ਜ਼ਿਮਨੀ ਚੋਣ: ਪ੍ਰਿਯੰਕਾ ਗਾਂਧੀ ਵਾਇਨਾਡ ਤੋਂ ਅੱਜ ਦਾਖਲ ਕਰੇਗੀ ਨਾਮਜ਼ਦਗੀ
ਨਵੀਂ ਦਿੱਲੀ, 21 ਅਕਤੂਬਰ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਭਲਕੇ ਬੁੱਧਵਾਰ ਨੂੰ ਵਾਇਨਾਡ ਲੋਕ ਸਭਾ ਹਲਕੇ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਇਸ ਮੌਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਵਿਰੋਧ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਵੀ ਸ਼ਾਮਲ ਹੋਣਗੇ। ਨਾਮਜ਼ਮਦਗੀ ਦਾਖਲ ਕਰਨ ਤੋਂ ਇੱਕ ਦਿਨ ਪਹਿਲਾਂ ਅੱਜ ਪ੍ਰਿਯੰਕਾ ਨੇ ਪਾਰਟੀ ਪ੍ਰਧਾਨ ਖੜਗੇ ਨਾਲ ਮੁਲਾਕਾਤ ਕੀਤੀ। ਜਾਣਕਾਰੀ ਅਨੁਸਾਰ ਪਾਰਟੀ ਦੀ ਜਨਰਲ ਸਕੱਤਰ ਭਲਕੇ ਸਵੇਰੇ ਰਾਹੁਲ ਗਾਂਧੀ ਨਾਲ ਰੋਡ ਸ਼ੋਅ ਵੀ ਕਰਨਗੇ। ਵਾਇਨਾਡ ਤੋਂ ਚੋਣ ਜਿੱਤਣ ’ਤੇ ਪ੍ਰਿਯੰਕਾ ਪਹਿਲੀ ਵਾਰ ਕਿਸੇ ਸਦਨ ਦੇ ਮੈਂਬਰ ਬਣਗੇ। 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਸਿਆਸਤ ਵਿੱਚ ਸਰਗਰਮੀ ਨਾਲ ਵਿਚਰਨਾ ਸ਼ੁਰੂ ਕੀਤਾ। ਉਦੋਂ ਤੋਂ ਉਹ ਪਾਰਟੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਜੂਨ ਵਿੱਚ ਲੋਕ ਸਭਾ ਚੋਣਾਂ ਤੋਂ ਕੁਝ ਦਿਨ ਬਾਅਦ ਕਾਂਗਰਸ ਨੇ ਐਲਾਨ ਕੀਤਾ ਸੀ ਕਿ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਵਿੱਚ ਰਾਏਬਰੇਲੀ ਸੰਸਦੀ ਖੇਤਰ ਰੱਖਣਗੇ ਅਤੇ ਵਾਇਨਾਡ ਸੀਟ ਖਾਲੀ ਕਰ ਦੇਣਗੇ, ਜਿੱਥੋਂ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਜ਼ਿਮਨੀ ਚੋਣ ਲਈ ਉਮੀਦਵਾਰ ਹੋਣਗੇ। ਜ਼ਿਕਰਯੋਗ ਹੈ ਕਿ ਵਾਇਨਾਡ ਸੰਸਦੀ ਸੀਟ ’ਤੇ ਜ਼ਿਮਨੀ ਚੋਣ 13 ਨਵੰਬਰ ਨੂੰ ਹੋਵੇਗੀ ਅਤੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। -ਪੀਟੀਆਈ