For the best experience, open
https://m.punjabitribuneonline.com
on your mobile browser.
Advertisement

ਜ਼ਿਮਨੀ ਚੋਣਾਂ: ‘ਇੰਡੀਆ’ ਗੱਠਜੋੜ ਨੇ 13 ’ਚੋਂ 10 ਸੀਟਾਂ ਜਿੱਤੀਆਂ

07:31 AM Jul 14, 2024 IST
ਜ਼ਿਮਨੀ ਚੋਣਾਂ  ‘ਇੰਡੀਆ’ ਗੱਠਜੋੜ ਨੇ 13 ’ਚੋਂ 10 ਸੀਟਾਂ ਜਿੱਤੀਆਂ
ਰਾਣਾਘਾਟ ਤੋਂ ਜੇਤੂ ਟੀਐੱਮਸੀ ਉਮੀਦਵਾਰ ਮੁਕਤ ਮਨੀ ਅਧਿਕਾਰੀ ਸਮਰਥਕਾਂ ਨਾਲ ਜਿੱਤ ਦਾ ਜਸ਼ਨ ਮਨਾਉਂਦੀ ਹੋਈ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 13 ਜੁਲਾਈ
ਸੱਤ ਸੂਬਿਆਂ ਦੀਆਂ 13 ਅਸੈਂਬਲੀ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ’ਚੋਂ ‘ਇੰਡੀਆ’ ਗੱਠਜੋੜ ਨੇ 10 ਸੀਟਾਂ ਜਿੱਤੀਆਂ ਹਨ। ਭਾਜਪਾ ਨੂੰ ਦੋ ਸੀਟਾਂ ਮਿਲੀਆਂ ਜਦਕਿ ਇਕ ਆਜ਼ਾਦ ਉਮੀਦਵਾਰ ਨੇ ਚੋਣ ਜਿੱਤੀ ਹੈ। ਜ਼ਿਮਨੀ ਚੋਣਾਂ ਲਈ ਪੱਛਮੀ ਬੰਗਾਲ ਦੀਆਂ ਚਾਰ, ਹਿਮਾਚਲ ਪ੍ਰਦੇਸ਼ ਦੀਆਂ ਤਿੰਨ, ਉੱਤਰਾਖੰਡ ਦੀਆਂ ਦੋ, ਪੰਜਾਬ, ਮੱਧ ਪ੍ਰਦੇਸ਼, ਬਿਹਾਰ ਅਤੇ ਤਾਮਿਲਨਾਡੂ ਦੀਆਂ ਇਕ-ਇਕ ਸੀਟਾਂ ’ਤੇ ਬੁੱਧਵਾਰ ਨੂੰ ਵੋਟਾਂ ਪਈਆਂ ਸਨ। ਪੰਜਾਬ ਦੀ ਜਲੰਧਰ ਪੱਛਮੀ ਸੀਟ ’ਤੇ ‘ਆਪ’ ਦੇ ਮਹਿੰਦਰ ਭਗਤ ਨੇ ਭਾਜਪਾ ਦੇ ਸ਼ੀਤਲ ਅੰਗੁਰਾਲ ਨੂੰ 37,325 ਵੋਟਾਂ ਦੇ ਫ਼ਰਕ ਨਾਲ ਹਰਾਇਆ। ਪੱਛਮੀ ਬੰਗਾਲ ’ਚ ਟੀਐੱਮਸੀ ਨੇ ਚਾਰੋਂ ਸੀਟਾਂ ਰਾਏਗੰਜ, ਰਾਣਾਘਾਟ ਦਕਸ਼ਿਣ, ਬਾਗਦਾ ਅਤੇ ਮਾਣਿਕਤਾਲ ’ਤੇ ਭਾਜਪਾ ਉਮੀਦਵਾਰਾਂ ਨੂੰ ਹਰਾਇਆ ਹੈ। ਰਾਏਗੰਜ ’ਚ ਪਾਰਟੀ ਉਮੀਦਵਾਰ ਕ੍ਰਿਸ਼ਣਾ ਕਲਿਆਨੀ ਨੇ ਭਾਜਪਾ ਦੇ ਮਾਨਸ ਕੁਮਾਰ ਘੋਸ਼ ਨੂੰ 50,077 ਵੋਟਾਂ, ਰਾਣਾਘਾਟ ਦਕਸ਼ਿਣ ’ਚ ਮੁਕੁਤ ਨਾਮੀ ਅਧਿਕਾਰੀ ਨੇ ਭਾਜਪਾ ਦੇ ਮਨੋਜ ਕੁਮਾਰ ਬਿਸਵਾਸ ਨੂੰ 74,485 ਵੋਟਾਂ, ਬਾਗਦਾ ’ਚ ਮਧੂਪਰਨਾ ਠਾਕੁਰ ਨੇ ਭਾਜਪਾ ਦੇ ਬਿਨੇ ਕੁਮਾਰ ਬਿਸਵਾਸ ਨੂੰ 74,251 ਵੋਟਾਂ ਅਤੇ ਮਾਣਿਕਤਾਲ ’ਚ ਸੁਪਤੀ ਪਾਂਡੇ ਨੇ ਭਾਜਪਾ ਦੇ ਕਲਿਆਣ ਚੌਬੇ ਨੂੰ 62,312 ਵੋਟਾਂ ਦੇ ਫ਼ਰਕ ਨਾਲ ਹਰਾਇਆ। ਉੱਤਰਾਖੰਡ ਦੀਆਂ ਦੋਵੇਂ ਸੀਟਾਂ ਬਦਰੀਨਾਥ ਅਤੇ ਮੰਗਲੌਰ ਤੋਂ ਕਾਂਗਰਸ ਦੇ ਲਖਪਤ ਸਿੰਘ ਬੁਟੋਲਾ ਅਤੇ ਕਾਜ਼ੀ ਮੁਹੰਮਦ ਨਿਜ਼ਾਮੂਦੀਨ ਜੇਤੂ ਰਹੇ। ਬੁਟੋਲਾ ਨੇ ਬਦਰੀਨਾਥ ਸੀਟ ’ਤੇ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਰਾਜੇਂਦਰ ਸਿੰਘ ਭੰਡਾਰੀ ਨੂੰ 5,224 ਵੋਟਾਂ ਦੇ ਫ਼ਰਕ ਨਾਲ ਹਰਾਇਆ।

Advertisement

ਨਾਦੀਆ ਤੋਂ ਟੀਐੱਮਸੀ ਉਮੀਦਵਾਰ ਮੁਕੁਟ ਮਨੀ ਅਧਿਕਾਰੀ ਆਪਣੇ ਹਮਾਇਤੀਆਂ ਨਾਲ ਚੋਣ ਜਿੱਤਣ ਦੀ ਖੁਸ਼ੀ ਮਨਾਉਂਦਾ ਹੋਇਆ। -ਫੋਟੋ: ਪੀਟੀਆਈ

ਇਸੇ ਤਰ੍ਹਾਂ ਨਿਜ਼ਾਮੂਦੀਨ ਨੇ ਮਗਲੌਰ ਸੀਟ ’ਤੇ ਭਾਜਪਾ ਦੇ ਕਰਤਾਰ ਸਿੰਘ ਭਡਾਨਾ ਨੂੰ ਸਿਰਫ਼ 422 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ। ਮੱਧ ਪ੍ਰਦੇਸ਼ ’ਚ ਭਾਜਪਾ ਦੇ ਕਮਲੇਸ਼ ਪ੍ਰਤਾਪ ਸਿੰਘ ਨੇ ਅਮਰਵਾੜਾ ਹਲਕੇ ਤੋਂ ਕਾਂਗਰਸ ਦੇ ਧੀਰਨ ਸ਼ਾਹ ਇਨਵਾਤੀ ਨੂੰ 3,027 ਵੋਟਾਂ ਦੇ ਫ਼ਰਕ ਨਾਲ ਹਰਾਇਆ। ਬਿਹਾਰ ’ਚ ਆਜ਼ਾਦ ਉਮੀਦਵਾਰ ਸ਼ੰਕਰ ਸਿੰਘ ਨੇ ਰੁਪੌਲੀ ਸੀਟ ’ਤੇ ਜਿੱਤ ਹਾਸਲ ਕੀਤੀ ਹੈ। ਉਸ ਨੇ ਜਨਤਾ ਦਲ (ਯੂ) ਦੇ ਕਾਲਾਧਰ ਪ੍ਰਸਾਦ ਮੰਡਲ ਨੂੰ 8,246 ਵੋਟਾਂ ਨਾਲ ਹਰਾਇਆ। ਤਾਮਿਲਨਾਡੂ ’ਚ ਹੁਕਮਰਾਨ ਡੀਐੱਮਕੇ ਦੇ ਏ. ਸ਼ਿਵਾ ਐੱਨਡੀਏ ’ਚ ਸ਼ਾਮਲ ਪੀਐੱਮਕੇ ਦੇ ਅੰਬੂਮਣੀ ਸੀ. ਨੂੰ ਵਿਕਰਵੰਡੀ ਹਲਕੇ ਤੋਂ 67,757 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜੇਤੂ ਰਹੇ। -ਪੀਟੀਆਈ

Advertisement

ਉਤਰਾਖੰਡ ਜ਼ਿਮਨੀ ਚੋਣ: ਨਿਜ਼ਾਮੂਦੀਨ ਚੌਥੀ ਵਾਰ ਜੇਤੂ

ਦੇਹਰਾਦੂਨ: ਕਾਂਗਰਸ ਨੇ ਅੱਜ ਉਤਰਾਖੰਡ ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਜਿੱਤ ਦਰਜ ਕਰਦਿਆਂ ਬਸਪਾ ਤੇ ਭਾਜਪਾ ਤੋਂ ਕ੍ਰਮਵਾਰ ਮੰਗਲੌਰ ਤੇ ਬਦਰੀਨਾਥ ਸੀਟਾਂ ਖੋਹ ਲਈਆਂ ਹਨ। ਕਾਂਗਰਸ ਦੇ ਕਾਜ਼ੀ ਮੁਹੰਮਦ ਨਿਜ਼ਾਮੂਦੀਨ ਚੌਥੀ ਵਾਰ ਵਿਧਾਇਕ ਬਣੇ ਹਨ। ਉਨ੍ਹਾਂ ਮੰਗਲੌਰ ਸੀਟ ’ਤੇ ਕਰੀਬੀ ਮੁਕਾਬਲੇ ਵਿੱਚ ਭਾਜਪਾ ਦੇ ਕਰਤਾਰ ਸਿੰਘ ਭਦਾਨਾ ਨੂੰ 422 ਵੋਟਾਂ ਨਾਲ ਹਰਾਇਆ। ਨਿਜ਼ਾਮੂਦੀਨ ਦੋ ਵਾਰ ਬਸਪਾ ਤੇ ਇੱਕ ਵਾਰ ਕਾਂਗਰਸ ਵੱਲੋਂ ਵਿਧਾਇਕ ਰਹਿ ਚੁੱਕੇ ਹਨ। ਬਸਪਾ ਦੇ ਸਾਬਕਾ ਵਿਧਾਇਕ ਸਰਵਤ ਕਰੀਮ ਅੰਸਾਰੀ ਦੀ ਪਿਛਲੇ ਸਾਲ ਅਕਤੂਬਰ ਵਿੱਚ ਮੌਤ ਹੋਣ ਮਗਰੋਂ ਇਹ ਸੀਟ ਖ਼ਾਲੀ ਹੋ ਗਈ ਸੀ। ਉਨ੍ਹਾਂ ਦੇ ਪੁੱਤਰ ਉਦੈਪੁਰ ਰਹਿਮਾਨ ਨੂੰ 19,559, ਜਦੋਂਕਿ ਨਿਜ਼ਾਮੂਦੀਨ ਨੂੰ 31,727 ਅਤੇ ਭਦਾਨਾ ਨੂੰ 31,305 ਵੋਟ ਮਿਲੇ। ਨਿਜ਼ਾਮੂਦੀਨ ਨੇ ਕਾਂਗਰਸ ’ਤੇ ਪੰਜਵੀਂ ਵਾਰ ਭਰੋਸਾ ਦਿਖਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘‘ਇਹ ਲੱਠਤੰਤਰ ’ਤੇ ਲੋਕਤੰਤਰ ਦੀ ਜਿੱਤ ਹੈ।’’ -ਪੀਟੀਆਈ

ਦੇਸ਼ ’ਚ ਸਿਆਸੀ ਮਾਹੌਲ ਬਦਲ ਰਿਹੈ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਜ਼ਿਮਨੀ ਚੋਣਾਂ ’ਚ ‘ਇੰਡੀਆ’ ਗੱਠਜੋੜ ਦੇ ਉਮੀਦਵਾਰਾਂ ਦੀ ਜਿੱਤ ਦਾ ਸਵਾਗਤ ਕੀਤਾ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਨਾਲ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਵੱਲੋਂ ‘ਡਰ ਅਤੇ ਭਰਮ’ ਦਾ ਬੁਣਿਆ ਜਾਲ ਟੁੱਟ ਗਿਆ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਰਟੀ ਵਰਕਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਨੇ ਭਾਜਪਾ ਦੀ ਹੰਕਾਰ, ਕੁਸ਼ਾਸਨ ਅਤੇ ਨਾਂਹ-ਪੱਖੀ ਸਿਆਸਤ ਰੱਦ ਕਰ ਦਿੱਤੀ ਹੈ। ਕਾਂਗਰਸ ਨੇ ਕਿਹਾ ਕਿ ਨਤੀਜੇ ਦੇਸ਼ ’ਚ ਬਦਲ ਰਹੇ ਸਿਆਸੀ ਮਾਹੌਲ ਵੱਲ ਇਸ਼ਾਰਾ ਕਰਦੇ ਹਨ। ਖੜਗੇ ਨੇ ਕਿਹਾ ਕਿ ਇਹ ਮੋਦੀ-ਸ਼ਾਹ ਦੀ ਡਿੱਗ ਰਹੀ ਸਿਆਸੀ ਸਾਖ ਦਾ ਪੁਖ਼ਤਾ ਸਬੂਤ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਦੇਵਭੂਮੀ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਲੋਕਾਂ ਨੇ ਕਾਂਗਰਸ ’ਚ ਭਰੋਸਾ ਜਤਾਇਆ ਹੈ ਅਤੇ ਲੋਕ ਜਾਣ ਗਏ ਹਨ ਕਿ 100 ਸਾਲ ਪਹਿਲਾਂ ਅਤੇ 100 ਸਾਲ ਬਾਅਦ ਲੋਕਾਂ ਨੂੰ ਗੁੰਮਰਾਹ ਕਰਨ ਦੀ ਸਿਆਸਤ ਨਾਲ ਦੇਸ਼ ਨੂੰ ਕੋਈ ਲਾਭ ਨਹੀਂ ਹੋਵੇਗਾ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਿਹਾ ਕਿ ਲੋਕਾਂ ਨੇ ਭਾਜਪਾ ਨੂੰ ਇਕ ਮਹੀਨੇ ’ਚ ਦੂਜੀ ਵਾਰ ਸੁਨੇਹਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਨੇ ਸੰਵਿਧਾਨ ਬਦਲਣ ਦੀ ਗੱਲ ਕਰਨ ਵਾਲਿਆਂ ਨੂੰ ਸਬਕ ਸਿਖਾ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੰਗਲੌਰ ’ਚ ਵੋਟਿੰਗ ਵਾਲੇ ਦਿਨ ਮੁਸਲਿਮ ਵੋਟਰਾਂ ਨੂੰ ਆਪਣੇ ਹੱਕ ਦੀ ਵਰਤੋਂ ਕਰਨ ਤੋਂ ਰੋਕਿਆ ਗਿਆ ਸੀ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਨੂੰ ਆਪਸ ’ਚ ਲੜਾ ਕੇ ਸਿਆਸਤ ਕਰ ਰਹੀ ਹੈ ਜਿਸ ਦਾ ਉਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਮਿਲ ਰਿਹਾ ਹੈ। -ਪੀਟੀਆਈ

ਭਾਜਪਾ ਨੇ ਵਿਰੋਧੀ ਧਿਰ ਦੀ ਖੁਸ਼ੀ ’ਤੇ ਸਵਾਲ ਖੜ੍ਹੇ ਕੀਤੇ

ਨਵੀਂ ਦਿੱਲੀ: ਭਾਜਪਾ ਨੇ ਵਿਰੋਧੀ ਧਿਰ ਵੱਲੋਂ ਨਤੀਜਿਆਂ ’ਤੇ ਜਤਾਈ ਗਈ ਖੁਸ਼ੀ ’ਤੇ ਸਵਾਲ ਖੜ੍ਹੇ ਕੀਤੇ ਹਨ। ਭਾਜਪਾ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਦੀ ਭਾਈਵਾਲ ਕਾਂਗਰਸ ਨੇ ਪੱਛਮੀ ਬੰਗਾਲ ’ਚ ਦੂਜੀ ਭਾਈਵਾਲ ਟੀਐੱਮਸੀ ਖ਼ਿਲਾਫ਼ ਚੋਣ ਲੜੀ ਸੀ ਅਤੇ ਉਹ ਉਸ ਤੋਂ ਹਾਰ ਗਏ ਹਨ। ਭਾਜਪਾ ਦੇ ਆਈਟੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ‘ਇੰਡੀ’ ਗੱਠਜੋੜ ਵਧੀਆ ਮਹਿਸੂਸ ਕਰਨ ਦਾ ਦਿਖਾਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਹਿਮਾਚਲ ਪ੍ਰਦੇਸ਼ ’ਚ ਤਿੰਨੋਂ ਸੀਟਾਂ ਨਾ ਜਿੱਤਣ ’ਤੇ ਨਿਰਾਸ਼ ਹੋਣਾ ਚਾਹੀਦਾ ਹੈ। -ਪੀਟੀਆਈ

ਹਿਮਾਚਲ ’ਚ ਕਾਂਗਰਸ ਨੇ 2 ਸੀਟਾਂ ਜਿੱਤੀਆਂ

ਦੇਹਰਾ ਤੋਂ ਚੋਣ ਜਿੱਤੀ ਕਮਲੇਸ਼ ਠਾਕੁਰ ਜਿੱਤ ਦਾ ਸਰਟੀਫਿਕੇਟ ਹਾਸਲ ਕਰਦੀ ਹੋਈ। -ਫੋਟੋ: ਪੀਟੀਆਈ

ਸ਼ਿਮਲਾ, 13 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਦੀ ਦੇਹਰਾ ਸੀਟ ਤੋਂ ਜਿੱਤ ਨਾਲ ਨਵਾਂ ਇਤਿਹਾਸ ਬਣ ਗਿਆ ਹੈ। ਹਿਮਾਚਲ ਵਿਧਾਨ ਸਭਾ ’ਚ ਇਹ ਪਹਿਲੀ ਵਾਰ ਹੈ ਜਦੋਂ ਦੋਵੇਂ ਮੀਆਂ-ਬੀਵੀ ਸਦਨ ਦੇ ਮੈਂਬਰ ਹਨ। ਇਹ ਵੀ ਪਹਿਲੀ ਵਾਰ ਹੈ ਕਿ ਸਦਨ ’ਚ ਕੋਈ ਵੀ ਆਜ਼ਾਦ ਵਿਧਾਇਕ ਨਹੀਂ ਹੈ। ਇਸ ਤੋਂ ਪਹਿਲਾਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਵੀਰਭੱਦਰ ਸਿੰਘ ਅਤੇ ਪੁੱਤਰ ਵਿਕਰਮਾਦਿੱਤਿਆ ਸਿੰਘ ਦੇ ਚੋਣ ਜਿੱਤਣ ਨਾਲ ਪਿਉ-ਪੁੱਤਰ ਦੇ ਇਕੋ ਸਮੇਂ ਵਿਧਾਇਕ ਹੋਣ ਦਾ ਰਿਕਾਰਡ ਬਣਿਆ ਸੀ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪਾਰਟੀ ਦੇ ਦੋ ਸੀਟਾਂ ਜਿੱਤਣ ’ਤੇ ਸੂਬੇ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੈਸੇ ਦੀ ਤਾਕਤ ’ਤੇ ਲੋਕਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੋੜਨ ਲਈ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਦੀ ਸਿਆਸਤ ਨੂੰ ਲੋਕਾਂ ਨੇ ਮਾਤ ਦੇ ਦਿੱਤੀ ਹੈ। ਸੁੱਖੂ ਦੀ ਪਤਨੀ ਅਤੇ ਕਾਂਗਰਸ ਉਮੀਦਵਾਰ ਕਮਲੇਸ਼ ਠਾਕੁਰ ਨੇ ਦੇਹਰਾ ਸੀਟ ਤੋਂ ਭਾਜਪਾ ਦੇ ਹੁਸ਼ਿਆਰ ਸਿੰਘ ਨੂੰ 9,399 ਵੋਟਾਂ ਦੇ ਫ਼ਰਕ ਨਾਲ ਹਰਾਇਆ।

ਕਾਂਗਰਸ ਆਗੂ ਪ੍ਰਤਿਭਾ ਸਿੰਘ ਤੇ ਉਨ੍ਹਾਂ ਦਾ ਪੁੱਤਰ ਵਿਕਰਮਾਦਿੱਤਿਆ ਸਿੰਘ ਸ਼ਿਮਲਾ ਵਿੱਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਵਧਾਈ ਦਿੰਦੇ ਹੋਏ। -ਫੋਟੋ: ਪੀਟੀਆਈ

ਦੇਹਰਾ ਸੀਟ ਕਾਂਗਰਸ ਨੇ 25 ਸਾਲ ਮਗਰੋਂ ਜਿੱਤੀ ਹੈ। ਹੁਸ਼ਿਆਰ ਸਿੰਘ ਨੇ ਇਸੇ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ 2022 ’ਚ ਚੋਣ ਜਿੱਤੀ ਸੀ ਅਤੇ ਰਾਜ ਸਭਾ ਚੋਣ ਦੌਰਾਨ ਉਹ ਭਾਜਪਾ ਉਮੀਦਵਾਰ ਦੇ ਹੱਕ ’ਚ ਭੁਗਤੇ ਸਨ। ਬਾਅਦ ’ਚ ਉਹ ਭਾਜਪਾ ’ਚ ਸ਼ਾਮਲ ਹੋ ਗਏ ਸਨ। ਨਾਲਾਗੜ੍ਹ ’ਚ ਕਾਂਗਰਸ ਦੇ ਹਰਦੀਪ ਸਿੰਘ ਬਾਵਾ ਨੇ ਭਾਜਪਾ ਦੇ ਕੇਐੱਲ ਠਾਕੁਰ ਖ਼ਿਲਾਫ਼ 25,618 ਵੋਟਾਂ ਨਾਲ ਜਿੱਤ ਦਰਜ ਕੀਤੀ। ਭਾਜਪਾ ਨੇ ਸੂਬੇ ਦੀ ਹਮੀਰਪੁਰ ਸੀਟ ਜਿੱਤੀ ਹੈ ਜਿਥੇ ਪਾਰਟੀ ਉਮੀਦਵਾਰ ਆਸ਼ੀਸ਼ ਸ਼ਰਮਾ ਨੂੰ 27,041 ਵੋਟਾਂ ਜਦਕਿ ਕਾਂਗਰਸ ਦੇ ਪੁਸ਼ਪਿੰਦਰ ਵਰਮਾ ਨੂੰ 25,470 ਵੋਟਾਂ ਮਿਲੀਆਂ। ਕਾਂਗਰਸ ਵੱਲੋਂ ਦੋ ਸੀਟਾਂ ਜਿੱਤਣ ਨਾਲ ਉਸ ਦੇ ਵਿਧਾਇਕਾਂ ਦੀ ਗਿਣਤੀ ਮੁੜ 40 ਹੋ ਗਈ ਹੈ। ਸਾਲ 2022 ’ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ 68 ’ਚੋਂ 40 ਸੀਟਾਂ ਜਿੱਤੀਆਂ ਸਨ। -ਪੀਟੀਆਈ

Advertisement
Author Image

sukhwinder singh

View all posts

Advertisement