸੀ ਕੋਹੇਨੂਰ ਇਨਕਲੇਵ, ਸਿਮਰਤ ਸਿੰਘ ਵਾਸੀ 30 ਬੀਬੀ ਸ਼ਿਵ ਵਿਹਾਰ ਖਿਲਾਫ਼ ਕੇਸ ਦਰਜ ਕਰਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।