For the best experience, open
https://m.punjabitribuneonline.com
on your mobile browser.
Advertisement

ਬੁੱਲ੍ਹੇ ਸ਼ਾਹ ਅਸਾਂ ਮਰਨਾ ਨਾਹੀਂ : ਸੁਰਜਨ ਜ਼ੀਰਵੀ

07:58 AM Oct 26, 2023 IST
ਬੁੱਲ੍ਹੇ ਸ਼ਾਹ ਅਸਾਂ ਮਰਨਾ ਨਾਹੀਂ   ਸੁਰਜਨ ਜ਼ੀਰਵੀ
Advertisement

ਸਵਰਾਜਬੀਰ
ਸੁਰਜਨ ਜ਼ੀਰਵੀ ਨਹੀਂ ਰਿਹਾ। 1980ਵਿਆਂ ਦੇ ਅਖੀਰ ਵਿਚ ਉਸ ਦੇ ਜਲੰਧਰ ਤੋਂ ਕੈਨੇਡਾ ਤੁਰ ਜਾਣ ’ਤੇ ਲੱਗਦਾ ਸੀ ਜਿਵੇਂ ਪੰਜਾਬ ਦੀ ਧੜਕਣ ਦਾ ਇਕ ਹਿੱਸਾ ਪੰਜਾਬ ਛੱਡ ਕੇ ਚਲਾ ਗਿਆ ਹੋਵੇ; ਤੇ ਇਹ ਵੀ ਮਹਿਸੂਸ ਹੁੰਦਾ ਸੀ ਕਿ ਉਹ ਹਿੱਸਾ ਕੈਨੇਡਾ ਵਿਚ ਧੜਕ ਰਿਹਾ ਹੈ। ਨਵੇਂ ਜ਼ਮਾਨੇ ਦੇ ਨਿਊਜ਼ ਰੂਮ ਵਿਚ ਉਸ ਦੀ ਹੋਂਦ ਰੂਮਾਨੀ ਸੀ; ਤਲਿੱਸਮੀ, ਜਾਦੂਮਈ, ਖਿੱਚ-ਭਰਪੂਰ; ਨਿਊਜ਼ ਐਡੀਟਰ ਦੀ ਕੁਰਸੀ ’ਤੇ ਬੈਠਾ ਉਹ ਗਿਆਨ, ਹਾਜ਼ਰ ਜਵਾਬੀ ਤੇ ਤਨਜ਼ (ਵਿਅੰਗ) ਦਾ ਬਾਦਸ਼ਾਹ ਲੱਗਦਾ; ਖ਼ਬਰਾਂ ਘੜਦਾ, ਸਾਥੀਆਂ ’ਚ ਗਿਆਨ ਵੰਡਦਾ, ਮੁਸਕਰਾਉਂਦਾ, ਚੁਟਕਲੇ ਘੜਦਾ, ਸੁਰਖ਼ੀਆਂ ਬਣਾਉਂਦਾ; ਖ਼ਬਰਾਂ ਨੂੰ ਵੇਖ ਕੇ ਉਨ੍ਹਾਂ ਦੀ ਗਹਿਰਾਈ ਜਾਂ ਸਤਹੀਪਣ ਨੂੰ ਮਾਪਣ ਦੀ ਉਸ ਦੀ ਸਮਰੱਥਾ ਉਸ ਦੀ ਹਾਜ਼ਰ ਜਵਾਬੀ ਰਾਹੀਂ ਪ੍ਰਗਟ ਹੁੰਦੀ; ਤੇ ਇਸ ਸਭ ਕੁਝ ਦੇ ਪਿੱਛੇ ਬੈਠਾ ਹੁੰਦਾ ਸੀ ਸੁਰਜਨ ਜ਼ੀਰਵੀ ਨਫ਼ੀਸ ਤੇ ਇਨਸਾਫ਼ ਪਸੰਦ ਇਨਸਾਨ, ਨਿਆਂ ਲਈ ਲੜਨ ਵਾਲਾ, ਸੁਹਿਰਦਤਾ, ਸਹਿਜ ਤੇ ਸੁਹਜ ਦਾ ਮੁਜੱਸਮਾ; ਪੰਜਾਬੀਅਤ ਦਾ ਲੱਜਪਾਲ। ਉਹਨੂੰ ਮਿਲ ਕੇ ਤੁਹਾਨੂੰ ਪਤਾ ਲੱਗਦਾ ਕਿ ਮਨੁੱਖ ਹੋਣ ਦੇ ਮਾਅਨੇ ਕੀ ਹੁੰਦੇ ਹਨ; ਮੈਨੂੰ ਉਸ ਨਾਲ ਪਹਿਲੀ ਵਾਰ ਮਿਲਾਉਣ ਵਾਲੇ ਡਾ. ਸੁਰਿੰਦਰ ਸਿੰਘ ਕੈਂਥ ਦਾ ਕਹਿਣਾ ਹੈ ਕਿ ਤੁਸੀਂ ਉਨ੍ਹਾਂ ਦੇ ਕੋਲ ਬਹਿਣ ’ਤੇ ਹੀ ਸਿੱਖਣਾ ਸ਼ੁਰੂ ਕਰ ਦਿੰਦੇ ਸੀ; ਇਹ ਸਹੀ ਹੈ; ਸੁਰਜਨ ਜ਼ੀਰਵੀ ਕਿਸੇ ਨੂੰ ਉਪਦੇਸ਼ ਨਹੀਂ ਸੀ ਦਿੰਦਾ; ਪ੍ਰਚਾਰ ਨਹੀਂ ਸੀ ਕਰਦਾ, ਉਸ ਦੇ ਬੋਲਾਂ ਵਿਚ ਜ਼ਿੰਦਗੀ ਦਾ ਸੱਚ ਇਉਂ ਛਿਪਿਆ ਤੇ ਹਾਜ਼ਰ ਹੁੰਦਾ ਜਿਉਂ ਸਰ੍ਹੋਂ ਦੀਆਂ ਗੰਦਲਾਂ ’ਚ ਪਾਣੀ।
ਸੁਰਜਨ ਜ਼ੀਰਵੀ ਨੇ ਪੰਜਾਬੀ ਪੱਤਰਕਾਰੀ ਨੂੰ ਨਵੇਂ ਆਯਾਮ ਦਿੱਤੇ; ਉਹ ਪੰਜਾਬ ਦੇ ਸਿਰਮੌਰ ਪੱਤਰਕਾਰਾਂ ਦਾ ਉਸਤਾਦ ਤੇ ਪ੍ਰੇਰਨਾ ਸਰੋਤ ਸੀ/ਹੈ। ਉਹ ਸਾਹਿਤ ਦਾ ਉੱਚ ਦਰਜੇ ਦਾ ਪਾਰਖੂ ਸੀ। ਪੰਜਾਬੀ ਆਲੋਚਕ ਜੋਗਿੰਦਰ ਸਿੰਘ ਰਾਹੀ ਨੇ ਪੰਜਾਬੀ ਦੇ ਸਿਰਮੌਰ ਸ਼ਾਇਰ ਪ੍ਰੋ. ਮੋਹਨ ਸਿੰਘ ਦੀਆਂ ਜਲੰਧਰ ਦੀਆਂ ਸਾਹਿਤਕ ਮਹਿਫ਼ਲਾਂ ਦਾ ਜ਼ਿਕਰ ਕਰਦਿਆਂ ਲਿਖਿਆ ਹੈ, ‘‘ਜ਼ੀਰਵੀ ਇਨ੍ਹਾਂ ਮਹਿਫ਼ਲਾਂ ਵਿਚ ਆਮ ਕਰਕੇ ਮੁੱਖ ਆਲੋਚਕ ਹੁੰਦਾ ਸੀ ਤੇ ਮੋਹਨ ਸਿੰਘ ਆਲੋਚਕ ਹੋਣ ਤੋਂ ਬਾਅਦ ਮਹਿਮਾਨ ਨਿਵਾਜ਼ ਵੀ।’’ ਕਵੀ, ਕਹਾਣੀਕਾਰ, ਨਾਵਲਕਾਰ ਸਭ ਆਪਣੀਆਂ ਰਚਨਾਵਾਂ ਲੈ ਕੇ ਜ਼ੀਰਵੀ ਕੋਲ ਪਹੁੰਚਦੇ। ਪਾਸ਼ ਨੇ ਆਪਣੀ ਲੰਮੀ ਕਵਿਤਾ ‘ਕਾਮਰੇਡ ਨਾਲ ਗੱਲਬਾਤ’ ਵਿਚ ਜ਼ੀਰਵੀ ਦਾ ਜ਼ਿਕਰ ਕੀਤਾ ਹੈ, ‘‘ਉਂਜ ਮੈਂ ਸਾਧੂ ਸਿੰਘ ਤੇ ਜ਼ੀਰਵੀ ਕੋਲ ਕਈ ਵਾਰ ਖ਼ਬਰਾਂ ਦਾ ਗਿਲਾ ਕੀਤੈ।’’
ਜ਼ੀਰਵੀ ਮੇਰਾ ਵੀ ਪਹਿਲਾ ਆਲੋਚਕ ਸੀ। 1978-79 ਵਿਚ ਮੇਰਾ ਜਦੋਂ ਜੀਅ ਕਰਨਾ ਉਸ ਨੂੰ ਕਵਿਤਾਵਾਂ ਸੁਣਾਉਣ ਕਪੂਰਥਲੇ ਉਸ ਦੇ ਘਰ ਪਹੁੰਚ ਜਾਣਾ। ਉੱਥੇ ਹੀ ਮੈਂ ਅੰਮ੍ਰਿਤ ਤੇ ਸੀਰਤ (ਜ਼ੀਰਵੀ ਦੀ ਪਤਨੀ ਤੇ ਧੀ) ਨੂੰ ਮਿਲਿਆ- ਜ਼ਿੰਦਗੀ ਨੂੰ ਸਲੀਕੇ ਨਾਲ ਜਿਊਣ ਵਾਲਾ ਪਰਿਵਾਰ। ਉਹ ਅਨੋਖਾ ਮੇਜ਼ਬਾਨ ਸੀ; ਉਹ ਬਹੁਤ ਧੀਰਜ ਨਾਲ ਮੇਰੀਆਂ ਲੰਮੀਆਂ ਜਜ਼ਬਾਤੀ ਕਵਿਤਾਵਾਂ ਸੁਣਦਾ ਤੇ ਬੜੇ ਸਹਿਜ ਨਾਲ ਸਮਝਾਉਂਦਾ ਇਹ ਕਵਿਤਾ ਨਹੀਂ। ਉਹਦੇ ਸਮਝਾਉਣ ਕਾਰਨ ਹੀ ਉਹ ਕਵਿਤਾਵਾਂ ਕਦੇ ਛਪੀਆਂ ਨਹੀਂ ਸਿਵਾਇ ਤਿੰਨ ਚਾਰ ਕਵਿਤਾਵਾਂ ਦੇ ਜੋ ਪ੍ਰੀਤ ਲੜੀ, ਅਕਸ ਤੇ ਵਿਕੇਂਦ੍ਰਤ ਵਿਚ ਛਪੀਆਂ ਤੇ ਅਸਿੱਧੇ ਤੌਰ ’ਤੇ ਉਸ ਦੇ ਅਸਰ ਹੇਠਾਂ ਹੀ ਮੈਂ ਮੈਗਜ਼ੀਨਾਂ ਨੂੰ ਕਵਿਤਾਵਾਂ ਭੇਜਣੀਆਂ ਬੰਦ ਕਰ ਦਿੱਤੀਆਂ। ਉਹ ਵੱਡੇ ਲੇਖਕਾਂ ਨੂੰ ਪੜ੍ਹਨ ’ਤੇ ਜ਼ੋਰ ਦਿੰਦਾ। 1980ਵਿਆਂ ਵਿਚ ਪੰਜਾਬ ਵਿਚ ਅਤਿਵਾਦ ਉਭਰ ਆਇਆ।
ਮੈਂ 1983 ਦੇ ਅੰਤ ਵਿਚ ਪੰਜਾਬ ਵਿਚੋਂ ਲੋਪ ਹੋ ਰਹੇ ਪੰਜਾਬ ਬਾਰੇ ਕਵਿਤਾ ‘ਗੁੰਮਸ਼ੁਦਾ ਦੀ ਤਲਾਸ਼’ ਲਿਖੀ ਤੇ ਜ਼ੀਰਵੀ ਨੂੰ ਭੇਜੀ। ਉਹ ਮਾੜੇ ਦਿਨ ਸਨ; ਫਰਵਰੀ 1984 ਵਿਚ ਅਤਿਵਾਦੀਆਂ ਨੇ ਪ੍ਰੀਤ ਲੜੀ ਦੇ ਸੰਪਾਦਕ ਸੁਮੀਤ ਸਿੰਘ ਦੀ ਹੱਤਿਆ ਕਰ ਦਿੱਤੀ। ਜਿਸ ਦਿਨ ਪ੍ਰੀਤ ਨਗਰ ਵਿਚ ਸੁਮੀਤ ਦਾ ਯਾਦਗਾਰੀ ਸਮਾਗਮ ਕੀਤਾ ਗਿਆ ਉਸ ਦਿਨ ਉਹ ਕਵਿਤਾ ਜ਼ੀਰਵੀ ਨੇ ਨਵੇਂ ਜ਼ਮਾਨੇ ਦੇ ਆਖ਼ਰੀ ਸਫ਼ੇ ’ਤੇ ਛਾਪੀ; ਪੂਰੇ ਸਫ਼ੇ ’ਤੇ ਲੰਮੀ ਕਵਿਤਾ। ਏਦਾਂ ਮੈਂ ਜ਼ੀਰਵੀ ਦੀ ਉਂਗਲ ਫੜ ਕੇ ਪੰਜਾਬੀ ਸਾਹਿਤ ਦੇ ਪਿੜ ਵਿਚ ਦਾਖ਼ਲ ਹੋਇਆ। ਉਹ ਮੈਨੂੰ ‘ਪ੍ਰੀਤ ਲੜੀ’ ਲਈ ਲਿਖਣ ਲਈ ਕਹਿੰਦਾ। ਉਹਦੇ ਕਹਿਣ ’ਤੇ ਮੈਂ ਪ੍ਰੀਤ ਲੜੀ ਵਿਚ ਅਤਿਵਾਦੀਆਂ ਦੁਆਰਾ ਕਤਲ ਕੀਤੇ ਗਏ ਪੰਜਾਬ ਦੇ ਲੇਖਕਾਂ, ਸਿਆਸੀ ਆਗੂਆਂ ਤੇ ਸਮਾਜਿਕ ਕਾਰਕੁਨਾਂ ਬਾਰੇ ਕਾਲਮ ਲਿਖਣਾ ਸ਼ੁਰੂ ਕੀਤਾ, ‘ਤੇਰੀ ਧਰਤੀ ਤੇਰੇ ਲੋਕ’। ਇਹ ਕਾਲਮ ਪਹਿਲਾਂ ਪ੍ਰੀਤ ਲੜੀ ਵਿਚ ਛਪਦਾ ਤੇ ਫਿਰ ਨਵੇਂ ਜ਼ਮਾਨੇ ਵਿਚ। 1984 ਵਿਚ ਮੈਂ ਪੰਜਾਬ ਤੋਂ ਬਾਹਰ ਚਲਾ ਗਿਆ ਸੀ। ਵਾਪਸ ਅੰਮ੍ਰਿਤਸਰ ਆਉਂਦਾ ਤਾਂ ਰਸਤੇ ਵਿਚ ਜਲੰਧਰ ਜ਼ੀਰਵੀ ਨੂੰ ਮਿਲਣ ਲਈ ਰੁਕਦਾ।
1988-89 ਵਿਚ ਉਹ ਅਤਿਵਾਦੀਆਂ ਦੇ ਨਿਸ਼ਾਨੇ ’ਤੇ ਆ ਗਿਆ ਤੇ ਕੈਨੇਡਾ ਪਰਵਾਸ ਕਰ ਗਿਆ। 2003 ਵਿਚ ਭਾਰਤ ਫੇਰੀ ਦੌਰਾਨ ਉਹ ਦੋ ਦਿਨ ਮੇਰੇ ਕੋਲ ਦਿੱਲੀ ਰਿਹਾ। ਮੈਂ ਉਹਨੂੰ 16-17 ਸਾਲਾਂ ਬਾਅਦ ਮਿਲਿਆ ਸਾਂ, ਪਰ ਜ਼ੀਰਵੀ ਉਹੀ ਸੀ; ਉਹੀ ਨਿਰਛਲ ਤੱਕਣੀ, ਉਹੀ ਖਲੂਸ, ਗਿਆਨ, ਤਨਜ਼, ਹਾਜ਼ਰ ਜਵਾਬੀ ਸਭ ਕੁਝ ਸਲਾਮਤ ਸੀ। 2013 ਵਿਚ ਮੈਂ ਉਹਨੂੰ ਤੇ ਆਪਣੇ ਇਕ ਹੋਰ ਦੋਸਤ ਸੁਖਚੈਨ ਢਿੱਲੋਂ ਨੂੰ ਮਿਲਣ ਕੈਨੇਡਾ ਗਿਆ। ਇਹ ਸਾਡੀ ਆਖ਼ਰੀ ਮਿਲਣੀ ਹੋ ਨਿੱਬੜੀ।
2003 ਵਿਚ ਉਸ ਦੀ ਕਿਤਾਬ ‘ਇਹ ਹੈ ਬਾਰਬੀ ਸੰਸਾਰ’ ਛਪੀ। ਉਸ ਸਮੇਂ ਅਮਰੀਕਾ ਨੇ ਅਫ਼ਗਾਨਿਸਤਾਨ ਤੇ ਇਰਾਕ ’ਤੇ ਹਮਲਾ ਬੋਲਿਆ ਹੋਇਆ ਸੀ। ਜ਼ੀਰਵੀ ਨੇ ਉਸ ਸਮੇਂ ਦੇ ਸੰਸਾਰ ਨੂੰ ‘ਬੁਸ਼ ਦੇ ਪਾਵੇ ਨਾਲ ਬੱਝੀ ਹੋਈ ਦੁਨੀਆ’ ਕਿਹਾ; ਦੁਨੀਆ ਅੱਜ ਵੀ ਅਮਰੀਕਾ ਦੇ ਪਾਵੇ ਨਾਲ ਬੱਝੀ ਹੋਈ ਹੈ; ਜੋਅ ਬਾਇਡਨ ਦੇ ਪਿੱਠ ਥਪਥਪਾਉਣ ’ਤੇ ਇਜ਼ਰਾਈਲ ਫਲਸਤੀਨੀਆਂ ’ਤੇ ਜ਼ੁਲਮ ਢਾਹ ਰਿਹਾ ਹੈ। ਜ਼ੀਰਵੀ ਨੇ ਉਸੇ ਕਿਤਾਬ ਵਿਚ 1982 ਵਿਚ ਦੋ ਫਲਸਤੀਨੀ ਕੈਂਪਾਂ ਵਿਚ ਹੋਏ ਕਤਲੇਆਮ ਵਿਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਏਰੀਅਲ ਸ਼ੈਰੋਂ ਦੀ ਸ਼ਮੂਲੀਅਤ ਬਾਰੇ ਲਿਖਿਆ। ਜ਼ੀਰਵੀ ਨੇ ਲਿਖਿਆ, ‘‘ਇਸ ਤਰ੍ਹਾਂ ਹੌਲੀ ਹੌਲੀ ਇਕ ਅਜਿਹਾ ਸੰਸਾਰ ਹੋਂਦ ਵਿਚ ਆ ਰਿਹਾ ਸੀ ਜਿਸ ਵਿਚ ਅਮਰੀਕਾ ਲਈ ਕੋਈ ਕਾਨੂੰਨ, ਕੋਈ ਜ਼ਾਬਤਾ, ਕੋਈ ਅਦਾਲਤ, ਕੋਈ ਅੰਤਰਰਾਸ਼ਟਰੀ ਸਭਾ ਨਹੀਂ ਹੋਵੇਗੀ, ਪਰ ਹੋਰਨਾਂ ਲਈ ਅਮਰੀਕਾ ਅਦਾਲਤ ਵੀ ਹੋਵੇਗਾ ਤੇ ਕੋਤਵਾਲ ਵੀ।’’ ਜ਼ੀਰਵੀ ਦੀ ਲਿਖਤ ਏਦਾਂ ਦੀ ਸੀ, ਗਹਿਰਾਈ ਵਾਲੀ ਜਿਵੇਂ ਜੋਗਿੰਦਰ ਸਿੰਘ ਰਾਹੀ ਨੇ ਲਿਖਿਆ ਹੈ, ਸੂਚਨਾ-ਗਿਆਨ, ਸੰਵੇਦਨਸ਼ੀਲਤਾ ਤੇ ਤਨਜ਼ ਦੇ ਸਮਤੋਲ ਵਾਲੀ। ਉਨ੍ਹਾਂ ਦੇ ਮਿੱਤਰ ਤੇ ਚਿੰਤਕ ਹਰੀਸ਼ ਪੁਰੀ ਅਨੁਸਾਰ ਜ਼ੀਰਵੀ ਦੀ ਪੰਜਾਬ ਦੀ ਸਿਆਸਤ, ਸਮਾਜ ਤੇ ਇਤਿਹਾਸ ਬਾਰੇ ਸਮਝ ਅਦੁੱਤੀ ਸੀ। ਉੱਘਾ ਪੱਤਰਕਾਰ ਜਤਿੰਦਰ ਪੰਨੂ ਉਨ੍ਹਾਂ ਨੂੰ ਆਪਣਾ ਗੁਰੂ ਤੇ ਉਸਤਾਦ ਮੰਨਦਾ ਹੈ।
ਉਹ ਫ਼ੈਜ਼ ਅਹਿਮਦ ਫ਼ੈਜ਼ ਦੀਆਂ ਨਜ਼ਮਾਂ ਤੇ ਗ਼ਜ਼ਲਾਂ ਦਾ ਸ਼ੈਦਾਈ ਸੀ। ਉਹ ਇਹ ਨਜ਼ਮਾਂ ਗੁਣਗੁਣਾਉਂਦਾ ਤੇ ਗਾਉਂਦਾ। ਮਾਸਕੋ ਵਿਚ ਇਕ ਮਹਿਫ਼ਲ ਵਿਚ ਉਸ ਨੇ ਫ਼ੈਜ਼ ਦੀ ਗ਼ਜ਼ਲ ਸੁਣਾਈ; ਫ਼ੈਜ਼ ਵੀ ਮਹਿਫ਼ਲ ਵਿਚ ਮੌਜੂਦ ਸੀ; ਫ਼ੈਜ਼ ਨੇ ਉਸ ਗ਼ਜ਼ਲ ਦੀ ਹੱਥ ਲਿਖਤ ਜ਼ੀਰਵੀ ਨੂੰ ਦਿੱਤੀ। ਉਸ ਨੂੰ ਦੇਹਰਾਦੂਨ ਵਾਲੇ ਗੁਰਦੀਪ ਦੀ ਇਕ ਗ਼ਜ਼ਲ ਬਹੁਤ ਪਸੰਦ ਸੀ ਜਿਸ ਵਿਚ ਹਯਾਤੀ ਦੇ ਨੀਮ-ਖੁੱਲ੍ਹੇ ਦਰਾਂ ਦਾ ਜ਼ਿਕਰ ਆਉਂਦਾ ਹੈ।
ਜ਼ੀਰਵੀ ਮਰ ਗਿਆ ਹੈ ਤੇ ਮੈਨੂੰ ਬੁੱਲ੍ਹੇ ਸ਼ਾਹ ਦੀ ਸਤਰ ਯਾਦ ਆ ਰਹੀ ਹੈ, ‘‘ਬੁੱਲ੍ਹੇ ਸ਼ਾਹ ਅਸੀਂ ਮਰਨਾ ਨਾਹੀਂ।’’ ਮੇਰੇ ਮਨ ਵਿਚ ਜ਼ੀਰਵੀ ਦਾ ਇਹੋ ਅਕਸ ਰਿਹਾ ਹੈ, ‘‘ਅਸੀਂ ਮਰਨਾ ਨਾਹੀਂ।’’ ਮੈਂ ਉਸ ਨੂੰ ਉਸ ਦੁਆਰਾ ਦਰਜ (Quote) ਕੀਤੀ ਅਮਰੀਕੀ ਕਵਿੱਤਰੀ ਮਯੂਰੀਅਲ ਰੁਕਾਈਜ਼ਰ ਦੀ ਸਤਰ ਰਾਹੀਂ ਯਾਦ ਕਰਦਾ ਹਾਂ, ‘‘ਮੇਰਾ ਜੀਵਨ-ਕਾਲ ਤੇਰੇ ਜੀਵਨ-ਕਾਲ ਦੀ ਆਵਾਜ਼ ਨੂੰ ਸੁਣ ਰਿਹਾ ਹੈ।’’ ਇਹ ਸਤਰ ਉਪਰੋਕਤ ਕਿਤਾਬ ਵਿਚ ਜ਼ੀਰਵੀ ਦੇ ਮਹਾਨ ਚਿੱਤਰਕਾਰ ਪਿਕਾਸੋ ਬਾਰੇ ਲਿਖੇ ਲੇਖ ਵਿਚ ਦਰਜ ਹੈ। ਰੁਕਾਈਜ਼ਰ ਇਕ ਹੋਰ ਕਵਿਤਾ ਵਿਚ ਲਿਖਦੀ ਹੈ ਕਿ ਜਦੋ ਉਹ ਸ਼ੀਸ਼ੇ ਵਿਚ ਆਪਣਾ ਚਿਹਰਾ ਵੇਖਦੀ ਹੈ ਤਾਂ ਉਸ ਨੂੰ ਆਪਣੇ ਚਿਹਰੇ ਥੱਲੇ ਕਈ ਹੋਰ ਚਿਹਰੇ ਨਜ਼ਰ ਆਉਂਦੇ ਹਨ। ਇਸ ਭਾਵਨਾ ਨੂੰ ਮਨ ਵਿਚ ਲੈ ਕੇ ਮੈਂ ਆਪਣਾ ਚਿਹਰਾ ਵੇਖਦਾ ਹਾਂ ਤਾਂ ਮੈਨੂੰ ਵੀ ਉੱਥੇ ਕਈ ਚਿਹਰੇ ਨਜ਼ਰ ਆਉਂਦੇ ਹਨ; ਉਨ੍ਹਾਂ ਵਿਚ ਇਕ ਚਿਹਰਾ ਸੁਰਜਨ ਜ਼ੀਰਵੀ ਦਾ ਹੈ।

Advertisement

Advertisement
Advertisement
Author Image

Advertisement