ਭਾਜਪਾ ’ਚ ਰਲ ਕੇ ਬਿੱਟੂ ਨੇ ਬੇਅੰਤ ਸਿੰਘ ਦੀ ਕੁਰਬਾਨੀ ਭੁਲਾਈ: ਲਾਲ ਸਿੰਘ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 30 ਮਾਰਚ
ਸਾਬਕਾ ਮੰਤਰੀ ਤੇ ਕਾਂਗਰਸ ਦੀ ਪਹਿਲੀ ਕਤਾਰ ਦੇ ਟਕਸਾਲੀ ਲੀਡਰ ਲਾਲ ਸਿੰਘ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਕੇ ਬੇਅੰਤ ਸਿੰਘ ਦੀ ਕੁਰਬਾਨੀ ਨੂੰ ਮਿੱਟੀ ਵਿੱਚ ਰੋਲ ਦਿੱਤਾ ਹੈ, ਇਸ ਤੋਂ ਵੱਡਾ ਪਾਪ ਰਵਨੀਤ ਬਿੱਟੂ ਹੋਰ ਕਰ ਨਹੀਂ ਸਕਦਾ, ਜਿਨ੍ਹਾਂ ਦੀ ਜ਼ਮੀਰ ਮਰ ਗਈ ਉਹ ਖ਼ੁਦ ਮਰ ਜਾਂਦੇ ਹਨ। ਲਾਲ ਸਿੰਘ ਇੱਥੇ ਮੀਡੀਆ ਨਾਲ ਗੱਲ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਨੂੰ ਸਭ ਕੁਝ ਦਿੱਤਾ ਪਰ ਬੜਾ ਦੁੱਖ ਹੁੰਦਾ ਹੈ ਜਦੋਂ ਉਹ ਕਾਂਗਰਸ ਨੂੰ ਹੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਇਕ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਲੋਕਤੰਤਰ ਨੂੰ ਖ਼ਤਮ ਕਰਨ ਦਾ ਤਹੱਈਆ ਕੀਤਾ ਹੋਇਆ ਹੈ ਪਰ ਦੂਜੇ ਪਾਸੇ ਕੁਝ ਲੋਕ ਲਾਲਚਵੱਸ ਜਾਂ ਫਿਰ ਕਿਸੇ ਡਰ ਕਰਕੇ ਲੋਕਤੰਤਰ ਬਚਾਉਣ ਦੀ ਥਾਂ ਲੋਕਤੰਤਰ ਖ਼ਤਮ ਕਰਨ ਵਾਲਿਆਂ ਨਾਲ ਰਲ ਗਏ ਹਨ ਪਰ ਮੇਰੀ ਇੱਛਾ ਹੈ ਕਿ ਇਨ੍ਹਾਂ ਸਾਰਿਆਂ ਨੂੰ ਸਬਕ ਸਿਖਾਉਣ ਲਈ ਲੋਕ ਸਭਾ ਚੋਣ ਲੜ ਕੇ ਲੋਕਤੰਤਰ ਬਚਾਉਣ ਵਿਚ ਹਿੱਸਾ ਪਾਇਆ ਜਾਵੇ।
ਲਾਲ ਸਿੰਘ ਨੇ ਅੱਗੇ ਕਿਹਾ ਕਿ ਕਾਂਗਰਸੀ ਵਰਕਰਾਂ ਜਾਂ ਲੀਡਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਕਾਂਗਰਸ ਵੱਡੀ ਪਾਰਟੀ ਹੈ, ਇਸ ’ਤੇ ਸੰਕਟ ਆਉਂਦੇ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਮਲਿਕਾਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਦੀ ਲੜਾਈ ਸਿੱਧੀ ਦੇਸ਼ ਦੇ ਪੱਖ ਵਿੱਚ ਹੈ, ਹਰੇਕ ਕਾਂਗਰਸੀ ਨੂੰ ਉਨ੍ਹਾਂ ਦੀ ਇਸ ਲੜਾਈ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਕਹਿ ਰਹੇ ਹਨ ਕਿ ਲਾਲ ਸਿੰਘ ਦੀ ਸਿਹਤ ਚੋਣ ਲੜਨ ਦੀ ਇਜਾਜ਼ਤ ਨਹੀਂ ਦਿੰਦੀ, ਉਹ ਉਨ੍ਹਾਂ ਨੂੰ ਕਹਿਣਾ ਚਾਹੁੰਦੇ ਹਨ ਕਿ ਉਹ ਬਿਲਕੁਲ ਤੰਦਰੁਸਤ ਹਨ ਤੇ ਚੋਣ ਲੜਨ ਲਈ ਬਿਲਕੁਲ ਤਿਆਰ ਹਨ।