ਬੁੱਢਾ ਦਰਿਆ ਉਰਫ਼ ਬੁੱਢੀ ਸਤਲੁਜ
ਜਤਿੰਦਰ ਮੌਹਰ
ਬੁੱਢੇ ਦਰਿਆ ਦਾ ਮੌਜੂਦਾ ਵਹਿਣ ਬੇਲਾ-ਚਮਕੌਰ-ਬਹਿਲੋਲਪੁਰ-ਮਾਛੀਵਾਲਾ-ਕੂਮ ਕਲਾਂ-ਲੁਧਿਆਣਾ-ਹੰਬੜਾਂ-ਭੂੰਦੜੀ-ਵਲੀਪੁਰ ਹੈ। ਬਰਤਾਨਵੀ ਪੰਜਾਬ ਦੇ ਕਈ ਨਕਸ਼ਿਆਂ ਵਿੱਚ ਇਸ ਨੂੰ ‘ਬੁੱਢੀ ਸਤਲੁਜ’ ਕਿਹਾ ਗਿਆ ਹੈ। ਪੰਜਾਬ ਵਿੱਚ ਦਰਿਆਵਾਂ ਦੇ ਪੁਰਾਣੇ ਜਾਂ ਸਹਾਇਕ ਵਹਿਣਾਂ ਨੂੰ ਬੁੱਢਾ ਜਾਂ ਬੁੱਢੀ ਕਹਿਣ ਦੀ ਰਵਾਇਤ ਕਦੀਮੀ ਹੈ। ਰਾਵੀ ਦੇ ਪੁਰਾਣੇ ਵਹਿਣ ਨੂੰ ਬੁੱਢਾ ਦਰਿਆ ਕਿਹਾ ਜਾਂਦਾ ਸੀ। ਬਿਆਸ ਦੇ ਪੁਰਾਣੇ ਤਲੇ (ਬੈੱਡ) ਦਾ ਨਾਮ ‘ਬੁੱਢੀ ਬਿਆਸ’ ਸੀ। ਸਤਲੁਜ ਦੀ ਖਾੜੀ ਵਿੱਚੋਂ ਆਉਣ ਵਾਲੀ ਚੋਆ ਨਦੀ ਨੂੰ ਪੁਰਾਣਾ ਜਾਂ ਬੁੱਢਾ ਦਰਿਆ ਕਹਿੰਦੇ ਸਨ। ਇਹ ਵਹਿਣ ਮੂਨਕ ਦੇ ਕੋਲ ਘੱਗਰ ਵਿੱਚ ਮਿਲਦਾ ਸੀ ਪਰ ਫਿਰ ਵੱਖਰਾ ਹੋ ਕੇ ਵਗਣ ਲੱਗਦਾ ਸੀ। ਇਹ ਘੱਗਰ ਦੇ ਬਰਾਬਰ ਵਗਦਾ ਜਾਂਦਾ ਸੀ। ਮੁਕਾਮੀ ਲੋਕਾਂ ਦਾ ਮੰਨਣਾ ਸੀ ਕਿ ਇਹ ਵਹਿਣ ਸਤਲੁਜ ਦਾ ਪੁਰਾਣਾ ਵਹਿਣ ਸੀ ਅਤੇ ਘੱਗਰ ਤੋਂ ਵੱਡਾ ਸੀ। ਅੱਗੇ ਜਾ ਕੇ ਇਹ ਘੱਗਰ ਨਾਲ ਮਿਲ ਜਾਂਦਾ ਸੀ। ਇਸ ਕਰਕੇ ਘੱਗਰ ਨੂੰ ਵੀ ਪੁਰਾਣਾ ਦਰਿਆ ਸੱਦਿਆ ਜਾਂਦਾ ਸੀ। ਖਮਾਣੋਂ-ਸੰਘੋਲ-ਖੰਨਾ ਇਲਾਕੇ ਦੀ ਲੋਕ-ਰਵਾਇਤ ਮੁਤਾਬਿਕ ਇਸ ਇਲਾਕੇ ਵਿੱਚੋਂ ਲੰਘਣ ਵਾਲੇ ਕਿਸੇ ਵਹਿਣ ਨੂੰ ਬੁੱਢਾ ਦਰਿਆ ਕਹਿੰਦੇ ਸਨ ਜਿਹਦੇ ਤੋਂ ਕੁਝ ਸਿੰਜਾਈ ਹੁੰਦੀ ਸੀ। ਕੁਸ਼ਾਨਾਂ ਵੇਲੇ ਦਾ ਮੈਟਰੋ ਸ਼ਹਿਰ ਸੰਘੋਲ ਇਸੇ ਵਹਿਣ ਕੰਢੇ ਆਬਾਦ ਰਿਹਾ ਹੈ। ਰੋਪੜ ਵੱਲੋਂ ਆਉਂਦਾ ਪਾਇਲ-ਅਹਿਮਦਗੜ੍ਹ-ਰੋਹੀੜਾ-ਬਰਨਾਲਾ-ਭੀਖੀ ਹੁੰਦਿਆਂ ਸਰਹਿੰਦ ਨਦੀ ਵਿੱਚ ਡਿੱਗਣ ਵਾਲਾ ਵਹਿਣ ‘ਪੰਜਾਬ ਰਿਮੋਟ ਸੈਂਸਸਿੰਗ ਲੁਧਿਆਣਾ’ ਦੇ ਨਕਸ਼ੇ ਵਿੱਚ ਬੁੱਢੇ ਨਾਲਾ ਵਜੋਂ ਦਰਜ ਹੈ।
ਅੱਜਕੱਲ੍ਹ ਬੁੱਢਾ ਦਰਿਆ ਦੇ ਨਾਮ ਤੋਂ ਸਾਡੇ ਜ਼ਿਹਨ ਵਿੱਚ ਪਲੀਤ ਪਾਣੀਆਂ ਦੇ ਨਾਲੇ ਦੀ ਤਸਵੀਰ ਉੱਘੜਦੀ ਹੈ ਜਿਸ ਨੂੰ ਅਸੀਂ ਬੁੱਢਾ ਨਾਲਾ ਸੱਦਦੇ ਹਾਂ। ਇਹ ਚਮਕੌਰ ਤੋਂ ਵਲੀਪੁਰ ਤੱਕ ਇਸ ਕੰਢੇ ਵਸੇ ਪਿੰਡਾਂ-ਸ਼ਹਿਰਾਂ ਦਾ ਗੰਦ ਲੈ ਕੇ ਵਗਦਾ ਹੈ। ਉਨ੍ਹੀਵੀਂ-ਵੀਹਵੀਂ ਸਦੀ ਦੀਆਂ ਲਿਖਤਾਂ ਮੁਤਾਬਿਕ ਇਸ ਦਾ ਪਾਣੀ ਪੀਣ ਲਈ ਵਰਤਿਆ ਜਾਂਦਾ ਸੀ। ਇਹ ਰੁਝਾਨ 1980ਵਿਆਂ ਤੱਕ ਜਾਰੀ ਰਿਹਾ। ਸੰਨ 1984 ਵਿੱਚ ਇਸ ਨਾਲੇ ਕੰਢੇ ਰਹਿੰਦੇ ਰਹੇ ਮੇਰੇ ਨਾਨਕਿਆਂ ਦਾ ਕਹਿਣਾ ਹੈ ਕਿ ਨਾਲੇ ਦਾ ਪਾਣੀ ਪੀਣ ਯੋਗ ਸੀ। ਬੇਸ਼ੱਕ ਇਹਦਾ ਪਾਣੀ ਸਿੰਜਾਈ ਲਈ ਨਹੀਂ ਵਰਤਿਆ ਜਾਂਦਾ ਸੀ। ਡੇਢ ਸਦੀ ਪਹਿਲਾਂ ਲੋਕਾਂ ਨੂੰ ਵਹਿਮ ਸੀ ਕਿ ਇਹਦਾ ਪਾਣੀ ਸਿੰਜਾਈ ਦੇ ਕਾਬਲ ਨਹੀਂ ਸੀ। ਉਸ ਵੇਲੇ ਮੁਕਾਮੀ ਲੋਕਾਂ ਤੋਂ ਸੁਣੇ ਇਤਿਹਾਸ ਨੂੰ ਗੋਰੇ ਬਸਤੀਵਾਦੀਆਂ ਨੇ ਕਿਤਾਬਾਂ ਅਤੇ ਜ਼ਿਲ੍ਹੇਵਾਰ ਗਜ਼ਟੀਅਰਾਂ ਵਿੱਚ ਦਰਜ ਕਰਨਾ ਸ਼ੁਰੂ ਕਰ ਦਿੱਤਾ ਸੀ। ਬੁੱਢਾ ਦਰਿਆ ਸਤਲੁਜ ਦੇ ਪੁਰਾਣੇ ਵਹਿਣ ਵਜੋਂ ਮਸ਼ਹੂਰ ਹੋ ਰਿਹਾ ਸੀ। ਮਸ਼ਹੂਰੀ ਨਾਲ ਮਿੱਥਾਂ ਦਾ ਨੇੜਲਾ ਰਿਸ਼ਤਾ ਹੁੰਦਾ ਹੈ। ਗੋਰੇ ਖੋਜੀਆਂ ਨੇ ਬੁੱਢੇ ਦਰਿਆ ਨੂੰ ਸਤਲੁਜ ਦੇ ਰੋਪੜ-ਚਮਕੌਰ-ਮਾਛੀਵਾੜਾ-ਬਹਿਲੋਲਪੁਰ-ਲੁਧਿਆਣਾ-ਤਿਹਾੜਾ-ਧਰਮਕੋਟ-ਮੁੱਦਕੀ-ਫ਼ਰੀਦਕੋਟ-ਭਾਂਗੇਵਾਲਾ ਵਹਿਣ ਦੀ ਨਿਸ਼ਾਨੀ ਐਲਾਨ ਦਿੱਤਾ ਸੀ। ਦੂਜੇ ਪਾਸੇ, ਇਹ ਤਿਹਾੜਾ-ਧਰਮਕੋਟ-ਫ਼ਿਰੋਜ਼ਪੁਰ-ਮਮਦੋਟ-ਮੰਡੀ ਲਾਧੂਕਾ ਵਾਲੇ ਵਹਿਣ ਦੀ ਲਗਾਤਾਰਤਾ ਮੰਨਿਆ ਗਿਆ। ਮਿੱਥਾਂ ਅਤੇ ਧਾਰਨਾਵਾਂ ਉੱਤੇ ਹਮੇਸ਼ਾ ਸਵਾਲੀਆ ਨਿਸ਼ਾਨ ਲੱਗਦੇ ਹਨ।
ਲੁਧਿਆਣੇ ਜ਼ਿਲ੍ਹੇ ਦੀ ਬੰਦੋਬਸਤ ਰਪਟ (1859), ਗਜ਼ਟੀਅਰ (1883, 1970) ਅਤੇ ਹੋਰ ਲਿਖਤਾਂ ਦੱਸਦੀਆਂ ਹਨ ਕਿ 1783 ਤੋਂ 1796 ਦੇ ਵਿਚਕਾਰ ਸਤਲੁਜ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ। ਇਨ੍ਹਾਂ ਲਿਖਤਾਂ ਦੀ ਬੁਨਿਆਦ ਦਰਿਆ ਨੇੜਲੇ ਲੋਕਾਂ ਤੋਂ ਸੁਣੀਆਂ ਕਹਾਣੀਆਂ ਹਨ। ਕਨਿੰਘਮ ਮੁਤਾਬਿਕ ਪਹਾੜਾਂ ਵਿੱਚ ਸਤਲੁਜ ਦੇ ਵਹਿਣ ’ਚ ਢਿੱਗਾਂ ਡਿੱਗਣ ਕਰਕੇ ਪਾਣੀ ਸੈਂਕੜੇ ਫੁੱਟ ਉੱਚਾ ਚੜ੍ਹ ਗਿਆ। ਜਦੋਂ ਰਸਤਾ ਸਾਫ਼ ਹੋਇਆ ਤਾਂ ਦਰਿਆ ਵਿੱਚ ਆਏ ਹੜ੍ਹ ਨੇ ਸਤਲੁਜ ਦਾ ਵਹਿਣ ਬਦਲ ਦਿੱਤਾ। ਇਨ੍ਹਾਂ ਹੜ੍ਹਾਂ ਤੋਂ ਪਹਿਲਾਂ ਮਾਛੀਵਾੜਾ ਸਤਲੁਜ ਦੇ ਸੱਜੇ ਕੰਢੇ ਉੱਤੇ ਸੀ। ਹੜ੍ਹਾਂ ਤੋਂ ਬਾਅਦ ਇਹ ਸ਼ਹਿਰ ਸਤਲੁਜ ਦੇ ਖੱਬੇ ਕੰਢੇ ਉੱਤੇ ਦਸ ਕਿਲੋਮੀਟਰ ਦੂਰ ਚਲਿਆ ਗਿਆ। ਅੱਸੀ ਕਿਲੋਮੀਟਰ ਲੰਬਾ ਅਤੇ ਅੱਠ-ਨੌਂ ਕਿਲੋਮੀਟਰ ਚੌੜਾ ਇਲਾਕਾ ਜੀਹਨੂੰ ਹੁਣ ਬੇਟ ਕਹਿੰਦੇ ਹਨ, ਲੁਧਿਆਣਾ ਜ਼ਿਲ੍ਹੇ ਵਿੱਚ ਸ਼ਾਮਿਲ ਹੋ ਗਿਆ ਜੋ ਪਹਿਲਾਂ ਜਲੰਧਰ ਦੋਆਬ ਦਾ ਹਿੱਸਾ ਸੀ। ਉਸ ਵੇਲੇ ਇਹ ਖਿੱਤਾ ਸਰਦਾਰ ਤਾਰਾ ਸਿੰਘ ਘੇਬਾ ਦੇ ਕਬਜ਼ੇ ਹੇਠ ਸੀ ਜੀਹਦਾ ਮੁੱਖ ਅੱਡਾ ਰਾਹੋਂ ਸੀ। ਸਤਲੁਜ ਦੇ ਵਹਿਣ ਬਦਲਣ ਕਰਕੇ ਜਿਹੜੀ ਨਿਵਾਣ ਪਿੱਛੇ ਬਚ ਗਈ, ਉਸ ਥਾਂ ਵਗਣ ਵਾਲੇ ਦਰਿਆ ਨੂੰ ਬੁੱਢਾ ਦਰਿਆ ਕਿਹਾ ਜਾਣ ਲੱਗਿਆ।
ਬੁੱਢੇ ਦਰਿਆ ਦੇ ਮੁਹਾਣ ਅਤੇ ਵਹਿਣ ਬਾਬਤ ਕਈ ਹਵਾਲੇ ਸਮਕਾਲੀ ਕਿਤਾਬਾਂ ਵਿੱਚ ਦਰਜ ਹਨ। ਸੈਰਿ-ਪੰਜਾਬ (1847) ਕਿਤਾਬ ਬੁੱਢੇ ਦਰਿਆ ਦੇ ਮੁਹਾਣ ਅਤੇ ਸੋਮੇ ਬਾਬਤ ਵੱਖਰੀ ਤਫ਼ਸੀਲ ਦਿੰਦੀ ਹੈ, “ਬੁੱਢੇ ਦਰਿਆ ਵਿੱਚ ਪਾਣੀ ਉਸ ਨਾਲੇ ਵਿੱਚੋਂ ਆਉਂਦਾ ਹੈ ਜੋ ਪਿੰਡ ਬੇਲਾ ਡਾਟਲ ਗਹਿੜਾ ਤੋਂ ਚਾਲੂ ਹੋ ਕੇ ਬਹਿਲੋਲਪੁਰ ਦੇ ਹੇਠਾਂ ਇਹਦੇ ਨਾਲ ਮਿਲ ਜਾਂਦਾ ਸੀ।”
ਬੇਲਾ ਪਿੰਡ (ਹੁਣ ਕਸਬਾ) ਚਮਕੌਰ ਸਾਹਿਬ ਦੇ ਨੇੜੇ ਹੈ। ‘ਬੇਲਾ ਡਾਟਲ ਗਹਿੜਾ’ ਗ਼ਲਤੀ ਨਾਲ ਲਿਖਿਆ ਗਿਆ ਹੋਵੇਗਾ। ਸਹੀ ਉਚਾਰਣ ਪਿੰਡ ਬੇਲੀ ਅਟਲਗੜ੍ਹ ਜਾਂ ਬੇਲਾ ਅਟਾਰੀ ਬਣਦਾ ਹੈ। ਸਤਲੁਜ ਅਤੇ ਬੇਲੇ ਦੇ ਬਿਲਕੁਲ ਨੇੜੇ ਪਿੰਡ ਬੇਲੀ ਅਟਲਗੜ੍ਹ ਅਤੇ ਬੇਲਾ ਅਟਾਰੀ ਮੌਜੂਦ ਹਨ। ਬੁੱਢੇ ਦਰਿਆ ਵਿੱਚ ਪੈਣ ਵਾਲਾ ਨਾਲਾ ਇਨ੍ਹਾਂ ਪਿੰਡਾਂ ਵਿੱਚੋਂ ਆਉਂਦਾ ਹੋਵੇਗਾ।
ਬੁੱਢੇ ਦਰਿਆ ਦੇ ਦੂਜੇ ਸੋਮੇ ਬਾਬਤ ਕਿਤਾਬ ਦੱਸਦੀ ਹੈ, “ਚਮਕੌਰ ਸਾਹਿਬ ਦੇ ਥੱਲੇ ਝੀਲ ਵਰਗੀ ਥਾਂ ਸੀ ਜੀਹਦੇ ਵਿੱਚੋਂ ਬਾਰਾਂ ਮਹੀਨੇ ਪਾਣੀ ਨਿਕਲਦਾ ਰਹਿੰਦਾ ਸੀ। ਇਸ ਝੀਲ ਦਾ ਪਾਣੀ ਬੁੱਢੇ ਦਰਿਆ ਵਿੱਚ ਪੈਂਦਾ ਸੀ। ਇਸ ਝੀਲ ਵਿੱਚ ਪਾਣੀ ਘੱਟ ਆਉਣ ਕਾਰਨ ਕਦੇ ਕਦੇ ਲੁਧਿਆਣੇ ਦੇ ਥੱਲੇ ਬੁੱਢੇ ਨਾਲੇ ਵਿੱਚ ਪਾਣੀ ਘਟ ਜਾਂਦਾ ਅਤੇ ਗੰਧਲਾ ਹੁੰਦਾ ਸੀ।”
ਮੇਰਾ ਪਿੰਡ ਚਮਕੌਰ ਸਾਹਿਬ ਤੋਂ ਤਕਰੀਬਨ ਵੀਹ ਕਿਲੋਮੀਟਰ ਹੈ। ਸਾਡੇ ਪਿੰਡ ਦੇ ਬਜ਼ੁਰਗ ਦਾਅਵਾ ਕਰਦੇ ਸਨ ਕਿ ਚਮਕੌਰ, ਬਹਿਲੋਲਪੁਰ ਅਤੇ ਸਬੰਧਿਤ ਬੇਟ ਦੇ ਇਲਾਕੇ ਵਿੱਚ ਉਨ੍ਹਾਂ ਨੇ ਧਰਤੀ ਵਿੱਚੋਂ ਉਬਾਲੇ ਮਾਰ ਕੇ ਬਾਹਰ ਆਉਂਦਾ ਪਾਣੀ ਅੱਖੀਂ ਦੇਖਿਆ ਹੈ। ਪੰਜਾਬ ਦੀਆਂ ਕਈ ਛੋਟੀਆਂ ਨਦੀਆਂ ਜ਼ਮੀਨਦੋਜ਼ ਝਰਨਿਆਂ ਜਾਂ ਝੀਲਾਂ ਵਿੱਚੋਂ ਨਿਕਲਦੀਆਂ ਸਨ। ਦੁਆਬੇ ਦੀ ਮਸ਼ਹੂਰ ਨਦੀ ਕਾਲੀ ਵੇਈਂ ਧਨੋਆ ਪਿੰਡ ਕੋਲ ਜ਼ਮੀਨੀ ਪਾਣੀ ਦੇ ਝਰਨਿਆਂ ਵਿੱਚੋਂ ਨਿਕਲਦੀ ਹੈ। ਕੁਝ ਵਹਿਣ ਛੋਟੀਆਂ-ਵੱਡੀਆਂ ਝੀਲਾਂ ਵਿੱਚੋਂ ਨਿਕਲਦੇ ਸਨ ਜਾਂ ਇਨ੍ਹਾਂ ਝੀਲਾਂ ਵਿੱਚ ਸਮਾਅ ਜਾਂਦੇ ਸਨ। ਕਈ ਵਾਰ ਵਹਿਣ ਝੀਲ ਵਿੱਚ ਦਾਖ਼ਲ ਹੁੰਦਾ ਅਤੇ ਦੁਬਾਰਾ ਨਿਕਲ ਕੇ ਅੱਗੇ ਵਗ ਤੁਰਦਾ ਸੀ। ਇਨ੍ਹਾਂ ਝੀਲਾਂ ਨੂੰ ਮੁਕਾਮੀ ਬੋਲੀ ਵਿੱਚ ਟੋਭੇ, ਛੱਪੜ ਜਾਂ ਤਲਾਬ ਆਖਿਆ ਜਾਂਦਾ ਹੈ। ਇਨ੍ਹਾਂ ਝੀਲ ਰੂਪੀ ਵਹਿਣਾਂ ਦੀਆਂ ਕਈ ਮਿਸਾਲਾਂ ਮਿਲਦੀਆਂ ਹਨ ਅਤੇ ਕੁਝ ਕੁ ਹੁਣ ਵੀ ਮੌਜੂਦ ਹੋਣਗੀਆਂ। ਮਾਲਵੇ-ਦੁਆਬੇ ਵਿੱਚ ਅਜਿਹੀਆਂ ਕਈ ਝੀਲਾਂ ਮਸ਼ਹੂਰ ਰਹੀਆਂ ਹਨ। ਇਨ੍ਹਾਂ ਵਿੱਚ ਚਮਕੌਰ ਝੀਲ, ਰਾਹੋਂ ਝੀਲ, ਫਿਲੌਰ ਝੀਲ, ਜਗਰਾਉਂ ਨੇੜੇ ਅਖਾੜਾ ਪਿੰਡ ਦੀ ਝੀਲ, ਮਲੋਟ ਝੀਲ ਅਤੇ ਫ਼ਾਜ਼ਿਲਕਾ ਦੀ ਬਾਧਾ ਝੀਲ ਗਿਣੀਆਂ ਜਾਂਦੀਆਂ ਹਨ। ਬਾਧਾ ਝੀਲ ਕੁਝ ਸਾਲ ਪਹਿਲਾਂ ਲੋਪ ਹੋਈ ਹੈ।
ਸਤਲੁਜ ਦੀ ਦਿਸ਼ਾ ਤੋਂ ਆਉਂਦੀਆਂ ਨੈਵਾਲਾਂ ਜਾਂ ਵਹਿਣਾਂ ਦਾ ਪਾਣੀ ਵਗਦਾ ਹੋਇਆ ਇਨ੍ਹਾਂ ਝੀਲਾਂ ਵਿੱਚ ਫੈਲ ਜਾਂਦਾ ਸੀ। ਚਮਕੌਰ ਝੀਲ ਵਿੱਚ ਪਾਣੀ ਘਟਣ ਕਰਕੇ ਬੁੱਢੇ ਨਾਲੇ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਸੀ। ਇਹ ਝੀਲ ਲੁਧਿਆਣੇ ਸ਼ਹਿਰ ਦੇ ਲੋਕਾਂ ਲਈ ਪਾਣੀ ਦੀ ਥੁੜ੍ਹ ਦਾ ਸਬੱਬ ਬਣ ਜਾਂਦੀ ਸੀ। ਕਿਤਾਬ ਦੱਸਦੀ ਹੈ, “ਪਾਣੀ ਦੀ ਥੁੜ੍ਹ ਕਾਰਨ ਸ਼ਹਿਰ ਅਤੇ ਛਾਉਣੀ ਦੇ ਵਸਨੀਕਾਂ ਨੂੰ ਤਕਲੀਫ਼ ਰਹਿੰਦੀ ਸੀ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਾਰਜ ਕੈਂਪਬਲ ਨੇ ਲੋਕਾਂ ਦੀ ਸਹੂਲਤ ਲਈ ਜੁਗਤ ਬਣਾਈ ਕਿ ਸਤਲੁਜ ਵਿੱਚੋਂ ਨਹਿਰ ਕੱਢ ਕੇ ਬੁੱਢੇ ਨਾਲੇ ਵਿੱਚ ਸੁੱਟੀ ਜਾਵੇ। ਖੋਜ ਤੋਂ ਬਾਅਦ ਪਤਾ ਲੱਗਾ ਕਿ ਕੋਈ ਕਦੀਮੀ ਵਹਿਣ ਲੁਧਿਆਣੇ ਦੇ ਭਰਤਗੜ੍ਹ ਪਰਗਣੇ ਦੇ ਪਿੰਡ ਗੜ੍ਹੀ ਫ਼ਾਜ਼ਿਲ ਤੋਂ ਸ਼ੁਰੂ ਹੋ ਕੇ ਬੁੱਢੇ ਨਾਲੇ ਵਿੱਚ ਮਿਲਦਾ ਹੈ। ਉਸ ਨਾਲੇ ਤੋਂ ਸਤਲੁਜ ਸਿਰਫ਼ ਪੰਜ ਸੌ ਗਜ਼ ਦੇ ਫ਼ਾਸਲੇ ਉੱਤੇ ਸੀ। ਉਸ ਪੰਜ ਸੌ ਗਜ਼ ਵਿੱਚ ਨਹਿਰ ਪੁੱਟੀ ਗਈ ਅਤੇ ਨਹਿਰ ਰਾਹੀਂ ਸਤਲੁਜ ਦਾ ਪਾਣੀ ਨਾਲੇ ਵਿੱਚ ਪਾਇਆ ਗਿਆ। ਇਹਦੇ ਨਾਲ ਲੁਧਿਆਣੇ ਕੋਲ ਬੁੱਢੇ ਨਾਲੇ ਵਿੱਚ ਵਾਹਵਾ ਪਾਣੀ ਹੋ ਗਿਆ ਅਤੇ ਲੋਕਾਂ ਨੂੰ ਚੰਗੀ ਸਹੂਲਤ ਹੋਈ। ਕੁਝ ਸਮੇਂ ਬਾਅਦ ਡਾਕਟਰਾਂ ਨੇ ਰਾਇ ਦਿੱਤੀ ਕਿ ਇਸ ਨਾਲ ਬਿਮਾਰੀ ਫੈਲਣ ਦਾ ਡਰ ਹੈ। ਡਿਪਟੀ ਕਮਿਸ਼ਨਰ ਕਪਤਾਨ ਕੋਲਬਦਨੀ ਨੇ ਇਸ ਨੂੰ ਦੁਬਾਰਾ ਬੰਦ ਕਰਵਾ ਦਿੱਤਾ।”
ਬੁੱਢੇ ਦਰਿਆ ਕੰਢੇ ਕਦੀਮੀ ਥੇਹਾਂ:
ਬੁੱਢਾ ਦਰਿਆ ਲੁਧਿਆਣਾ ਜ਼ਿਲ੍ਹੇ ਦੇ ਢਾਹੇ ਅਤੇ ਬੇਟ ਇਲਾਕਿਆਂ ਲਈ ਸਹੂਲਤਾਂ ਅਤੇ ਹੜ੍ਹਾਂ ਦਾ ਸਬੱਬ ਬਣਦਾ ਰਿਹਾ ਹੈ। ਹੁਣ ਪਲੀਤ ਪਾਣੀਆਂ ਵਜੋਂ ‘ਬਦਨਾਮ’ ਬੁੱਢਾ ਦਰਿਆ ਕਦੇ ਪੰਜਾਬੀ ਤਹਿਜ਼ੀਬ ਅਤੇ ਵਸੇਬ ਨੂੰ ਪਾਲਣ ਵਾਲਿਆਂ ਵਿੱਚੋਂ ਸੀ। ਇਸ ਦੇ ਕੰਢੇ ਬੇਸ਼ੁਮਾਰ ਕਦੀਮੀ ਥੇਹਾਂ (ਏਂਸ਼ੀਐਂਟ ਸਾਈਟਸ) ਦੀ ਨਿਸ਼ਾਨਦੇਹੀ ਹੋਈ ਹੈ। ਪਮਾਲ ਅਤੇ ਤਲਵਾੜਾ-1 ਅਗਲੇਰੇ ਹੜੱਪਾ ਕਾਲ (ਪ੍ਰੀ-ਹੜੱਪਨ) ਦੀਆਂ ਥੇਹਾਂ ਹਨ। ਪਮਾਲ, ਕੰਗਣਵਾਲ, ਤਲਵਾੜਾ-2 ਅਤੇ ਬਸੈਮੀ ਸਿਖ਼ਰਲੇ ਹੜੱਪਾ ਕਾਲ (ਮੈਚਿਊਰ ਹੜੱਪਨ) ਨਾਲ ਜੁੜੀਆਂ ਹਨ। ਚਮਕੌਰ ਸਾਹਿਬ, ਬਸੀ ਗੁੱਜਰਾਂ, ਖੇੜਾ, ਪਰਿਥੀਪੁਰ, ਕੂਮ ਕਲਾਂ, ਕੋਹਾੜਾ, ਤਲਵਾੜਾ-1, ਕੰਗਣਵਾਲ, ਧਾਂਦਰਾ, ਸੁਨੇਤ, ਬੱਦੋਵਾਲ, ਹਸਨਪੁਰ, ਮਲਕਪੁਰ, ਤਲਵਾੜਾ-2, ਬੀਰਮੀ, ਬਸੈਮੀ, ਫਾਗਲਾ, ਗੌਂਸਪੁਰ, ਗੋਰਾਹਰ, ਰਾਊਵਾਲ, ਪੁੜੈਣ ਥੇਹਾਂ ਪਿਛਲੇਰੇ ਹੜੱਪਾ ਕਾਲ (ਲੇਟਰ ਹੜੱਪਨ) ਨਾਲ ਜੁੜੀਆਂ ਹਨ।
ਬੁੱਢੇ ਦਰਿਆ ਕੰਢੇ ਹੋਰ ਥੇਹਾਂ:
ਕਿਲ੍ਹਾ ਕੰਧੋਲਾ, ਕੀੜੀ ਅਫ਼ਗਾਨਾ, ਬਹਿਲੋਲਪੁਰ, ਮਾਛੀਵਾੜਾ, ਰਾਏਪੁਰ ਬੇਟ, ਗੱਦੋਵਾਲ, ਮਾਹਲੋਂ, ਬੁੱਢੇਵਾਲ, ਮੰਗਲੀ ਨੀਚੀ, ਖਾਸੀ ਕਲਾਂ, ਖੇੜਾ-2, ਸਲੇਮਪੁਰ, ਕੁੱਲੀਵਾਲ, ਢੰਡਾਰੀ ਖੁਰਦ, ਢੰਡਾਰੀ ਕਲਾਂ, ਲੁਹਾਰਾ, ਫੁੱਲਾਂਵਾਲ, ਲਲਤੋਂ ਕਲਾਂ, ਭੂੰਦੜੀ, ਹੰਬੜਾਂ, ਮਾਛੀਆਂ ਕਲਾਂ, ਜੰਗਪੁਰ, ਗੁੜ੍ਹੇ, ਕੁਲਾਰ, ਕੋਟ ਮਾਨਾਂ, ਕੋਟਲਾ, ਖੁੱਡੇ ਚੱਕ (ਮੂਲ ਲਿਖਤ ਵਿੱਚ ਫਿੱਡ ਕੇ ਚੱਕ ਲਿਖਿਆ ਹੈ), ਭੱਠਾ ਧੂਆ, ਰਣਕੇ, ਗੋਰਸੀਆ ਕਾਦਰ ਬਖ਼ਸ਼ ਅਤੇ ਕੀੜੀ।
ਸਤਲੁਜ ਅਤੇ ਬੁੱਢੇ ਦਰਿਆ ਦੇ ਵਿਚਕਾਰ ਪਛਾਣੀਆਂ ਗਈਆਂ ਥੇਹਾਂ ਵਿੱਚ ਨੂਰਪੁਰ ਬੇਟ ਦੀ ਥੇਹ ਅਗਲੇਰੇ ਹੜੱਪਾ ਕਾਲ (ਪ੍ਰੀ-ਹੜੱਪਨ) ਅਤੇ ਸਿਖਰਲੇ ਹੜੱਪਾ ਕਾਲ (ਮੈਚਿਊਰ ਹੜੱਪਨ) ਦੀ ਹੈ। ਇਹ ਤੋਂ ਬਿਨਾਂ ਸੇਲਕਿਆਣਾ ਅਤੇ ਤਾਜਪੁਰ ਵਿੱਚ ਕਦੀਮੀ ਥੇਹਾਂ ਦੀ ਨਿਸ਼ਾਨਦੇਹੀ ਹੋਈ ਸੀ।
ਈ-ਮੇਲ: jatindermauhar@gmail.com