ਐਪ ਡਾਊਨਲੋਡ ਕਰਦਿਆਂ ਹੀ ਖਾਤੇ ਵਿੱਚੋਂ ਪੰਜ ਲੱਖ ਰੁਪਏ ਨਿਕਲੇ
ਪੱਤਰ ਪ੍ਰੇਰਕ
ਜਲੰਧਰ, 20 ਜੁਲਾਈ
ਇਥੋਂ ਦੇ ਨਿਊ ਹਰਬੰਸ ਨਗਰ ਦੇ ਵਸਨੀਕ 72 ਸਾਲਾ ਸੁਰਿੰਦਰ ਅਰੋੜਾ ਸਾਈਬਰ ਠੱਗੀ ਦੇ ਸ਼ਿਕਾਰ ਹੋ ਗਏ ਤੇ ਤਿੰਨ ਮਿੰਟ ਅੰਦਰ ਹੀ ਖਾਤੇ ਵਿਚੋਂ 5 ਲੱਖ ਰੁਪਏ ਕੱਢਵਾ ਲਏ ਗਏ। ਸਾਈਬਰ ਬ੍ਰਾਂਚ ਅਨੁਸਾਰ ਇਹ ਠੱਗੀ ਮਾਰਨ ਵਾਲਾ ਗਰੋਹ ਵੈਸਟ ਬੰਗਾਲ ਦਾ ਹੈ। ਸੁਰਿੰਦਰ ਅਰੋੜਾ ਨੇ ਦੱਸਿਆ ਕਿ ਉਸ ਨੂੰ ਦੋ ਫੋਨ ਨੰਬਰਾਂ ਤੋਂ ਕਾਲ ਆਈ ਸੀ। ਉਸ ਨੇ ਦੱਸਿਆ ਕਿ ਉਸ ਨੂੰ ਪਹਿਲੀ ਕਾਲ ਅਭਿਸ਼ੇਕ ਸ਼ਰਮਾ ਨਾਮਕ ਦੀ ਆਈ ਤੇ ਕਹਿਣ ਲੱਗਾ ਕਿ ਜਿਹੜੇ ਆਪ ਨੂੰ ਵਿਦੇਸ਼ ਤੋਂ ਪੈਸੇ ਆਉਣਗੇ ਉਸ ’ਤੇ ਕੋਈ ਚਾਰਜ ਨਹੀਂ ਲੱਗੇਗਾ ਤੇ ਉਸ ਨੇ ਇੱਕ ਐਪ ਡਾਉੂਨਲੋਡ ਕਰਨ ਲਈ ਕਿਹਾ। ਇਸ ਤੋਂ ਉਸ ਦੇ ਖਾਤੇ ਵਿਚੋਂ ਦੋ ਵਾਰੀ ਦੋ ਦੋ ਲੱਖ ਅਤੇ ਇੱਕ ਵਾਰ ਇੱਕ ਲੱਖ ਰੁਪਏ (ਕੁੱਲ ਪੰਜ ਲੱਖ ਰੁਪਏ) ਨਿਕਲ ਗਏ। ਕੁੱਝ ਸਮੇਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਹ ਠੱਗੀ ਦਾ ਸ਼ਿਕਾਰ ਹੋ ਚੁੱਕਾ ਹੈ ਜਿਸ ਦੀ ਸ਼ਿਕਾਇਤ ਉਸ ਨੇ ਇਥੋਂ ਦੇ ਪੁਲੀਸ ਕਮਿਸ਼ਨਰ ਨੂੰ ਕੀਤੀ ਤੇ ਸਾਈਬਰ ਬ੍ਰਾਂਚ ਵਲੋਂ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਸ ਨੂੰ ਫੋਨ ਕਾਲ ਵੈਸਟ ਬੰਗਾਲ ਦੇ ਸ਼ਹਿਰ ਬਰੂਲ ਤੋਂ ਅਮੀਨ ਚੌਧਰੀ ਅਤੇ ਚੰਦਨ ਯਾਦਵ ਨੇ ਕੀਤੀਆਂ ਸਨ। ਥਾਣਾ ਬਸਤੀ ਖੇਲ ਨੇ ਵੱਖ ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।