ਜ਼ਿਮਨੀ ਚੋਣਾਂ: ਪੰਜਾਬ ਦੀਆਂ ਚਾਰ ਸੀਟਾਂ ’ਤੇ 45 ਉਮੀਦਵਾਰ ਮੈਦਾਨ ’ਚ
* ਗਿੱਦੜਬਾਹਾ ਤੇ ਬਰਨਾਲਾ ਵਿੱਚ 14-14, ਡੇਰਾ ਬਾਬਾ ਨਾਨਕ ਵਿੱਚ 11 ਅਤੇ ਚੱਬੇਵਾਲ ਤੋਂ 6 ਉਮੀਦਵਾਰ
ਆਤਿਸ਼ ਗੁਪਤਾ
ਚੰਡੀਗੜ੍ਹ, 30 ਅਕਤੂਬਰ
ਪੰਜਾਬ ਵਿੱਚ ਚਾਰ ਵਿਧਾਨ ਸਭਾ ਸੀਟਾਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਲਈ 13 ਨਵੰਬਰ ਨੂੰ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਕੁੱਲ 45 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਤਿੰਨ ਉਮੀਦਵਾਰਾਂ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਗਿੱਦੜਬਾਹਾ ਤੋਂ ਆਜ਼ਾਦ ਉਮੀਦਵਾਰ ਜਗਮੀਤ ਸਿੰਘ ਬਰਾੜ, ਬਰਨਾਲਾ ਤੋਂ ਗੁਰਪ੍ਰੀਤ ਸਿੰਘ ਅਤੇ ਡੇਰਾ ਬਾਬਾ ਨਾਨਕ ਤੋਂ ਸਿਮਰਜੀਤ ਕੌਰ ਨੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ। ਗਿੱਦੜਬਾਹਾ ਅਤੇ ਬਰਨਾਲਾ ਵਿੱਚ ਸਭ ਤੋਂ ਵੱਧ 14-14 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਹਨ। ਡੇਰਾ ਬਾਬਾ ਨਾਨਕ ਵਿੱਚ 11 ਅਤੇ ਚੱਬੇਵਾਲ ਤੋਂ 6 ਉਮੀਦਵਾਰ ਹੀ ਚੋਣ ਮੈਦਾਨ ਵਿੱਚ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਚਾਰ ਸੀਟਾਂ ’ਤੇ ਜ਼ਿਮਨੀ ਚੋਣਾਂ ਲਈ ਕੁੱਲ 60 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ। ਉਨ੍ਹਾਂ ਵਿੱਚੋਂ 12 ਜਣਿਆਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਸਨ। ਦੱਸਣਯੋਗ ਹੈ ਕਿ ਸੂਬੇ ਦੇ ਇਨ੍ਹਾਂ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਲਈ 831 ਪੋਲਿੰਗ ਸਟੇਸ਼ਨ ਤਿਆਰ ਕੀਤੇ ਗਏ ਹਨ, ਜਿੱਥੇ ਕੁੱਲ 6 ਲੱਖ 96 ਹਜ਼ਾਰ 316 ਵੋਟਰ ਹਨ। ਡੇਰਾ ਬਾਬਾ ਨਾਨਕ ਵਿੱਚ ਕੁੱਲ ਵੋਟਰਾਂ ਦੀ ਗਿਣਤੀ 1 ਲੱਖ 93 ਹਜ਼ਾਰ 268 ਹੈ ਜਦਕਿ ਚੱਬੇਵਾਲ (ਐੱਸਸੀ) ਵਿੱਚ 1 ਲੱਖ 59 ਹਜ਼ਾਰ 254 ਵੋਟਰ ਹਨ। ਗਿੱਦੜਬਾਹਾ ਵਿੱਚ 1 ਲੱਖ 66 ਹਜ਼ਾਰ 489 ਅਤੇ ਬਰਨਾਲਾ ਵਿੱਚ ਵੋਟਰਾਂ ਦੀ ਕੁੱਲ ਗਿਣਤੀ 1 ਲੱਖ 77 ਹਜ਼ਾਰ 305 ਹੈ। ਚਾਰੋਂ ਹਲਕਿਆਂ ’ਚ ਵੋਟਾਂ 13 ਨਵੰਬਰ ਨੂੰ ਪੈਣਗੀਆਂ ਅਤੇ ਨਤੀਜੇ 23 ਨਵੰਬਰ ਨੂੰ ਗਿਣਤੀ ਤੋਂ ਬਾਅਦ ਐਲਾਨੇ ਜਾਣਗੇ।
ਜਗਮੀਤ ਨੇ ਵੜਿੰਗ ’ਤੇ ਧੱਕੇਸ਼ਾਹੀ ਦੇ ਲਾਏ ਦੋਸ਼
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ):
ਗਿੱਦੜਬਾਹਾ ’ਚ ਜਗਮੀਤ ਬਰਾੜ ਵੱਲੋਂ ਨਾਮ ਵਾਪਸ ਲਏ ਜਾਣ ਮਗਰੋਂ ਉਨ੍ਹਾਂ ਕਾਂਗਰਸ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੱਗ ’ਤੇ ਧੱਕੇਸ਼ਾਹੀ ਦੇ ਦੋਸ਼ ਲਾਏ ਹਨ। ਜਗਮੀਤ ਬਰਾੜ ਨੇ ਇਕ ਮਹਿਲਾ ਦੀ ਕਾਲੀ ਬਿੰਦੀ ਲਾ ਕੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਰਾਜਾ ਵੜਿੰਗ ਦੀ ਕਥਿਤ ਧੱਕਾਸ਼ਾਹੀ ਇਸ ਕਦਰ ਵਧ ਗਈ ਹੈ ਕਿ ਕੋਈ ਆਮ ਘਰ ਦੀ ਔਰਤ ਇਥੋਂ ਚੋਣ ਲੜਨ ਤੇ ਵੋਟ ਪਾਉਣ ਦਾ ਹੀਆ ਨਹੀਂ ਕਰ ਸਕਦੀ ਹੈ। ਉਨ੍ਹਾਂ ਰਾਜਾ ਵੜਿੰਗ ’ਤੇ ਬੱਸਾਂ ਦੀਆਂ ਬਾਡੀਆਂ ਅਤੇ ਹੋਰ ਕਈ ਮਾਮਲਿਆਂ ’ਚ ਕਰੋੜਾਂ ਦੀ ਕਥਿਤ ਹੇਰਾਫੇਰੀ ਦੇ ਦੋਸ਼ ਲਾਏ ਅਤੇ ਅਕਾਲ ਤਖ਼ਤ ਦੇ ਜਥੇਦਾਰ ਖ਼ਿਲਾਫ਼ ਦਿੱਤੇ ਬਿਆਨ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਆਪਣੇ ਹਮਾਇਤੀਆਂ ਦੇ ਮਸ਼ਵਰੇ ਅਨੁਸਾਰ ਉਨ੍ਹਾਂ ਚੋਣ ਨਾ ਲੜਨ ਦਾ ਫ਼ੈਸਲਾ ਲਿਆ ਹੈ।