ਦਫ਼ਨ ਹੋਈ ਫਰਿਆਦ
ਅਰਵਿੰਦਰ ਜੌਹਲ
ਸਿਆਸਤ ਅਤੇ ਸਕੈਂਡਲਾਂ ਦਾ ਸਬੰਧ ਕੋਈ ਨਵਾਂ ਨਹੀਂ। ਪਿਛਲੇ ਦਿਨੀਂ ਕਰਨਾਟਕ ਦੇ ਇੱਕ ਨੌਜਵਾਨ ਸਿਆਸਤਦਾਨ ਦਾ ਅਜਿਹਾ ਸੈਕਸ ਸਕੈਂਡਲ ਸਾਹਮਣੇ ਆਇਆ ਹੈ ਜਿਸ ਨੇ ਦੇਸ਼ ਵਾਸੀਆਂ ਨੂੰ ਸੁੰਨ ਕਰ ਦਿੱਤਾ ਹੈ। ਇਸ ਸੈਕਸ ਸਕੈਂਡਲ ਨੇ ਨਾ ਕੇਵਲ ਸਾਨੂੰ ਸ਼ਰਮਸਾਰ ਕੀਤਾ ਹੈ ਸਗੋਂ ਇਹ ਸੋਚਣ ਲਈ ਵੀ ਮਜਬੂਰ ਕੀਤਾ ਹੈ ਕਿ ਅਸੀਂ ਆਪਣੇ ਲਈ ਕਿਹੋ ਜਿਹੇ ਨੁਮਾਇੰਦੇ ਚੁਣਦੇ ਹਾਂ। ਪ੍ਰੇਸ਼ਾਨੀ ਦੀ ਗੱਲ ਇਹ ਵੀ ਹੈ ਕਿ ਇਸ ਮਾਮਲੇ ’ਚ ਪੀੜਤ ਔਰਤਾਂ ਦੀ ਗਿਣਤੀ ਇੱਕ ਜਾਂ ਦੋ ਨਹੀਂ ਸਗੋਂ ਚਾਰ ਸੌ ਤੋਂ ਵੀ ਵੱਧ ਹੈ। ਇਸ ਨਾਲ ਸਬੰਧਿਤ ਪੈੱਨ ਡਰਾਈਵ ਵਿੱਚ ਬੰਦ ਵੀਡੀਓ ਕਲਿਪਸ ਦੀ ਗਿਣਤੀ 2,976 ਹੈ, ਭਾਵ ਲਗਭਗ ਤਿੰਨ ਹਜ਼ਾਰ।
ਇਹ ਸ਼ਖ਼ਸ ਆਖਰ ਕੌਣ ਹੈ? ਇਸ ਦਾ ਨਾਮ ਹੈ - ਪ੍ਰਜਵਲ ਰੇਵੰਨਾ ਜੋ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵੇਗੌੜਾ ਦਾ ਪੋਤਾ, ਕਰਨਾਟਕ ਦੇ ਮੰਤਰੀ ਰਹਿ ਚੁੱਕੇ ਸਿਆਸਤਦਾਨ ਐੱਚਡੀ ਰੇਵੰਨਾ ਦਾ ਪੁੱਤਰ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚਡੀ ਕੁਮਾਰਾਸਵਾਮੀ ਦਾ ਭਤੀਜਾ ਹੈ। ਪ੍ਰਜਵਲ ਪਿਛਲੇ ਪੰਜ ਸਾਲ ਤੋਂ ਕਰਨਾਟਕ ਦੀ ਹਾਸਨ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹੈ। ਉਹ ਅਗਲੇ ਪੰਜ ਸਾਲ ਲਈ ਵੀ ਇਸ ਸੀਟ ਤੋਂ ਲੋਕਾਂ ਦਾ ਨੁਮਾਇੰਦਾ ਚੁਣਿਆ ਜਾ ਸਕਦਾ ਹੈ। ਪਹਿਲਾਂ 2019 ਵਿੱਚ ਉਸ ਦੇ ਦਾਦੇ ਐੱਚਡੀ ਦੇਵੇਗੌੜਾ ਨੇ ਆਪਣੀ ਇਹ ਸੀਟ ਖਾਲੀ ਕਰਕੇ ਉਸ ਨੂੰ ਇੱਥੋਂ ਪਾਰਟੀ ਦਾ ਉਮੀਦਵਾਰ ਬਣਾਇਆ ਸੀ ਅਤੇ ਇਸ ਵਾਰ ਵੀ ਉਹ ਇਸੇ ਸੀਟ ਤੋਂ ਜਨਤਾ ਦਲ (ਸੈਕੁਲਰ) ਦਾ ਉਮੀਦਵਾਰ ਸੀ ਜਿੱਥੇ 26 ਅਪਰੈਲ ਨੂੰ ਵੋਟਾਂ ਪੈ ਚੁੱਕੀਆਂ ਹਨ ਅਤੇ ਵੋਟਾਂ ਪੈਣ ਮਗਰੋਂ ਅਗਲੀ ਹੀ ਸਵੇਰ ਉਹ ਬੰਗਲੂਰੂ ਤੋਂ ਫਰੈਂਕਫਰਟ ਦੀ ਫਲਾਈਟ ਲੈ ਕੇ ਜਰਮਨੀ ਜਾ ਚੁੱਕਿਆ ਹੈ।
ਹਾਸਨ ਲੋਕ ਸਭਾ ਸੀਟ ’ਤੇ ਵੋਟਾਂ ਪੈਣ ਤੋਂ ਤਿੰਨ-ਚਾਰ ਦਿਨ ਪਹਿਲਾਂ ਬਹੁਤ ਹੀ ਰਹੱਸਮਈ ਢੰਗ ਨਾਲ ਪਾਰਕ ’ਚ ਸੈਰ ਕਰਦੇ ਲੋਕਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਦੁਕਾਨਾਂ ਅਤੇ ਸੜਕਾਂ ’ਤੇ ਖੜ੍ਹੇ ਲੋਕਾਂ ਨੂੰ ਕੋਈ ਦੋ ਹਜ਼ਾਰ ਦੇ ਕਰੀਬ ਪੈੱਨ ਡਰਾਈਵ ਵੰਡੀਆਂ ਗਈਆਂ। ਉਤਸੁਕਤਾ ਵੱਸ ਲੋਕਾਂ ਨੇ ਜਦੋਂ ਇਹ ਵੀਡੀਓ ਕਲਿਪਸ ਦੇਖੀਆਂ ਤਾਂ ਉਹ ਹੈਰਾਨ ਰਹਿ ਗਏ ਕਿਉਂਕਿ ਇਹ ਤਾਂ ਉਨ੍ਹਾਂ ਦੇ ਆਪਣੇ ਹਲਕੇ ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੀਆਂ ਅਸ਼ਲੀਲ ਵੀਡੀਓ ਕਲਿਪਸ ਸਨ, ਜਿਨ੍ਹਾਂ ਵਿੱਚ ਨਿਰਵਸਤਰ ਔਰਤਾਂ ਉਸ ਦੇ ਤਰਲੇ-ਮਿੰਨਤਾਂ ਕਰ ਰਹੀਆਂ ਹਨ ਕਿ ਉਹ ਉਨ੍ਹਾਂ ਨੂੰ ਬਖ਼ਸ਼ ਦੇਵੇ। ਇਨ੍ਹਾਂ ਵਿੱਚੋਂ ਕੁਝ ਵੀਡੀਓ ਉਹ ਖ਼ੁਦ ਸ਼ੂਟ ਕਰ ਰਿਹਾ ਹੈ ਅਤੇ ਜਾਪਦਾ ਹੈ ਕਿ ਔਰਤਾਂ ਨਾਲ ਜ਼ਬਰਦਸਤੀ ਦੀਆਂ ਕੁਝ ਵੀਡੀਓਜ਼ ਉਹ ਆਪਣੇ ਕਿਸੇ ਭਰੋਸੇ ਦੇ ਬੰਦੇ ਤੋਂ ਸ਼ੂਟ ਕਰਵਾ ਰਿਹਾ ਹੈ। ਉਸ ਦੀਆਂ ਹਰਕਤਾਂ ਤੋਂ ਜਾਪਦਾ ਹੈ ਜਿਵੇਂ ਉਹ ਕਿਸੇ ਜ਼ਿਹਨੀ ਬਿਮਾਰੀ ਦਾ ਸ਼ਿਕਾਰ ਹੈ। ਇਹ ਤਾਂ ਉਹ ਘਟਨਾਵਾਂ ਹਨ ਜਿਨ੍ਹਾਂ ਦੀਆਂ ਵੀਡੀਓਜ਼ ਸਾਹਮਣੇ ਆ ਗਈਆਂ, ਹੋ ਸਕਦੈ ਅਜਿਹੀਆਂ ਹੋਰ ਬਹੁਤ ਸਾਰੀਆਂ ਘਟਨਾਵਾਂ ਹੋਣ ਜੋ ਫਿਲਮਾਈਆਂ ਨਾ ਜਾ ਸਕੀਆਂ ਹੋਣ। ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓਜ਼ ਬਣਾ ਕੇ ਰੇਵੰਨਾ ਦਾ ਮਕਸਦ ਔਰਤਾਂ ਨੂੰ ਬਲੈਕਮੇਲ ਕਰਕੇ ਜਿਨਸੀ ਸ਼ੋਸ਼ਣ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਣਾ ਸੀ।
ਇਹ ਸਾਰੀਆਂ ਵੀਡੀਓ ਕਲਿਪਸ ਬਹੁਤ ਤੇਜ਼ੀ ਨਾਲ ਵਾਇਰਲ ਹੋ ਕੇ ਲੋਕਾਂ ਦੇ ਮੋਬਾਈਲ ਫੋਨਾਂ ਤੱਕ ਜਾ ਪੁੱਜੀਆਂ। ਲੋਕ ਹੈਰਾਨ-ਪ੍ਰੇਸ਼ਾਨ ਸਨ ਕਿ ਜਿਸ ਆਗੂ ਨੂੰ ਉਨ੍ਹਾਂ ਪੰਜ ਸਾਲ ਪਹਿਲਾਂ ਵੋਟ ਦਿੱਤੀ ਸੀ ਅਤੇ ਇੱਕ ਵਾਰ ਫਿਰ ਵੋਟ ਦੇਣ ਜਾ ਰਹੇ ਸੀ, ਉਹ ਕਿਸ ਤਰ੍ਹਾਂ ਔਰਤਾਂ ਦਾ ਸ਼ੋਸ਼ਣ ਕਰਦਾ ਰਿਹਾ ਹੈ। ਅਜਿਹੀਆਂ ਪੀੜਤ ਸੈਂਕੜੇ ਲੜਕੀਆਂ ਵਿੱਚ ਗ੍ਰਾਮ ਪੰਚਾਇਤ ਮੈਂਬਰ, ਪੁਲੀਸ ਮੁਲਾਜ਼ਮ, ਗੌਰਮਿੰਟ ਮੁਲਾਜ਼ਮ ਅਤੇ ਪਾਰਟੀ ਵਰਕਰ ਸ਼ਾਮਲ ਹਨ। ਇਹ ਪੈੱਨ ਡਰਾਈਵ ਕਰਨਾਟਕ ਮਹਿਲਾ ਆਯੋਗ ਤੱਕ ਵੀ ਪੁੱਜਦੀ ਕੀਤੀ ਗਈ। ਮਹਿਲਾ ਆਯੋਗ ਦੀ ਚੇਅਰਪਰਸਨ ਦਾ ਕਹਿਣਾ ਹੈ ਕਿ ਇਸ ਪੈੱਨ ਡਰਾਈਵ ਵਿਚਲੀਆਂ ਵੀਡੀਓਜ਼ ਏਨੀਆਂ ਹੌਲਨਾਕ ਅਤੇ ਪ੍ਰੇਸ਼ਾਨ ਕਰਨ ਵਾਲੀਆਂ ਹਨ ਕਿ ਉਹ ਖ਼ੁਦ ਇਨ੍ਹਾਂ ਨੂੰ ਪੂਰਾ ਨਹੀਂ ਦੇਖ ਸਕੀ। ਮਹਿਲਾ ਆਯੋਗ ਦੀ ਚੇਅਰਪਰਸਨ ਵੱਲੋਂ ਮੁੱਖ ਮੰਤਰੀ ਸਿੱਧਾਰਮੱਈਆ ਨੂੰ ਲਿਖੇ ਪੱਤਰ ਮਗਰੋਂ ਇਸ ਸਮੁੱਚੇ ਮਾਮਲੇ ਬਾਰੇ ਕਰਨਾਟਕ ਸਰਕਾਰ ਵੱਲੋਂ ‘ਸਿਟ’ ਕਾਇਮ ਕਰ ਦਿੱਤੀ ਗਈ ਹੈ।
ਉੱਧਰ ਪ੍ਰਜਵਲ ਰੇਵੰਨਾ ਬਾਰੇ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਵਿਦੇਸ਼ ਆਪਣੇ ਡਿਪਲੋਮੈਟਿਕ ਪਾਸਪੋਰਟ ’ਤੇ ਗਿਆ ਹੈ। ਵਿਦੇਸ਼ ਮੰਤਰਾਲੇ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਦਾ ਜਵਾਬ ਸੀ ਕਿ ਜਰਮਨੀ ਯਾਤਰਾ ਲਈ ਵਿਦੇਸ਼ ਮੰਤਰਾਲੇ ਨੇ ਉਸ ਨੂੰ ਪ੍ਰਵਾਨਗੀ ਨਹੀਂ ਦਿੱਤੀ। ਇੱਕ ‘ਲੋਕ ਸੇਵਕ’ ਹੋਣ ਕਾਰਨ ਉਸ ਲਈ ਜ਼ਰੂਰੀ ਸੀ ਕਿ ਉਹ ਲੋਕ ਸਭਾ ਸਪੀਕਰ ਨੂੰ ਇਸ ਬਾਰੇ ਸੂਚਿਤ ਕਰਕੇ ਪ੍ਰਵਾਨਗੀ ਲੈਂਦਾ। ਡਿਪਲੋਮੈਟਿਕ ਪਾਸਪੋਰਟ ’ਤੇ ਦੇਸ਼ ਛੱਡਣ ਵੇਲੇ ਇਮੀਗ੍ਰੇਸ਼ਨ ਅਫ਼ਸਰ ਵਿਦੇਸ਼ ਜਾਣ ਲਈ ਵਿਦੇਸ਼ ਮੰਤਰਾਲੇ ਜਾਂ ਸਬੰਧਿਤ ਹੋਰ ਅਥਾਰਿਟੀ ਦੀ ਪ੍ਰਵਾਨਗੀ ਦੇਖਦਾ ਹੈ। ਇੱਥੋਂ ਤੱਕ ਕਿ ਪ੍ਰਾਈਵੇਟ ਦੌਰੇ ਲਈ ਵੀ ਸਰਕਾਰੀ ਪ੍ਰਵਾਨਗੀ ਜ਼ਰੂਰੀ ਹੁੰਦੀ ਹੈ। ਇਮੀਗਰੇਸ਼ਨ ਆਈਬੀ ਦੇ ਅਧੀਨ ਆਉਂਦਾ ਹੈ। ਇਹ ਸਵਾਲ ਅਜੇ ਵੀ ਅਣਸੁਲਝਿਆ ਹੈ ਕਿ ਬਿਨਾਂ ਕਿਸੇ ਪ੍ਰਵਾਨਗੀ ਦੇ ਰੇਵੰਨਾ ਨੇ ਡਿਪਲੋਮੈਟਿਕ ਪਾਸਪੋਰਟ ’ਤੇ ਦੇਸ਼ ਕਿਵੇਂ ਛੱਡਿਆ?
ਲੋਕ ਸਭਾ ਚੋਣਾਂ ਦੇ ਐਨ ਦਰਮਿਆਨ ਜੱਗ-ਜ਼ਾਹਰ ਹੋਏ ਇਸ ਸਕੈਂਡਲ ਨੇ ਜਿੱਥੇ ਕਰਨਾਟਕ ਤੇ ਦੇਸ਼ ਭਰ ’ਚ ਭੂਚਾਲ ਲੈ ਆਂਦਾ ਹੈ, ਉੱਥੇ ਜਨਤਾ ਦਲ (ਸੈਕੁਲਰ) ਅਤੇ ਭਾਜਪਾ ਵੀ ਵਿਰੋਧੀਆਂ ਦੇ ਤਿੱਖੇ ਹਮਲਿਆਂ ਦੀ ਮਾਰ ਹੇਠ ਆ ਗਈਆਂ ਹਨ। ਇਸ ਸਕੈਂਡਲ ਵਿਰੁੱਧ ਕਰਨਾਟਕ ਦੇ ਲੋਕਾਂ ਵੱਲੋਂ ਸੜਕਾਂ ’ਤੇ ਉਤਰ ਕੇ ਰੋਸ ਮਾਰਚ ਕੀਤੇ ਜਾਣ ਮਗਰੋਂ ਜਨਤਾ ਦਲ (ਸੈਕੁਲਰ) ਨੇ ਰੇਵੰਨਾ ਨੂੰ ‘ਸਿਟ’ ਦੀ ਕਾਰਵਾਈ ਮੁਕੰਮਲ ਹੋਣ ਤੱਕ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਹੈ, ਪਰ ਪਾਰਟੀ ਦੇ ਅੰਦਰਲੇ ਲੋਕ ਵੀ ਇਹ ਮਹਿਸੂਸ ਕਰ ਰਹੇ ਹਨ ਕਿ ਇਹ ਕਾਰਵਾਈ ਕਾਫ਼ੀ ਨਹੀਂ ਹੈ। ਪੀੜਤ ਇੱਕ ਮਹਿਲਾ, ਜੋ ਪਹਿਲਾਂ ਪ੍ਰਜਵਲ ਰੇਵੰਨਾ ਦੇ ਘਰ ਕੰਮ ਕਰਦੀ ਸੀ, ਨੇ 26 ਅਪਰੈਲ ਦੀ ਸ਼ਾਮ ਹੀ ਥਾਣੇ ਜਾ ਕੇ ਉਸ ਖ਼ਿਲਾਫ਼ ਰਿਪੋਰਟ ਦਰਜ ਕਰਵਾ ਦਿੱਤੀ ਸੀ। ਸ਼ਿਕਾਇਤ ਵਿੱਚ ਉਸ ਨੇ ਉਸ ਦੇ ਪਿਤਾ ਐੱਚਡੀ ਰੇਵੰਨਾ ਦਾ ਨਾਂ ਵੀ ਲਿਖਾਇਆ ਸੀ। ਉਸ ਔਰਤ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਪ੍ਰਜਵਲ ਦੀਆਂ ਹਰਕਤਾਂ ਦੀ ਸ਼ਿਕਾਇਤ ਉਸ ਦੇ ਪਿਤਾ ਐੱਚਡੀ ਰੇਵੰਨਾ ਨੂੰ ਕੀਤੀ ਤਾਂ ਉਸ ਨੇ ਵੀ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਉਸ ਨੇ ਕਿਹਾ ਕਿ ਪਹਿਲਾਂ ਤਾਂ ਉਹ ਸਾਰੇ ਮਾਮਲੇ ਬਾਰੇ ਖ਼ਾਮੋਸ਼ ਰਹੀ, ਪਰ ਜਦੋਂ ਪ੍ਰਜਵਲ ਨੇ ਉਸ ਦੀ ਧੀ ਨਾਲ ਅਜਿਹੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਨ੍ਹਾਂ ਦਾ ਘਰ ਛੱਡ ਦਿੱਤਾ। ਪਹਿਲਾਂ ਸ਼ੁਰੂ ਸ਼ੁਰੂ ’ਚ ਜਦੋਂ ਇਹ ਪੈੱਨ ਡਰਾਈਵ ਸਾਹਮਣੇ ਆਈ ਤਾਂ ਪ੍ਰਜਵਲ ਦੇ ਨੇੜਲੇ ਬੰਦਿਆਂ ਨੇ ਪੁਲੀਸ ਸਟੇਸ਼ਨ ਪੁੱਜ ਕੇ ਸ਼ਿਕਾਇਤ ਦਰਜ ਕਰਵਾਈ ਕਿ ਚੋਣਾਂ ਦੌਰਾਨ ਬਦਨਾਮ ਕਰਨ ਲਈ ਪ੍ਰਜਵਲ ਦੀਆਂ ਡੀਪਫੇਕ ਰਾਹੀਂ ਜਾਅਲੀ ਵੀਡੀਓਜ਼ ਵਾਇਰਲ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਸਾਰੀਆਂ ਵੀਡੀਓ ਕਲਿਪਸ ਦਾ ਪਿਛੋਕੜ ਪ੍ਰਜਵਲ ਦੇ ਘਰ ਦਾ ਸਟੋਰ ਰੂਮ ਹੈ ਅਤੇ ਕੱਪੜੇ ਵੀ ਉਹੋ ਜਿਹੇ ਹੀ ਹਨ ਜਿਹੋ ਜਿਹੇ ਉਹ ਪਹਿਨਦਾ ਹੈ।
ਭਾਜਪਾ ਨੂੰ ਰੇਵੰਨਾ ਮਾਮਲੇ ’ਤੇ ਕਾਂਗਰਸ ਦੇ ਤਿੱਖੇ ਹੱਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਵੱਲੋਂ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ’ਤੇ ਪੱਤਰ ਲਿਖਿਆ ਗਿਆ ਹੈ ਅਤੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਵੱਲੋਂ ਅਮਿਤ ਸ਼ਾਹ ਨੂੰ। ਉਨ੍ਹਾਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਪੀੜਤ ਔਰਤਾਂ ਦੀ ਸਾਰ ਲੈਣ ਲਈ ਆਖਿਆ ਹੈ। ਭਾਜਪਾ ਇਸ ਮੁੱਦੇ ’ਤੇ ਇਸ ਲਈ ਵੀ ਸਵਾਲਾਂ ਦੇ ਕਟਹਿਰੇ ਵਿੱਚ ਹੈ ਕਿਉਂਕਿ ਭਾਜਪਾ ਦੇ ਹੀ ਇੱਕ ਵੱਡੇ ਆਗੂ ਨੇ ਜਨਤਾ ਦਲ (ਸੈਕੁਲਰ) ਨਾਲ ਗੱਠਜੋੜ ਨਾ ਕਰਨ ਅਤੇ ਹਾਸਨ ਸੀਟ ਪ੍ਰਜਵਲ ਨੂੰ ਦੇਣ ਵਿਰੁੱਧ ਆਗਾਹ ਕੀਤਾ ਸੀ, ਪਰ ਇਸ ਦੇ ਬਾਵਜੂਦ ਇਹ ਸਾਰੇ ਇਤਰਾਜ਼ ਨਜ਼ਰਅੰਦਾਜ਼ ਕਰਕੇ ਭਾਜਪਾ ਨੇ ਨਾ ਕੇਵਲ ਜਨਤਾ ਦਲ (ਸੈਕੁਲਰ) ਨਾਲ ਚੋਣ ਗੱਠਜੋੜ ਕੀਤਾ ਸਗੋਂ ਪ੍ਰਜਵਲ ਰੇਵੰਨਾ ਨੂੰ ਉੱਥੋਂ ਉਮੀਦਵਾਰ ਵੀ ਬਣਨ ਦਿੱਤਾ।
ਪ੍ਰਧਾਨ ਮੰਤਰੀ ਨੇ ਖ਼ੁਦ 16 ਅਪਰੈਲ ਨੂੰ, ਮਤਲਬ ਚੋਣਾਂ ਤੋਂ ਠੀਕ ਦਸ ਦਿਨ ਪਹਿਲਾਂ ਪ੍ਰਜਵਲ ਰੇਵੰਨਾ ਦੇ ਹੱਕ ’ਚ ਕੀਤੀ ਗਈ ਚੋਣ ਰੈਲੀ ਵਿੱਚ ਉਸ ਨਾਲ ਮੰਚ ਸਾਂਝਾ ਕੀਤਾ ਅਤੇ ਇੱਥੋਂ ਤੱਕ ਕਿਹਾ, ‘‘ਰੇਵੰਨਾ ਨੂੰ ਦਿੱਤੀ ਗਈ ਹਰ ਵੋਟ ਨਾਲ ਮੇਰੀ ਮਦਦ ਹੋਵੇਗੀ।’’ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ’ਤੇ ਇਸ ਮੁੱਦੇ ਨੂੰ ਲੈ ਕੇ ਤਿੱਖਾ ਹਮਲਾ ਕਰਦਿਆਂ ਕਿਹਾ, ‘‘ਉਨ੍ਹਾਂ ਨੂੰ ਰੇਵੰਨਾ ਦੇ ਹੱਕ ’ਚ ਪ੍ਰਚਾਰ ਕਰਨ ਲਈ ਹਰ ਮਾਂ-ਭੈਣ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਰੇਵੰਨਾ ਨੇ 400 ਤੋਂ ਵੱਧ ਔਰਤਾਂ ਨਾਲ ਦੁਸ਼ਕਰਮ ਹੀ ਨਹੀਂ ਕੀਤਾ ਸਗੋਂ ਉਨ੍ਹਾਂ ਦੀ ਵੀਡੀਓ ਬਣਾਉਂਦਾ ਜਾਂ ਬਣਵਾਉਂਦਾ ਰਿਹਾ ਹੈ। ਉਹ ਮਹਿਜ਼ ਬਲਾਤਕਾਰੀ ਨਹੀਂ ਸਗੋਂ ਅਜਿਹਾ ਵਹਿਸ਼ੀ ਹੈ ਜਿਸ ਨੇ ਸੈਂਕੜੇ ਧੀਆਂ-ਭੈਣਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ। ਦੇਸ਼ ਦੀ ਹਰ ਔਰਤ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਪ੍ਰਧਾਨ ਮੰਤਰੀ ਉਸ ਲਈ ਵੋਟ ਮੰਗ ਰਹੇ ਸੀ ਤਾਂ ਉਨ੍ਹਾਂ ਨੂੰ ਪਤਾ ਸੀ ਕਿ ਰੇਵੰਨਾ ਨੇ ਕੀ ਕੀਤਾ ਹੈ। ਪ੍ਰਧਾਨ ਮੰਤਰੀ ਨੂੰ ਹੀ ਨਹੀਂ, ਭਾਜਪਾ ਦੇ ਨੇਤਾਵਾਂ ਨੂੰ ਵੀ ਇਸ ਬਾਰੇ ਪਤਾ ਸੀ ਪਰ ਫਿਰ ਵੀ ਉਨ੍ਹਾਂ ਇਸ ਪਾਰਟੀ ਨਾਲ ਚੋਣ ਗੱਠਜੋੜ ਕੀਤਾ ਅਤੇ ਰੇਵੰਨਾ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ।’’ ਉੱਧਰ ਭਾਜਪਾ ਨੇ ਕਾਂਗਰਸ ’ਤੇ ਦੋਸ਼ ਲਾਇਆ ਕਿ ਉਸ ਨੇ ਚੋਣਾਂ ’ਚ ਲਾਹਾ ਲੈਣ ਖਾਤਰ ਐਨ ਮੌਕੇ ’ਤੇ ਇਹ ਮਾਮਲਾ ਉਭਾਰਿਆ।
ਇਸੇ ਦੌਰਾਨ ਐੱਚਡੀ ਰੇਵੰਨਾ ਅਤੇ ਉਨ੍ਹਾਂ ਦੇ ਪੁੱਤਰ ਪ੍ਰਜਵਲ ਰੇਵੰਨਾ ਖ਼ਿਲਾਫ਼ ਅਗਵਾ ਦਾ ਇੱਕ ਹੋਰ ਕੇਸ ਦਰਜ ਕਰ ਲਿਆ ਗਿਆ ਹੈ। ਇਸ ਕੇਸ ਵਿੱਚ ਇੱਕ 20 ਸਾਲਾ ਨੌਜਵਾਨ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪ੍ਰਜਵਲ ਵੱਲੋਂ ਉਸ ਦੀ ਮਾਂ ਨੂੰ ਕਥਿਤ ਤੌਰ ’ਤੇ ਬੰਨ੍ਹ ਕੇ ਜਬਰ-ਜਨਾਹ ਕਰਨ ਦੀ ਵੀਡੀਓ ਸਾਹਮਣੇ ਆਉਣ ਮਗਰੋਂ ਉਸ ਦੀ ਮਾਂ ਨੂੰ ਬਿਆਨ ਦੇਣ ਤੋਂ ਰੋਕਣ ਲਈ ਅਗਵਾ ਕਰ ਲਿਆ ਗਿਆ ਸੀ। ਪ੍ਰਜਵਲ ਖ਼ਿਲਾਫ਼ ਪਹਿਲਾਂ ਹੀ ਲੁੱਕ-ਆਊਟ ਨੋਟਿਸ ਜਾਰੀ ਹੋ ਚੁੱਕਿਆ ਹੈ। ਸ਼ਨਿਚਰਵਾਰ ਦੇਰ ਸ਼ਾਮ ‘ਸਿਟ’ ਨੇ ਪੁੱਛ-ਪੜਤਾਲ ਲਈ ਐੱਚਡੀ ਰੇਵੰਨਾ ਨੂੰ ਹਿਰਾਸਤ ’ਚ ਲੈ ਲਿਆ ਹੈ ਅਤੇ ਅਗਵਾ ਕੀਤੀ ਗਈ ਔਰਤ ਨੂੰ ਵੀ ਬਰਾਮਦ ਕਰ ਲਿਆ ਹੈ।
ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਅਜੇ ਸ਼ੁਰੂ ਹੋਇਆ ਹੈ ਅਤੇ ਇਸ ਭਖੇ ਹੋਏ ਸਿਆਸੀ ਮਾਹੌਲ ਵਿੱਚ ਇਹ ਨਿਰੰਤਰ ਚੱਲਦਾ ਰਹੇਗਾ। ਬੱਸ ਸਭ ਧਿਰਾਂ ਇਹ ਖ਼ਿਆਲ ਰੱਖਣਗੀਆਂ ਕਿ ਕਿਤੇ ਉਨ੍ਹਾਂ ਦਾ ਸਿਆਸੀ ਨੁਕਸਾਨ ਨਾ ਹੋ ਜਾਏ, ਉਨ੍ਹਾਂ ਦੀਆਂ ਵੋਟਾਂ ਨਾ ਘਟ ਜਾਣ। ਇਹ ਸਾਰੀਆਂ ਔਰਤਾਂ ਬੇਇੱਜ਼ਤੀ ਅਤੇ ਜ਼ਲਾਲਤ ਕਿਵੇਂ ਸਹਿਣ ਕਰਨਗੀਆਂ? ਉਹ ਜ਼ਰੂਰ ਸਮਾਜ ਤੋਂ ਮੂੰਹ ਛੁਪਾ ਕੇ ਕਿਸੇ ਖੂੰਜੇ ਪਈਆਂ ਸਿਸਕਦੀਆਂ ਰਹਿਣਗੀਆਂ। ਪ੍ਰਜਵਲ ਦੀਆਂ ਸ਼ਿਕਾਰ ਸੈਂਕੜੇ ਔਰਤਾਂ ’ਚੋਂ ਹਾਲੇ ਤੱਕ ਸਿਰਫ਼ ਦੋ ਮਾਮਲਿਆਂ ’ਚ ਹੀ ਉਸ ਖ਼ਿਲਾਫ਼ ਕੇਸ ਦਰਜ ਕਰਾਉਣ ਦਾ ਹੌਸਲਾ ਕੀਤਾ ਗਿਆ ਹੈ। ਇਸ ਦੌਰਾਨ ਨਵੀਂ ਸਰਕਾਰ ਹੋਂਦ ’ਚ ਆ ਜਾਵੇਗੀ। ਜਿੱਤ ਦੇ ਜਸ਼ਨਾਂ ਦੇ ਢੋਲ-ਢਮੱਕਿਆਂ ਦੀਆਂ ਜ਼ੋਰਦਾਰ ਆਵਾਜ਼ਾਂ ’ਚ ਉਨ੍ਹਾਂ ਦੀਆਂ ਚੀਖ਼ਾਂ ਡੂੰਘੀਆਂ ਦਫ਼ਨ ਹੋ ਜਾਣਗੀਆਂ। ਮਨੀਪੁਰ ’ਚ ਜਿਨ੍ਹਾਂ ਔਰਤਾਂ ਨੂੰ ਨਿਰਵਸਤਰ ਕਰਕੇ ਘੁਮਾਇਆ ਗਿਆ, ਕੀ ਉਨ੍ਹਾਂ ਨੂੰ ਇਨਸਾਫ਼ ਮਿਲਿਆ? ਹਾਥਰਸ ਦੀ ਸਮੂਹਿਕ ਬਲਾਤਕਾਰ ਦੀ ਪੀੜਤ ਕੁੜੀ ਦੀ ਆਤਮਾ ਵੀ ਕਿਤੇ ਨਾ ਕਿਤੇ ਕੁਰਲਾਉਂਦੀ ਹੋਵੇਗੀ ਜਿਸ ਨੂੰ ਅੱਧੀ ਰਾਤ ਨੂੰ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ ਸੀ ਤੇ ਮਾਪਿਆਂ ਨੂੰ ਉਸ ਦਾ ਮੂੰਹ ਵੀ ਨਹੀਂ ਦੇਖਣ ਦਿੱਤਾ ਗਿਆ। ਭਾਜਪਾ ਵਿਧਾਇਕ ਕੁਲਦੀਪ ਸੇਂਗਰ ਖ਼ਿਲਾਫ਼ ਸ਼ਿਕਾਇਤ ਕਰਨ ਵਾਲਿਆਂ ਨੂੰ ਕਿਸ ਅਜ਼ਾਬ ’ਚੋਂ ਲੰਘਣਾ ਪਿਆ, ਉਹ ਕਿਸੇ ਤੋਂ ਛੁਪਿਆ ਨਹੀਂ। ਪਹਿਲਵਾਨ ਧੀਆਂ ਦੇ ਸੰਘਰਸ਼ ਦੀ ਬਲੀ ਕਿਵੇਂ ਸਮਾਜ ਦੀ ਖ਼ਤਰਨਾਕ ਚੁੱਪ ਨੇ ਲੈ ਲਈ। ਉਹ ਦਿੱਲੀ ਦੀਆਂ ਸੜਕਾਂ ’ਤੇ ਕਈ ਹਫ਼ਤੇ ਰੁਲੀਆਂ, ਪੁਲੀਸ ਦਾ ਜਬਰ ਸਹਿਆ ਪਰ ਅਖ਼ੀਰ ਨਤੀਜਾ ਕੀ ਨਿਕਲਿਆ? ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਬ੍ਰਿਜ ਭੂਸ਼ਨ ਦੀ ਥਾਂ ਭਾਜਪਾ ਨੇ ਉਸ ਦੇ ਪੁੱਤਰ ਕਰਨ ਭੂਸ਼ਨ ਸਿੰਘ ਨੂੰ ਟਿਕਟ ਦੇ ਦਿੱਤੀ। ਸੱਤਾਧਾਰੀਆਂ ਨੂੰ ਲੱਗਿਆ ਕਿ ਸੱਪ ਵੀ ਮਰ ਗਿਆ ਅਤੇ ਸੋਟੀ ਵੀ ਬਚਾ ਲਈ। ਪਰ ਕੀ ਇਹ ਸਭ ਕੁਝ ਨੈਤਿਕਤਾ ਦੀ ਕਸੌਟੀ ’ਤੇ ਖ਼ਰਾ ਉਤਰਦਾ ਹੈ? ਇਸੇ ਸੰਦਰਭ ’ਚ ਕੌਮਾਂਤਰੀ ਪ੍ਰਸਿੱਧੀ ਦੀ ਮਾਲਕ ਸਾਕਸ਼ੀ ਮਲਿਕ ਦਾ ਪ੍ਰਤੀਕਰਮ ਕਿੰਨਾ ਸਹੀ ਹੈ, ‘‘ਦੇਸ਼ ਦੀਆਂ ਧੀਆਂ ਹਾਰ ਗਈਆਂ ਹਨ ਤੇ ਬ੍ਰਿਜ ਭੂਸ਼ਣ ਸਿੰਘ ਜਿੱਤ ਗਿਆ ਹੈ।’’