For the best experience, open
https://m.punjabitribuneonline.com
on your mobile browser.
Advertisement

ਵਰਤੀਂ ਸ਼ਬਦ ਸੰਭਾਲ ਕੇ...

10:30 AM Jul 01, 2023 IST
ਵਰਤੀਂ ਸ਼ਬਦ ਸੰਭਾਲ ਕੇ
Advertisement

ਗੁਰਬਿੰਦਰ ਸਿੰਘ ਮਾਣਕ

ਧਰਤੀ ਉੱਤੇ ਸ਼ਾਇਦ ਮਨੁੱਖ ਹੀ ਇੱਕੋ ਇੱਕ ਅਜਿਹਾ ਪ੍ਰਾਣੀ ਹੈ, ਜਿਸ ਨੂੰ ਕਿਸੇ ਬੋਲੀ ਵਿੱਚ ਬੋਲ ਕੇ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਦੀ ਅਦੁੱਤੀ ਦਾਤ ਮਿਲੀ ਹੋਈ ਹੈ। ਮਨੁੱਖ ਦੀ ਸਿੱਖਿਆ ਤੇ ਹੋਰ ਪ੍ਰਾਪਤੀਆਂ ਪਿੱਛੇ ਉਸ ਦੀ ਬੋਲਣ ਦੀ ਮੁਹਾਰਤ ਤੇ ਸਮਰੱਥਾ ਦੇ ਵਿਸ਼ੇਸ਼ ਯੋਗਦਾਨ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਹੈ। ਬੋਲਾਂ ਨਾਲ ਹੀ ਮਨੁੱਖੀ ਸ਼ਖ਼ਸੀਅਤ ਦੇ ਅੰਦਰ ਛੁਪੀਆਂ ਪਰਤਾਂ ਦੀ ਥਾਹ ਪਾਈ ਜਾ ਸਕਦੀ ਹੈ। ਰਸੂਲ ਹਮਜ਼ਾਤੋਵ ਆਪਣੀ ਸੰਸਾਰ ਪ੍ਰਸਿੱਧ ਪੁਸਤਕ ‘ਮੇਰਾ ਦਾਗਿਸਤਾਨ’ ਵਿੱਚ ਇੱਕ ਥਾਂ ਲਿਖਦਾ ਹੈ ਕਿ ਬੱਚੇ ਨੂੰ ਬੋਲਣਾ ਸਿੱਖਣ ਲਈ ਦੋ ਸਾਲ ਲੱਗਦੇ ਹਨ, ਪਰ ਬੰਦੇ ਨੂੰ ਆਪਣੀ ਜ਼ੁਬਾਨ ਸੰਭਾਲਦਿਆਂ ਸੱਠ ਸਾਲ ਲੱਗ ਜਾਂਦੇ ਹਨ। ਉਂਜ ਇਹ ਵੀ ਕੋਈ ਜ਼ਰੂਰੀ ਨਹੀਂ ਹੈ ਕਿ ਉਮਰ ਦੇ ਬੀਤਣ ਨਾਲ ਕਿਸੇ ਬੰਦੇ ਨੂੰ ਆਪਣੀ ਜ਼ੁਬਾਨ ਸੰਭਾਲਣ ਦੀ ਜਾਚ ਆ ਜਾਵੇ।
ਤੋਤਲੀ ਜਿਹੀ ਜ਼ੁਬਾਨ ਵਿੱਚੋਂ ਬੱਚਾ ਜਦੋਂ ਪਹਿਲਾ ਸ਼ਬਦ ਬੋਲਦਾ ਹੈ ਤਾਂ ਮਾਂ-ਬਾਪ ਖੁਸ਼ੀ ਵਿੱਚ ਖੀਵੇ ਹੋਏ ਝੂਮ ਉੱਠਦੇ ਹਨ। ਉਮਰ ਦਾ ਇਹ ਪੜਾਅ ਤਾਂ ਸ਼ਾਇਦ ਜ਼ਿੰਦਗੀ ਦਾ ਸੁਨਹਿਰੀ ਕਾਲ ਹੁੰਦਾ ਹੈ। ਬੱਚੇ ਦੀ ਮਿੱਠੀ ਪਿਆਰੀ ਜ਼ੁਬਾਨ ਵਿੱਚੋਂ ਨਿਕਲਿਆ ਹਰ ਉਲਟਾ-ਪੁਲਟਾ ਸ਼ਬਦ ਵੀ ਕੰਨਾਂ ਵਿੱਚ ਮਿਸ਼ਰੀ ਘੋਲਦਾ ਹੈ। ਘਰ ਦੇ ਜੀਆਂ ਦਾ ਬੱਚਿਆਂ ਦੀਆਂ ਤੋਤਲੀਆਂ ਗੱਲਾਂ ਨੂੰ ਵਾਰ ਵਾਰ ਸੁਣਨ ਨੂੰ ਮਨ ਲੋਚਦਾ ਹੈ। ਕੰਮਾਂਕਾਰਾਂ ਵਿੱਚ ਸਾਰੇ ਦਿਨ ਦਾ ਥੱਕਿਆ ਬੰਦਾ ਘਰ ਪਰਤ ਕੇ ਬੱਚਿਆ ਦੀਆਂ ਤੋਤਲੀਆ ਗੱਲਾਂ ਦਾ ਨਿੱਘ ਮਾਣ ਕੇ ਸਾਰੀ ਥਕਾਵਟ ਭੁੱਲ ਜਾਂਦਾ ਹੈ। ਘਰ ਦੇ ਜੀਆਂ ਦੀ ਸੰਗਤ ਮਾਣਦਿਆਂ ਗਲੀ-ਗੁਆਂਢ ਵਿੱਚ ਖੇਡਦਿਆਂ, ਸਕੂਲੀ ਸਾਥੀਆਂ ਸੰਗ ਵਿਚਰਦਿਆਂ ਤੇ ਹੋਰ ਲੋਕਾਂ ਦੇ ਸੰਪਰਕ ਵਿੱਚ ਆ ਕੇ ਬੱਚੇ ਦੀ ਜ਼ੁਬਾਨ ’ਤੇ ਅਨੇਕਾਂ ਸ਼ਬਦ ਚੜ੍ਹ ਜਾਂਦੇ ਹਨ।
ਅਸਲ ਵਿੱਚ ਭਾਸ਼ਾ ਦੇ ਮਾਧਿਅਮ ਰਾਹੀਂ ਸ਼ਬਦਾਂ ਨੂੰ ਜ਼ੁਬਾਨ ਦੇਣੀ ਕੇਵਲ ਮਨੁੱਖ ਦੇ ਹੀ ਹਿੱਸੇ ਆਈ ਹੈ। ਜ਼ੁਬਾਨ ਦੀ ਸਰਦਾਰੀ ਕਾਰਨ ਹੀ ਮਨੁੱਖ ਇਸ ਧਰਤੀ ਦਾ ਬਾਦਸ਼ਾਹ ਬਣਿਆ ਹੋਇਆ ਹੈ। ਸਕੂਲ ਪੜ੍ਹਦੇ ਬੱਚੇ ਤੋਂ ਲੈ ਕੇ ਜੀਵਨ ਵਿੱਚ ਪ੍ਰਵਾਨ ਚੜ੍ਹੇ ਮਨੁੱਖ ਤੱਕ ਜ਼ੁਬਾਨ ਸੰਭਾਲਣ ਦੇ ਵੱਖ ਵੱਖ ਪੜਾਅ ਹੋ ਸਕਦੇ ਹਨ, ਪਰ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਉਮਰ ਦੇ ਸਾਲਾਂ ਦੇ ਵਧਣ ਨਾਲ ਕਿਸੇ ਮਨੁੱਖ ਨੂੰ ਆਪਣੀ ਜ਼ੁਬਾਨ ਸੰਭਾਲਣ ਦਾ ਹੁਨਰ ਆ ਜਾਵੇ। ਵੱਡੀ ਗਿਣਤੀ ਵਿੱਚ ਲੋਕ ਅਜਿਹੇ ਮਿਲ ਜਾਣਗੇ ਜਿਹੜੇ ਆਪਣੀ ਜ਼ੁਬਾਨ ਸੰਭਾਲਣੀ ਨਹੀਂ ਜਾਣਦੇ। ਦੋ ਚਾਰ ਸ਼ਬਦ ਵੀ ਕਿਤੇ ਬੋਲਣੇ ਪੈ ਜਾਣ ਤਾਂ ਉਨ੍ਹਾਂ ਦੇ ਪਸੀਨੇ ਛੁੱਟ ਜਾਂਦੇ ਹਨ। ਜੇ ਕੁਝ ਲੋਕ ਬੋਲਣ ਦਾ ਹੌਸਲਾ ਕਰ ਵੀ ਲੈਣ ਤਾਂ ਉਨ੍ਹਾਂ ਦੇ ਬੋਲਾਂ ਦੀ ਤਰਤੀਬ ਵੀ ਉਲਟ-ਪੁਲਟ ਹੋ ਜਾਂਦੀ ਹੈ, ਜਿਸ ਨਾਲ ਗੱਲਬਾਤ ਦਾ ਬੱਝਵਾਂ ਪ੍ਰਭਾਵ ਨਹੀਂ ਪੈਂਦਾ। ਕੁਝ ਮਨੁੱਖ ਆਮ ਜੀਵਨ ਵਿੱਚ ਬੈਠੇ ਖੜ੍ਹੇ ਤਾਂ ਬਹੁਤ ਬੋਲਦੇ ਹਨ ਤੇ ਗੱਲਾਂ ਦੀ ਲੜੀ ਟੁੱਟਣ ਨਹੀਂ ਦਿੰਦੇ, ਪਰ ਜੇ ਕਦੇ ਸਟੇਜ ’ਤੇ ਬੋਲਣ ਲਈ ਕੋਈ ਉਨ੍ਹਾਂ ਦਾ ਨਾਂ ਲੈ ਦੇਵੇ ਤਾਂ ਉਨ੍ਹਾਂ ਦੀਆ ਲੱਤਾਂ ਕੰਬਣ ਲੱਗ ਜਾਂਦੀਆਂ ਹਨ।
ਕੁਝ ਬੁਲਾਰਿਆਂ ਕੋਲ ਬੋਲਣ ਦਾ ਅਜਿਹਾ ਅਦਬ, ਮੁਹਾਰਤ ਸਲੀਕਾ ਹੁੰਦਾ ਹੈ ਕਿ ਇੰਜ ਲੱਗਦਾ ਹੈ ਜਿਵੇਂ ਉਨ੍ਹਾਂ ਦੀ ਜ਼ੁਬਾਨ ਵਿੱਚੋਂ ਸ਼ਬਦ-ਰੂਪੀ ਫੁੱਲ ਕਿਰ ਰਹੇ ਹੋਣ। ਉਨ੍ਹਾਂ ਕੋਲ ਆਤਮ-ਵਿਸ਼ਵਾਸ ਦੇ ਨਾਲ ਨਾਲ ਸ਼ਬਦਾਂ ਦਾ ਵੀ ਅਸੀਮ ਭੰਡਾਰ ਹੁੰਦਾ ਹੈ। ਇਹੋ ਜਿਹੇ ਬੁਲਾਰੇ ਕੋਲ ਇਕੱਠ ਨੂੰ ਇਸ ਕਦਰ ਬੰਨ੍ਹ ਲੈਣ ਦੀ ਸਮਰੱਥਾ ਹੁੰਦੀ ਹੈ ਕਿ ਹਰ ਇੱਕ ਦਾ ਜੀਅ ਕਰਦਾ ਹੈ ਕਿ ਇਹ ਬੁਲਾਰਾ ਬੋਲੀ ਜਾਵੇ। ਉਨ੍ਹਾਂ ਦੀ ਭਾਸ਼ਾ, ਦਲੀਲ ਤੇ ਅੰਦਾਜ਼ ਇਸ ਤਰ੍ਹਾਂ ਦਾ ਪ੍ਰਭਾਵ ਸਿਰਜਦਾ ਹੈ ਕਿ ਸੁਣਨ ਵਾਲੇ ਦਿਲੋਂ ਸਰਸ਼ਾਰ ਹੋ ਜਾਂਦੇ ਹਨ। ਬਹੁਤੇ ਲੋਕਾਂ ਨੂੰ ਤਾਂ ਆਮ ਜੀਵਨ ਵਿੱਚ ਵਿਚਰਦਿਆਂ ਵੀ ਗੱਲਬਾਤ ਕਰਨ ਦੀ ਸੂਝ ਨਹੀਂ ਹੁੰਦੀ। ਉਹ ਪੁੱਠਾ-ਸਿੱਧ ਬੋਲ ਕੇ ਘਰ ਵਿੱਚ ਵੀ ਤੇ ਬਾਹਰ ਵੀ ਕੋਈ ਨਾ ਕੋਈ ਭਸੂੜੀ ਪਾਈ ਰੱਖਦੇ ਹਨ। ਜ਼ੁਬਾਨ ਦਾ ਰਸ ਬੰਦੇ ਨੂੰ ਇੱਜ਼ਤ-ਮਾਣ ਵੀ ਬਥੇਰਾ ਬਖ਼ਸ਼ਦਾ ਹੈ ਤੇ ਲਾਹਣਤਾਂ ਦੀ ਵੀ ਕੋਈ ਕਸਰ ਨਹੀਂ ਛੱਡਦਾ।
ਅਕਸਰ ਹੀ ਦੇਖਦੇ ਹਾਂ ਕਿ ਬਹੁਤੇ ਝਗੜੇ ਜਾਂ ਬੋਲ-ਬੁਲਾਰੇ ਬੰਦੇ ਦੀ ਜ਼ੁਬਾਨ ਕਾਰਨ ਹੀ ਹੁੰਦੇ ਹਨ। ਬੇਲੋੜਾ ਬੋਲਣ ਵਾਲੇ ਨੂੰ ਵੀ ਕੋਈ ਘੱਟ ਹੀ ਪਸੰਦ ਕਰਦਾ ਹੈ। ਗੱਲਬਾਤ ਦੇ ਹੁਨਰ ਤੋਂ ਸੱਖਣੇ ਤੇ ਹਰ ਗੱਲ ਨਾਲ ਚਾਰ ਚਾਰ ਗਾਲ੍ਹਾਂ ਕੱਢਣ ਵਾਲੇ ਬੰਦੇ ਨਾਲ ਹਰ ਕੋਈ ਗੱਲਬਾਤ ਕਰਨ ਤੋਂ ਬਚਣ ਦੀ ਹੀ ਕੋਸਿਸ਼ ਕਰਦਾ ਹੈ। ਇਹ ਬਹੁਤ ਹੀ ਸ਼ਰਮਸਾਰ ਕਰਨ ਵਾਲੀ ਗੱਲ ਹੈ ਕਿ ਬਹੁਤੇ ਪੰਜਾਬੀ ਬੰਦੇ ਗੱਲਬਾਤ ਕਰਦੇ ਸਮੇਂ ਨੰਗੇ ਚਿੱਟੇ ਰੂਪ ਵਿੱਚ ਗਾਲ੍ਹਾਂ ਦਾ ਪ੍ਰਯੋਗ ਕਰਦੇ ਹਨ। ਕਈ ਤਾਂ ਧੀਆਂ-ਭੈਣਾਂ ਦੀ ਸੰਗਤ ਵਿੱਚ ਬੈਠਿਆਂ ਵੀ ਇਸ ਗੱਲ ਦਾ ਕੋਈ ਖਿਆਲ ਨਹੀਂ ਕਰਦੇ ਕਿ ਅਸੀਂ ਕਿਹੋ ਜਿਹੇ ਸ਼ਬਦਾਂ ਦੀ ਵਰਤੋਂ ਕਰ ਰਹੇ ਹਾਂ। ਇਹੋ ਜਿਹੇ ਵਿਅਕਤੀ ਵਿੱਚ ਹੋਰ ਭਾਵੇਂ ਜਿੰਨੇ ਮਰਜ਼ੀ ਗੁਣ ਹੋਣ, ਪਰ ਜ਼ੁਬਾਨ ਦੀ ਗਲਾਜ਼ਤ ਉਨ੍ਹਾਂ ਦੇ ਕਿਰਦਾਰ ਨੂੰ ਬੌਨਾ ਕਰ ਦਿੰਦੀ ਹੈ।
ਜੇ ਕੋਈ ਗੱਲ ਕਰਦਿਆਂ ਕਿਸੇ ਕੋਲੋਂ ਭੈੜੀ ਜ਼ੁਬਾਨ ਬੋਲੀ ਜਾਵੇ ਤਾਂ ਅਗਲਾ ਵੀ ਫੱਟ ਕਹਿ ਦਿੰਦਾ ਹੈ, ਜ਼ੁਬਾਨ ਸੰਭਾਲ ਕੇ ਗੱਲ ਕਰ ਜ਼ਰਾ...ਫੇਰ ਨਾ ਕਹੀਂ...। ਕਦੇ ਪਰ੍ਹੇ ਪੰਚਾਇਤ ਵਿੱਚ ਬੈਠਿਆਂ ਵੀ ਕੋਈ ਬੇਤੁਕੀ ਜਿਹੀ ਗੱਲ ਕਰ ਦੇਵੇ ਤਾ ਕੋਈ ਸਿਆਣਾ ਝੱਟ ਕਹਿ ਦਿੰਦਾ ਹੈ...ਮੁਰਦਾ ਬੋਲੂ ਤਾਂ ਖੱਫਣ ਹੀ ਪਾੜੂ...। ਉਂਜ ਤਾਂ ਜੀਵਨ ਵਿੱਚ ਵਿਚਰਦਿਆਂ ਹਰ ਸਮੇਂ ਇਸ ਗੱਲ ਦੀ ਲੋੜ ਹੁੰਦੀ ਹੈ ਕਿ ਮਨੁੱਖ ਬੋਲਣ ਤੋਂ ਪਹਿਲਾਂ ਇਹ ਸੋਚੇ ਕਿ ਮੈਂ ਕੀ ਬੋਲਣ ਲੱਗਾ ਹਾਂ, ਪਰ ਹੁੰਦਾ ਇਸ ਦੇ ਉਲਟ ਹੀ ਹੈ। ਇੱਕ ਵਾਰ ਜ਼ੁਬਾਨ ਵਿੱਚੋਂ ਕੋਈ ਸ਼ਬਦ ਨਿਕਲ ਜਾਵੇ ਤਾਂ ਫਿਰ ਕੁਝ ਵੀ ਬੋਲਣ ਵਾਲੇ ਦੇ ਵੱਸ ਵਿੱਚ ਨਹੀਂ ਰਹਿੰਦਾ। ਜਿਵੇਂ ਕਮਾਨ ਵਿੱਚੋਂ ਨਿਕਲਿਆ ਤੀਰ ਵਾਪਸ ਨਹੀਂ ਮੁੜਦਾ ਤੇ ਨਿਸ਼ਾਨੇ ’ਤੇ ਵੱਜ ਕੇ ਕਿਸੇ ਨੂੰ ਜ਼ਖ਼ਮੀ ਕਰ ਦਿੰਦਾ ਹੈ, ਬਿਲਕੁਲ ਇਸੇ ਤਰ੍ਹਾਂ ਹੀ ਜ਼ੁਬਾਨ ਵਿੱਚੋਂ ਨਿਕਲੇ ਬੋਲਾਂ ਦੇ ਤੀਰ ਵੀ ਕਿਸੇ ਦੇ ਮਨ ਉੱਤੇ ਅਜਿਹਾ ਫੱਟ ਲਾਉਂਦੇ ਹਨ ਕਿ ਬੰਦਾ ਹੋਰ ਤਾਂ ਸਭ ਕੁਝ ਭੁੱਲ ਜਾਂਦਾ ਹੈ, ਪਰ ਬੋਲਾਂ ਦੀ ਪੀੜ ਉਸ ਨੂੰ ਕਦੇ ਨਹੀਂ ਭੁੱਲਦੀ। ਇਸੇ ਕਰਕੇ ਲੋਕ ਸਿਆਣਪਾਂ ਵਿੱਚ ਕਿਹਾ ਜਾਂਦਾ ਹੈ ਕਿ ‘ਪਹਿਲਾਂ ਤੋਲੋ, ਫਿਰ ਬੋਲੋ।’
ਜਿਸ ਤਰ੍ਹਾਂ ਦੀ ਨਫ਼ਰਤ-ਭਰੀ ਹਊਮੈ ਦੀ ਚਾਸ਼ਨੀ ਵਿੱਚ ਲਪੇਟੀ ਜ਼ੁਬਾਨ ਦੀ ਵਰਤੋਂ ਸਿਆਸੀ ਬੰਦੇ ਕਰਦੇ ਹਨ, ਉਸ ਨੇ ਨੈਤਿਕਤਾ ਤੇ ਲੋਕਤੰਤਰੀ ਰਵਾਇਤਾਂ ਦੀ ਮਿੱਟੀ ਪਲੀਤ ਕਰ ਦਿੱਤੀ ਹੈ। ਜਮਹੂਰੀਅਤ ਦਾ ਮੰਦਰ ਕਹੇ ਜਾਣ ਵਾਲੇ ਸੰਸਦ ਦੇ ਦੋਵੇਂ ਸਦਨ ਹੋਣ ਜਾਂ ਵਿਧਾਨ ਸਭਾਵਾਂ ਦੇ ਮੰਚ, ਹਰ ਸਿਆਸੀ ਪਾਰਟੀ ਆਪਣੇ ਸਿਆਸੀ ਵਿਰੋਧੀਆਂ ਲਈ ਅਜਿਹੀ ਜ਼ੁਬਾਨ ਦਾ ਪ੍ਰਯੋਗ ਕਰਦੀ ਹੈ ਕਿ ਹਰ ਸੁਣਨ ਵਾਲਾ ਸ਼ਰਮਸਾਰ ਹੋ ਜਾਂਦਾ ਹੈ, ਪਰ ਬੋਲਣ ਵਾਲਿਆਂ ਨੂੰ ਭੈੜੀ ਜ਼ੁਬਾਨ ਬੋਲਦਿਆਂ ਸ਼ਾਇਦ ਕੋਈ ਸੰਗ-ਸ਼ਰਮ ਨਹੀਂ ਆਉਂਦੀ। ਟੀ.ਵੀ. ਚੈਨਲਾਂ ਉੱਤੇ ਜਿਸ ਤਰ੍ਹਾਂ ਦੀ ਮਿਆਰਾਂ ਤੋਂ ਗਿਰੀ ਹੋਈ ਬਹਿਸ ਦਾ ਸ਼ੋਰ-ਸ਼ਰਾਬਾ ਸੁਣਾਈ ਦਿੰਦਾ ਹੈ, ਉਸ ਦਾ ਕੋਈ ਸਿਰ-ਪੈਰ ਨਹੀਂ ਹੁੰਦਾ। ਕੇਵਲ ਇੱਕ ਦੂਜੇ ’ਤੇ ਚਿੱਕੜ-ਉਛਾਲੀ ਕਰਕੇ ਵਿਰੋਧੀ ਨੂੰ ਨੀਵਾਂ ਦਿਖਾਉਣਾ ਹੀ ਹੁੰਦਾ ਹੈ। ਨੇਤਾਵਾਂ ਦੀ ਅਜਿਹੀ ‘ਕਾਰਗੁਜ਼ਾਰੀ’ ਕਾਰਨ ਹੀ ਇਹ ਲੋਕ-ਮਨਾਂ ਤੋਂ ਲੱਥ ਗਏ ਹਨ।
ਸਮੇਂ ਸਥਿਤੀ ਅਨੁਸਾਰ ਢੁੱਕਵੀਂ ਗੱਲ ਕਰਨ ਦਾ ਕਮਾਲ ਵਿਰਲਿਆ ਕੋਲ ਹੀ ਹੁੰਦਾ ਹੈ। ਗਿਣਵੇਂ-ਮਿਣਵੇਂ ਸ਼ਬਦਾਂ ਵਿੱਚ ਸੰਜਮ ਭਰਪੂਰ ਗੱਲ ਦਾ ਬਹੁਤ ਹੀ ਤਿੱਖਾ ਪ੍ਰਭਾਵ ਪੈਂਦਾ ਹੈ। ਇੱਧਰਲੀਆਂ-ਉੱਧਰਲੀਆਂ ਮਾਰਨ ਵਾਲੇ ਗੱਲ ਦਾ ਅਸਲੀ ਸਿਰਾ ਹੱਥੋਂ ਛੱਡ ਬਹਿੰਦੇ ਹਨ ਤੇ ਉਂਜ ਹੀ ਆਪਣਾ ਘੋੜਾ ਦੁੜਾਈ ਜਾਂਦੇ ਹਨ। ਜੇ ਮਿੱਠੇ ਤੇ ਮਿਆਰੀ ਬੋਲ ਕਿਸੇ ਦਾ ਮਨ ਜਿਤਣ ਦੀ ਸਮਰੱਥਾ ਰੱਖਦੇ ਹਨ ਤਾਂ ਉੱਘੜ-ਦੁੱਘੜੇ, ਤਿੱਖੀ ਤੇਜ਼-ਜ਼ੁਬਾਨ ਵਿੱਚੋਂ ਨਿਕਲੇ ਬੋਲਾਂ ਤੋਂ ਹਰ ਕੋਈ ਛੇਤੀ ਹੀ ਉਕਤਾ ਜਾਂਦਾ ਹੈ। ਕੌੜੇ, ਖਰ੍ਹਬੇ ਤੇ ਅਸ਼ਲੀਲ ਬੋਲਾਂ ਨਾਲ ਸੁਣਨ ਵਾਲੇ ਦੇ ਮਨ ਵਿੱਚ ਜਿਹੜਾ ਦਰਦ ਪੈਦਾ ਹੁੰਦਾ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਆਸ਼ਾਵਾਦੀ ਤੇ ਹੌਸਲੇ ਭਰੇ ਬੋਲ ਤਾਂ ਕਿਸੇ ਹਿੰਮਤ ਹਾਰ ਚੁੱਕੇ ਮਨੁੱਖ ਨੂੰ ਦੁਬਾਰਾ ਪੈਰਾਂ ’ਤੇ ਖੜ੍ਹੇ ਕਰ ਦਿੰਦੇ ਹਨ। ਸਿਆਣੇ ਕਹਿੰਦੇ ਹਨ ਕਿ ਕਿਸੇ ਦੀ ਬੋਲ-ਚਾਲ ਵਿੱਚ ਸ਼ਬਦਾਂ ਦੀ ਵਰਤੋਂ, ਚਿਹਰੇ ਦੇ ਹਾਵ-ਭਾਵ, ਦਲੀਲ ਨਾਲ ਕੀਤੀ ਗੱਲਬਾਤ ਉਸ ਬੰਦੇ ਦੇ ਅੰਦਰਲੇ ਸੁਹਜ ਤੇ ਸ਼ਖ਼ਸੀਅਤ ਨੂੰ ਬਹੁਤ ਹੱਦ ਤੱਕ ਪ੍ਰਗਟ ਕਰ ਦਿੰਦੀ ਹੈ। ਦੂਜੇ ਪਾਸੇ ਬਾਹਾਂ ਉਲਾਰ ਉਲਾਰ ਕੇ ਗੱਲ ਗੱਲ ’ਤੇ ਹੱਥਾਂ ਦੀਆਂ ਉਂਗਲੀਆਂ ਖੜ੍ਹੀਆਂ ਕਰਕੇ ਆਪਣੀ ਮੈਂ ਦਾ ਵਾਰ ਵਾਰ ਪ੍ਰਗਟਾਵਾ ਕਰਕੇ, ਨਾਟਕੀ ਅੰਦਾਜ਼ ਵਿੱਚ ਤੋੜਾ ਝਾੜ ਕੇ ਭਾਸ਼ਨ ਕਰਨ ਵਾਲੇ ਬੁਲਾਰੇ ਵੀ ਸਰੋਤਿਆਂ ’ਤੇ ਕੋਈ ਬੱਝਵਾਂ ਪ੍ਰਭਾਵ ਪਾਉਣ ਵਿੱਚ ਕਾਮਯਾਬ ਨਹੀਂ ਹੁੰਦੇ।
ਕਈ ਵਾਰ ਜ਼ੁਬਾਨੋਂ ਅਜਿਹੇ ਸ਼ਬਦ ਬੋਲ ਦਿੱਤੇ ਜਾਂਦੇ ਹਨ ਕਿ ਸੁਣਨ ਵਾਲਿਆਂ ਦੇ ਮਨਾਂ ਨੂੰ ਡੂੰਘੀ ਠੇਸ ਵੱਜਦੀ ਹੈ। ਬੋਲਾਂ ਦੇ ਫੱਟ ਤਾਂ ਚਿਰਾਂ ਤੱਕ ਤੜਫਾਈ ਰੱਖਦੇ ਹਨ। ਜਿਹੜਾ ਜ਼ੁਬਾਨ ਦੀ ਵਰਤੋਂ ਸੁਚੇਤ ਹੋ ਕੇ ਤੇ ਸੰਭਾਲ ਕੇ ਕਰਦਾ ਹੈ, ਉਹ ਜੱਸ ਖੱਟ ਜਾਂਦਾ ਹੈ। ਪੰਜਾਬੀ ਦੇ ਕਿਸੇ ਸ਼ਾਇਰ ਦਾ ਇੱਕ ਦੋਹਾ ਵੀ ਜ਼ੁਬਾਨੋਂ ਸ਼ਬਦ ਕੱਢਣ ਵਾਲੇ ਨੂੰ ਵੱਖਰੇ ਅੰਦਾਜ਼ ਵਿੱਚ ਸੁਚੇਤ ਕਰਦਾ ਹੈ:
ਵਰਤੀਂ ਸ਼ਬਦ ਸੰਭਾਲ ਕੇ, ਇਹ ਨੇ ਤੀਰ ਕਮਾਨ
ਰਿਸ਼ਤੇ ਨਾਤੇ ਚੀਰਦੀ, ਤਿੱਖੀ ਤੇਜ਼ ਜ਼ੁਬਾਨ।
ਸੰਪਰਕ: 98153-56086

Advertisement

Advertisement
Advertisement
Tags :
Author Image

joginder kumar

View all posts

Advertisement