Punjab Bypolls ਜ਼ਿਮਨੀ ਚੋਣਾਂ: ਪੰਜਾਬ ’ਚ ਚਾਰ ਸੀਟਾਂ ’ਤੇ 63 ਫ਼ੀਸਦ ਵੋਟਿੰਗ
* 45 ਉਮੀਦਵਾਰਾਂ ਦੀ ਕਿਸਮਤ ਈਵੀਐੱਮ ’ਚ ਬੰਦ
* ਅਮਨ ਅਮਾਨ ਨਾਲ ਨੇਪਰੇ ਚੜ੍ਹਿਆ ਵੋਟਾਂ ਦਾ ਅਮਲ
* ਵੋਟਾਂ ਦੀ ਗਿਣਤੀ 23 ਨੂੰ
ਚਰਨਜੀਤ ਭੁੱਲਰ
ਚੰਡੀਗੜ੍ਹ, 20 ਨਵੰਬਰ
Punjab Bypolls: ਪੰਜਾਬ ’ਚ ਜ਼ਿਮਨੀ ਚੋਣਾਂ ਵਾਲੇ ਚਾਰ ਵਿਧਾਨ ਸਭਾ ਹਲਕਿਆਂ ’ਚ ਅੱਜ ਵੋਟਾਂ ਪੈਣ ਦਾ ਅਮਲ ਸ਼ਾਂਤੀ ਪੂਰਵਕ ਨੇਪਰੇ ਚੜ੍ਹ ਗਿਆ। ਸ਼ਾਮ ਦੇ ਛੇ ਵਜੇ ਤੱਕ ਚਾਰ ਸੀਟਾਂ ’ਤੇ 63 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ। ਗਿੱਦੜਬਾਹਾ ਹਲਕੇ ਵਿੱਚ ਸਭ ਤੋਂ ਵੱਧ 81 ਫ਼ੀਸਦੀ ਵੋਟਾਂ ਪਈਆਂ ਹਨ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪਈਆਂ ਵੋਟਾਂ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਪਰ ਹਲਕਾ ਡੇਰਾ ਬਾਬਾ ਨਾਨਕ ਵਿਚ ਆਗੂਆਂ ਵਿਚਾਲੇ ਬਹਿਸਬਾਜ਼ੀ ਹੋਈ ਹੈ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ। ਵੋਟਾਂ ਦਾ ਅਮਲ ਮੁਕੰਮਲ ਹੋਣ ਨਾਲ 45 ਉਮੀਦਵਾਰਾਂ ਦੀ ਕਿਸਮਤ ਈਵੀਐੱਮਜ਼ ’ਚ ਬੰਦ ਹੋ ਗਈ ਹੈ। ਹਲਕਾ ਡੇਰਾ ਬਾਬਾ ਨਾਨਕ ਵਿਚ ਸ਼ਾਮ ਛੇ ਵਜੇ ਤੱਕ 63 ਫ਼ੀਸਦੀ, ਬਰਨਾਲਾ ਹਲਕੇ ’ਚ 54 ਅਤੇ ਚੱਬੇਵਾਲ ਹਲਕੇ ਵਿਚ 53 ਫ਼ੀਸਦੀ ਵੋਟਾਂ ਪਈਆਂ। ਚੋਣ ਕਮਿਸ਼ਨ ਨੇ ਸਮੁੱਚੇ ਅਮਲੇ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ। ਵੋਟਾਂ ਪੈਣ ਦਾ ਅਮਲ ਸਵੇਰ ਸੱਤ ਵਜੇ ਸ਼ੁਰੂ ਹੋਇਆ ਅਤੇ ਦੁਪਹਿਰ ਵਕਤ ਰਫ਼ਤਾਰ ਫੜ ਗਿਆ। ਹਲਕਾ ਗਿੱਦੜਬਾਹਾ ਤੋਂ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ ਜਦਕਿ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਅਤੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਹਲਕੇ ਤੋਂ ਬਾਹਰ ਹੋਣ ਕਰਕੇ ਆਪਣੀ ਵੋਟ ਨਾ ਪਾ ਸਕੇ। ਹਲਕਾ ਬਰਨਾਲਾ ਤੋਂ ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ, ਕਾਂਗਰਸੀ ਉਮੀਦਵਾਰ ਕੁਲਦੀਪ ਢਿੱਲੋਂ, ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਤੋਂ ਇਲਾਵਾ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਹਲਕਾ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਤੋਂ ਉਮੀਦਵਾਰਾਂ ਨੇ ਵੀ ਸਵੇਰ ਵਕਤ ਹੀ ਵੋਟ ਦਾ ਭੁਗਤਾਨ ਕੀਤਾ। ਚਾਰੇ ਸੀਟਾਂ ’ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸਿੱਧੀ ਟੱਕਰ ਨਜ਼ਰ ਆ ਰਹੀ ਹੈ।
‘ਆਪ’ ਦੀ ਹਾਈਕਮਾਨ ਨੇ ਜਿੱਤ ਲਈ ਪੂਰਾ ਤਾਣ ਲਾਇਆ ਹੈ ਕਿਉਂਕਿ ਪੰਜਾਬ ’ਚ ‘ਆਪ’ ਦੇ ਜਿੱਤਣ ਦੀ ਸੂਰਤ ’ਚ ਪਾਰਟੀ ਇਸ ਦਾ ਲਾਹਾ ਦਿੱਲੀ ਚੋਣਾਂ ਵਿਚ ਲੈਣਾ ਚਾਹੁੰਦੀ ਹੈ। ਭਾਜਪਾ ਦੀ ਟੇਕ ਇਨ੍ਹਾਂ ਚੋਣਾਂ ਵਿੱਚ ਦਲਿਤ ਵੋਟ ਬੈਂਕ ਅਤੇ ਡੇਰਾ ਸਿਰਸਾ ਦੇ ਪੈਰੋਕਾਰਾਂ ’ਤੇ ਹੈ। ਗਿੱਦੜਬਾਹਾ ਹਲਕੇ ਨੇ ਐਤਕੀਂ ਪੋਸਟਰ ਲਾਉਣ ਵਿੱਚ ਵੀ ਝੰਡੀ ਲੈ ਲਈ ਹੈ। ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਉਮੀਦਵਾਰ ਸੁਖਰਾਜ ਸਿੰਘ ਨਿਆਮੀਵਾਲਾ ਸੀ ਜੋ ਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦਾ ਲੜਕਾ ਹੈ।
ਅਕਾਲੀ ਵੋਟ ਬੈਂਕ ਦੀ ਅਹਿਮ ਭੂਮਿਕਾ
ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਇਨ੍ਹਾਂ ਚੋਣਾਂ ’ਚ ਅਹਿਮ ਭੂਮਿਕਾ ਨਿਭਾਏਗਾ। ਅਕਾਲੀ ਦਲ ਨੇ ਭਾਵੇਂ ਇਨ੍ਹਾਂ ਚੋਣਾਂ ਤੋਂ ਕਿਨਾਰਾ ਕਰ ਲਿਆ ਹੈ ਪਰ ਉਸ ਦਾ ਕਾਡਰ ਦੂਜੇ ਉਮੀਦਵਾਰਾਂ ਦੇ ਪੱਖ ਵਿਚ ਭੁਗਤਿਆ ਹੈ। ਡੇਰਾ ਬਾਬਾ ਨਾਨਕ ਵਿੱਚ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਧੜੇ ਨੇ ‘ਆਪ’ ਦੀ ਮਦਦ ਦਾ ਐਲਾਨ ਕਰ ਦਿੱਤਾ ਸੀ, ਜਦਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਬਰਨਾਲਾ ਤੋਂ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਵਿੰਦ ਸਿੰਘ ਦੀ ਹਮਾਇਤ ਦਾ ਐਲਾਨ ਕੀਤਾ। ਗਿੱਦੜਬਾਹਾ ਤੋਂ ਅਕਾਲੀ ਨੇਤਾ ਰਘਬੀਰ ਪ੍ਰਧਾਨ ਨੇ ‘ਆਪ’ ਦੇ ਪੱਖ ਵਿਚ ਉੱਤਰਨ ਦਾ ਫ਼ੈਸਲਾ ਲਿਆ।
ਪੋਲਿੰਗ ਦਰ ’ਚ ਗਿੱਦੜਬਾਹਾ ਦੀ ਝੰਡੀ ਕਾਇਮ
ਪੋਲਿੰਗ ਦਰ ’ਚ ਹਲਕਾ ਗਿੱਦੜਬਾਹਾ ਨੇ ਝੰਡੀ ਲੈ ਕੇ ਆਪਣੀ ਪੁਰਾਣੀ ਰਵਾਇਤ ਕਾਇਮ ਰੱਖੀ ਹੈ ਜਦਕਿ ਬਾਕੀ ਤਿੰਨ ਹਲਕਿਆਂ ਵਿਚ ਪਿਛਲੀਆਂ ਅਸੈਂਬਲੀ ਚੋਣਾਂ ਮੁਕਾਬਲੇ ਪੋਲਿੰਗ ਘਟੀ ਹੈ। ਗਿੱਦੜਬਾਹਾ ’ਚ ਪੋਲਿੰਗ 81 ਫ਼ੀਸਦ ਰਹੀ ਜਦਕਿ ਸਾਲ 2022 ਵਿਚ ਇਹ 84.93 ਫ਼ੀਸਦੀ, 2017 ਵਿਚ 88.79 ਫ਼ੀਸਦੀ ਸੀ। ਬਰਨਾਲਾ ਦੀ ਪੋਲਿੰਗ ਦਰ ਸਾਲ 2022 ਵਿੱਚ 71.45 ਫ਼ੀਸਦੀ ਤੇ ਸਾਲ 2017 ਵਿੱਚ 78.17 ਫ਼ੀਸਦੀ ਸੀ ਅਤੇ ਅੱਜ ਇਹ ਦਰ 54 ਫ਼ੀਸਦੀ ਰਹਿ ਗਈ ਹੈ। ਡੇਰਾ ਬਾਬਾ ਨਾਨਕ ਦੀ 63 ਫ਼ੀਸਦੀ ਪੋਲਿੰਗ ਦਰ ਰਹੀ ਜੋ ਕਿ ਸਾਲ 2022 ਵਿਚ 73.70 ਫ਼ੀਸਦੀ ਸੀ। ਚੱਬੇਵਾਲ ਦੀ ਸਾਲ 2022 ਵਿਚ ਪੋਲਿੰਗ ਦਰ 71.19 ਫ਼ੀਸਦੀ ਤੇ ਸਾਲ 2017 ਵਿਚ 74.20 ਫ਼ੀਸਦੀ ਰਹੀ ਹੈ ਅਤੇ ਅੱਜ ਇਹ ਦਰ 53 ਫ਼ੀਸਦੀ ਰਹਿ ਗਈ ਹੈ।