ਬੁਮਰਾਹ ਮੇਰੇ ਤੋਂ ਹਜ਼ਾਰ ਗੁਣਾ ਬਿਹਤਰ: ਕਪਿਲ ਦੇਵ
ਨਵੀਂ ਦਿੱਲੀ, 27 ਜੂਨ
ਮਸ਼ਹੂਰ ਸਾਬਕਾ ਭਾਰਤੀ ਆਲਰਾਊਂਡਰ ਕਪਿਲ ਦੇਵ ਦਾ ਮੰਨਣਾ ਹੈ ਕਿ ਜਸਪ੍ਰੀਤ ਬੁਮਰਾਹ ਉਸ ਤੋਂ ‘1000 ਗੁਣਾ ਬਿਹਤਰ’ ਗੇਂਦਬਾਜ਼ ਹੈ, ਜਿੰਨਾ ਉਹ ਆਪਣੇ ਸਮੇਂ ’ਤੇ ਸੀ। ਬੁਮਰਾਹ ਮੌਜੂਦਾ ਟੀ-20 ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਉਸ ਨੇ ਹੁਣ ਤੱਕ 23 ਓਵਰਾਂ ਵਿੱਚ 11 ਵਿਕਟਾਂ ਲਈਆਂ ਹਨ। ਕਪਿਲ ਨੇ ਕਿਹਾ, ‘‘ਬੁਮਰਾਹ ਮੇਰੇ ਨਾਲੋਂ 1000 ਗੁਣਾ ਬਿਹਤਰ ਹੈ। ਇਹ ਨੌਜਵਾਨ ਲੜਕੇ ਸਾਡੇ ਨਾਲੋਂ ਕਿਤੇ ਬਿਹਤਰ ਹਨ। ਸਾਡੇ ਕੋਲ ਜ਼ਿਆਦਾ ਤਜਰਬਾ ਸੀ। ਉਹ ਬਿਹਤਰ ਹਨ।’’ ਬੁਮਰਾਹ ਨੂੰ ਵਿਆਪਕ ਤੌਰ ’ਤੇ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਵਧੀਆ ਤੇਜ਼ ਗੇਂਦਬਾਜ਼ ਮੰਨਿਆ ਜਾਂਦਾ ਹੈ। ਉਸ ਨੇ ਭਾਰਤ ਲਈ 26 ਟੈਸਟ ਖੇਡੇ ਹਨ, ਜਿਸ ਦੌਰਾਨ ਉਸ ਨੇ 159 ਵਿਕਟਾਂ ਲਈਆਂ। ਉਸ ਨੇ 89 ਇੱਕ ਰੋਜ਼ਾ ਮੈਚ ਵਿੱਚ 149 ਵਿਕਟਾਂ ਹਾਸਲ ਕੀਤੀਆਂ ਹਨ, ਜਦੋਂ ਕਿ ਟੀ20 ਦੇ 68 ਮੈਚਾਂ ਵਿੱਚ 85 ਵਿਕਟਾਂ ਲਈਆਂ। ਕਪਿਲ ਨੇ ਉਸ ਸਮੇਂ ਦੇ ਵਿਸ਼ਵ ਰਿਕਾਰਡ 434 ਟੈਸਟ ਵਿਕਟਾਂ ਨਾਲ ਆਪਣੇ ਕਰੀਅਰ ਦਾ ਸਫ਼ਰ ਖ਼ਤਮ ਕੀਤਾ ਸੀ ਅਤੇ ਉਸ ਨੂੰ ਸਭ ਤੋਂ ਵਧੀਆ ਆਲਰਾਊਂਡਰ ਮੰਨਿਆ ਜਾਂਦਾ ਹੈ, ਜਿਸ ਨੇ 253 ਇੱਕ ਰੋਜ਼ਾ ਵਿਕਟਾਂ ਵੀ ਝਟਕਾਈਆਂ ਸਨ। -ਪੀਟੀਆਈ