ਛਲਕਦੀਆਂ ਅੱਖਾਂ
ਡਾ. ਹਰਪ੍ਰੀਤ ਕੌਰ ਘੜੂੰਆਂ
ਪਾਪਾ ਦੇ ਹੁੰਦਿਆਂ ਨਾ ਕੋਈ ਫ਼ਿਕਰ ਸੀ, ਨਾ ਕੋਈ ਫਾਕਾ। ਬੇਫ਼ਿਕਰ ਜਿ਼ੰਦਗੀ ਜੀਅ ਰਹੀ ਸੀ। ਕਦੇ ਚੜ੍ਹਦੇ-ਲਹਿੰਦੇ ਦੀ ਕੋਈ ਫ਼ਿਕਰ ਨਹੀਂ ਸੀ। ਜ਼ਿੰਦਗੀ ਬਹੁਤ ਸੁਖਾਲੀ ਲੱਗਦੀ ਸੀ। ਪਾਪਾ ਦੀ ਹੱਲਾਸ਼ੇਰੀ ਖੰਭਾਂ ਤੋਂ ਘੱਟ ਨਹੀਂ ਸੀ ਜਾਪਦੀ। ਫ਼ਿਕਰ ਸ਼ਬਦ ਬਾਰੇ ਕਦੇ ਸੋਚਿਆ ਨਹੀਂ ਸੀ। ਇਸ ਸ਼ਬਦ ਦੇ ਅਰਥ ਪਾਪਾ ਦੇ ਤੁਰ ਜਾਣ ਤੋਂ ਬਾਅਦ ਸਮਝ ਆਏ। ਸਾਡੇ ਭੈਣ-ਭਰਾਵਾਂ ਦੀ ਜ਼ਿੰਦਗੀ ਵਿਚ ਚਾਨਣ ਲਿਆਉਣ ਲਈ ਉਨ੍ਹਾਂ ਬਹੁਤ ਸੰਘਰਸ਼ ਕੀਤਾ ਜਿਸ ਦਾ ਮੁੱਲ ਕਦੇ ਮੋੜਿਆ ਨਹੀਂ ਜਾ ਸਕਦਾ। ਉਨ੍ਹਾਂ ਦੀ ਬੇਵਕਤ ਮੌਤ ਮਨ ਨੂੰ ਹਰ ਵੇਲੇ ਬੇਚੈਨ ਕਰ ਛੱਡਦੀ। ਸਕੇ-ਸਬੰਧੀ ਵੀ “ਇਹ ਤਾਂ ਗੁਰੂ ਦਾ ਭਾਣਾ ਏ, ਮੰਨਣਾ ਪੈਣਾ” ਕਹਿ ਕੇ ਆਪੋ-ਆਪਣੇ ਘਰਾਂ ਨੂੰ ਮੁੜ ਗਏ। ਕਦੇ ਘਰ ਦੇ ਇਸ ਕੋਨੇ, ਕਦੇ ਉਸ ਕੋਨੇ ਬੈਠ ਕੇ ਦਿਨ ਲੰਘਦਾ।
ਫਿਰ ਕੰਧ ’ਤੇ ਲੱਗੀ ਪਾਪਾ ਦੀ ਤਸਵੀਰ ’ਤੇ ਨਜ਼ਰ ਪਈ। ਭਰੇ ਮਨ ਨਾਲ ਪਾਪਾ ਨੂੰ ਕਿਹਾ, “ਪਾਪਾ ਉਹ ਚੈਨ ਨਹੀਂ ਲੱਭਦਾ ਜੋ ਤੁਹਾਡੇ ਕੋਲ਼ ਬੈਠ ਕੇ ਮਿਲਦਾ ਸੀ।” ਕਦੇ ਮਨ ਉਸ ਦਿਨ ਨੂੰ ਕੋਸਦਾ ਤੇ ਕਹਿੰਦਾ- “ਰੱਬ ਅੱਗੇ ਕੀਹਦਾ ਜ਼ੋਰ ਏ, ਰੱਬ ਨੇ ਦੀਵਾਲੀ ਦਾ ਤਿਉਹਾਰ ਵੀ ਨਾ ਦੇਖਿਆ, ਬਨੇਰਿਆਂ ’ਤੇ ਦੀਵੇ ਜਗਾਉਣ ਤੋਂ ਪਹਿਲਾਂ ਹੀ ਮੇਰੀ ਜਿ਼ੰਦਗੀ ਦਾ ਚਿਰਾਗ਼ ਬੁਝਾ ਦਿੱਤਾ।” ਧਿਆਨ ਹੋਰ ਪਾਸੇ ਲਾਉਣ ਦੀ ਕੋਸ਼ਿਸ਼ ਵੀ ਕਰਦੀ ਪਰ ਤਾੜਾ ਮੁੜ ਉੱਥੇ ਹੀ ਵੱਜਣ ਲੱਗਦਾ। ਕੋਈ ਵਾਹ ਨਾ ਚੱਲਦੀ ਦੇਖ ਮੈਂ ਪਾਪਾ ਦੀ ਕੁਰਸੀ ’ਤੇ ਜਾ ਬੈਠੀ ਜਿੱਥੇ ਉਹ ਅਕਸਰ ਬੈਠਦੇ ਸੀ। ਮਨ ਬੇਚੈਨ ਹੋ
ਉੱਠਿਆ, ਪਾਣੀ ਦੀ ਘੁੱਟ ਭਰੀ ਪਰ ਬੇਸੁਆਦ ਲੱਗਿਆ। ਫਿਰ ‘ਪਾਣੀ ਦੀ ਬੋਤਲ’ ਨੂੰ ਲੈ ਕੇ ਮੇਰੇ ਲਈ ਪਾਪਾ ਦੀ ਫਿ਼ਕਰ ਦੀ ਅਭੁੱਲ ਯਾਦ ਨੇ ਘੇਰਾ ਆਣ ਪਾਇਆ।
... ਰਸੋਈ ਅੰਦਰ ਲੱਗਿਆ ਆਰਓ ਖਰਾਬ ਹੋ ਗਿਆ ਸੀ; ਸਬਮਰਸੀਬਲ ਮੋਟਰ ਦਾ ਪਾਣੀ ਖਾਰਾ ਹੋਣ ਕਰ ਕੇ ਆਰਓ ਜਲਦੀ ਖਰਾਬ ਹੋ ਜਾਂਦਾ ਤੇ ਮੈਨੂੰ ਪਾਣੀ ਸੁਆਦ ਨਹੀਂ ਸੀ ਲੱਗਦਾ। ਇਸ ਗੱਲ ਦਾ ਪਾਪਾ ਨੂੰ ਪਤਾ ਸੀ। ਉਹ ਮੇਰੀ ਛੋਟੀ ਤੋਂ ਛੋਟੀ ਲੋੜ ਦੀ ਫ਼ਿਕਰ ਰੱਖਦੇ ਸੀ। ਉਹ ਸਵੇਰੇ ਦੁਕਾਨ ਤੋਂ ਘਰ ਆਉਣ ਲੱਗਿਆਂ ਝੋਲੇ ਵਿਚ ਚਾਹ ਵਾਲੀ ਥਰਮਸ ਨਾਲ ਪਾਣੀ ਦੀ ਬੋਤਲ ਜ਼ਰੂਰ ਲੈ ਕੇ ਆਉਂਦੇ ਸੀ। ਘਰ ਆ ਕੇ ਮੈਨੂੰ ਆਵਾਜ਼ ਮਾਰਨੀ ਤੇ ਕਹਿਣਾ, “ਪੁੱਤ ਆਪਣੀ ਪਾਣੀ ਦੀ ਬੋਤਲ ਝੋਲ਼ੇ ਵਿਚੋਂ ਕੱਢ ਲੈ।” ਮੈਂ ਵੀ ਬਹੁਤ ਚਾਅ ਨਾਲ ਉਹ ਪਾਣੀ ਪੀਣਾ, ਉਹ ਪਾਣੀ ਪੀ ਕੇ ਕਾਲਜਾ ਠਰ ਜਾਂਦਾ; ਪਾਪਾ ਦਾ ਜੋ ਲਿਆਂਦਾ ਹੁੰਦਾ ਸੀ! ਪਾਣੀ ਦੀਆਂ ਕੁਝ ਕੁ ਖਾਲੀ ਬੋਤਲਾਂ ਅਜੇ ਵੀ ਸਾਂਭੀਆਂ ਪਈਆਂ। ਇਹ ਜ਼ਖਮ ਅਸਹਿਣਯੋਗ ਏ ਜੋ ਸਾਰੀ ਉਮਰ ਰਿਸਦੇ ਰਹਿੰਦੇ।... ਫਿਰ ਮਨ ਹੋਰ ਗਹਿਰਾਈ ਵਿਚ ਉਤਰ ਗਿਆ। ਜਦੋਂ ਮੈਂ ਯੂਨੀਵਰਸਿਟੀ ਨੂੰ ਜਾਣ ਲੱਗਣਾ ਤਾਂ ਉਹ ਫ਼ਿਕਰਮੰਦ ਹੋ ਕੇ ਕਹਿਣ ਲੱਗਦੇ, “ਪਾਣੀ ਆਲੀ ਬੋਤਲ ਬੈਗ ਵਿਚ ਪਾ ਲਈਂ ਅਤੇ ਪਹੁੰਚ ਕੇ ਫੋਨ ਕਰ ਦਈਂ।” ਕਈ ਵਾਰ ਕੁਝ ਕੁ ਦੇਰ ਬੱਸ ਲੇਟ ਹੋਣ ਕਾਰਨ ਯੂਨੀਵਰਸਿਟੀ ਲੇਟ ਪਹੁੰਚਣਾ ਤਾਂ ਉਦੋਂ ਹੀ ਫੋਨ ਆ ਜਾਂਦਾ ਸੀ, “ਪੁੱਤ ਪਹੁੰਚ ਗਈ?” ਮੇਰੇ ਯੂਨੀਵਰਸਿਟੀ ਜਾਣ ਤੋਂ ਲੈ ਕੇ ਘਰ ਪਹੁੰਚਣ ਤੱਕ ਉਨ੍ਹਾਂ ਦਾ ਧਿਆਨ ਮੇਰੇ ਵਿਚ ਹੀ ਹੁੰਦਾ ਸੀ। ਮੈਂ ਕਈ ਵਾਰ ਹੱਸ ਕੇ ਵੀ ਕਹਿ ਦੇਣਾ, “ਪਾਪਾ ਤੁਸੀਂ ਫ਼ਿਕਰ ਨਾ ਕਰਿਆ ਕਰੋ।” ਉਨ੍ਹਾਂ ਕਹਿਣਾ, “ਮੈਨੂੰ ਪਤਾ ਏ ਤੂੰ ਮੇਰਾ ਸ਼ੇਰ ਪੁੱਤ ਐਂ।” ਪਰ ਹੁਣ ਪਾਪਾ ਨੂੰ ਕਿਵੇਂ ਦੱਸਾਂ, ਪਾਪਾ ਦੇ ਨਾਲ ਹੀ ਸ਼ੇਰ ਸੀ। ਪਾਣੀ ਦੀ ਬੋਤਲ ਮਹਿਜ਼ ਪਾਣੀ ਦੀ ਬੋਤਲ ਨਹੀਂ ਸਗੋਂ ਮਾਪਿਆਂ ਦੀ ਫ਼ਿਕਰ ਦੀ ਮਿਸਾਲ ਏ। ਜਿਨ੍ਹਾਂ ਦੇ ਕੋਲ ਇਹ ਦੁਰਲੱਭ ਦਾਤ ਹੈਗੀ, ਉਹ ਇਨ੍ਹਾਂ ਦੀ ਕਦਰ ਕਰੋ। ਉਨ੍ਹਾਂ ਦੇ ਘਰ ਬਾਰ ਹੁੰਦੇ ਹੋਇਆਂ ਬਿਰਧ ਆਸ਼ਰਮਾਂ ਵਿਚ ਨਾ ਛੱਡੋ; ਜਿਸ ਦਿਨ ਇਹ ਰੂਹਾਂ ਸਾਡੇ ਕੋਲੋਂ ਹਮੇਸ਼ਾ ਲਈ ਚਲੀਆਂ ਜਾਂਦੀਆਂ ਨੇ, ਫਿਰ ਘਰ ਅਤੇ ਜਹਾਨ ਬਿਲਕੁਲ ਸੁੰਨਾ ਕਰ ਜਾਂਦੀਆਂ ਨੇ ਬੰਦੇ ਦਾ।
ਮੇਰੇ ਖਿਆਲਾਂ ਦੀ ਲੜੀ ਉਦੋਂ ਟੁੱਟੀ ਜਦੋਂ ਰਾਣਾ (ਜੋ ਸਾਡੀ ਦੁਕਾਨ ’ਤੇ ਕੰਮ ਕਰਦਾ ਹੈ) ਨੇ ਆਵਾਜ਼ ਮਾਰੀ ਤੇ ਉਹੀ ਝੋਲਾ ਫੜਾਇਆ ਚਾਹ ਲੈ ਕੇ ਜਾਣ ਲਈ। ਝੋਲਾ ਖੋਲ੍ਹਿਆ, ਉਸ ਵਿਚ ਚਾਹ ਵਾਲੀ ਖਾਲੀ ਥਰਮਸ ਹੀ ਸੀ। ਮਨ ਨੇ ਹਉਕਾ ਭਰਿਆ, ‘ਇਹ ਸਮੇਂ ਦਾ ਵੇਗ ਕਿਹੋ ਜਿਹਾ ਹੈ- ਨਾ ਰਹੇ ਪਾਪਾ, ਨਾ ਰਹੀ ਪਾਣੀ ਦੀ ਬੋਤਲ।’ ਬਸ ਫਿਰ ਅੱਖਾਂ ਛਲਕ ਪਈਆਂ।
ਸੰਪਰਕ: 97807-14000