ਬੀਐੱਸਐੱਫ ਨੇ ਸਰਹੱਦੀ ਪਿੰਡਾਂ ’ਚ ਤਲਾਸ਼ੀ ਮੁਹਿੰਮ ਚਲਾਈ
ਗੁਰਬਖਸ਼ਪੁਰੀ
ਤਰਨ ਤਾਰਨ, 23 ਅਗਸਤ
ਸਰਹੱਦੀ ਖੇਤਰ ਦੇ ਪਿੰਡ ਡੱਲ ਨੇੜੇ ਕੰਡਿਆਲੀ ਤਾਰ ਦੇ ਪਾਰੋਂ ਬੀਤੇ ਦਿਨ ਪਾਕਿਸਤਾਨੀਆਂ ਵੱਲੋਂ ਭਾਰਤੀ ਇਲਾਕੇ ਵਿੱਚ ਘੁਸਪੈਠ ਕਰਨ ਦੀ ਕੀਤੀ ਕੋਸ਼ਿਸ਼ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਜ਼ਿਲ੍ਹਾ ਪੁਲੀਸ ਨੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨਾਲ ਇਕ ਸਾਂਝੀ ਤਲਾਸ਼ੀ ਮੁਹਿੰਮ ਚਲਾਈ। ਭਿੱਖੀਵਿੰਡ ਦੇ ਡੀਐੱਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਡੱਲ, ਵਾਂ ਤਾਰਾ ਸਿੰਘ ਸਮੇਤ ਆਸੇ-ਪਾਸੇ ਦੇ ਕਈ ਪਿੰਡਾਂ ਵਿੱਚ ਤਲਾਸ਼ੀ ਲਈ ਗਈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਬੀਐੱਸਐੱਫ ਨੇ ਘੁਸਪੈਠ ਕਰਨ ਵਾਲੇ ਪੰਜ ਪਾਕਿਸਤਾਨਿਆਂ ਨੂੰ ਮਾਰ ਮੁਕਾਇਆ ਸੀ ਅਤੇ ਮੌਕੇ ਤੋਂ ਹੈਰੋਇਨ ਤੇ ਹਥਿਆਰ ਆਦਿ ਬਰਾਮਦ ਕੀਤੇ ਸਨ। ਇਸ ਸਬੰਧੀ ਜ਼ਿਲ੍ਹਾ ਪੁਲੀਸ ਨੇ ਚਾਰ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਕੋਲੋਂ ਪਾਕਿਸਤਾਨੀ ਸਮਗਲਰਾਂ ਨਾਲ ਸੰਪਰਕ ਹੋਣ ਦੇ ਸ਼ੱਕ ਅਧੀਨ ਪੁੱਛ-ਗਿੱਛ ਕੀਤੀ ਜਾ ਰਹੀ ਹੈ| ਜ਼ਿਲ੍ਹਾ ਪੁਲੀਸ ਮੁਖੀ ਧਰੁਮਨ ਐੱਚ ਨਿੰਬਲੇ ਨੇ ਦੱਸਿਆ ਕਿ ਮੁੱਢਲੇ ਤੌਰ ’ਤੇ ਇਹ ਮਾਮਲਾ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਲਗਦਾ ਹੈ।
ਦੋ ਥਾਵਾਂ ਤੋਂ 3.536 ਕਿਲੋ ਹੈਰੋਇਨ ਬਰਾਮਦ
ਤਰਨ ਤਾਰਨ/ਭਿੱਖੀਵਿੰਡ (ਪੱਤਰ ਪ੍ਰੇਰਕ): ਬੀਐੱਸਐੱਫ ਨੇ ਅੱਜ ਸਰਹੱਦ ਤੋਂ ਪਾਰ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਦੋ ਗਰੋਹਾਂ ਦਾ ਪਰਦਾਫਾਸ਼ ਕੀਤਾ ਹੈ| ਇਸ ਤਹਿਤ ਬੀਐੱਸਐੱਫ ਦੀਆਂ ਟੁਕੜੀਆਂ ਨੇ ਕਾਰਵਾਈ ਕਰਦਿਆਂ ਵਾਂ ਤਾਰਾ ਸਿੰਘ ਦੇ ਪੰਜ ਜਣਿਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 1.120 ਕਿਲੋ ਹੈਰੋਇਨ ਬਰਾਮਦ ਕੀਤੀ। ਮੁਲਜ਼ਮਾਂ ਦੀ ਪਛਾਣ ਬਿਕਰਮਜੀਤ ਸਿੰਘ, ਨਿਰਮਲ ਸਿੰਘ, ਨਛੱਤਰ ਸਿੰਘ, ਪੰਜਾਬ ਸਿੰਘ ਅਤੇ ਰਾਜੂ ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਬੀਐੱਸਐੱਫ ਦੀ 103 ਬਟਾਲੀਅਨ ਦੇ ਇੰਸਪੈਕਟਰ ਹਿੰਮਤ ਬੋਰੇ ਦੀ ਅਗਵਾਈ ਵਿੱਚ ਮੁਲਜ਼ਮਾਂ ਨੂੰ ਸਰਹੱਦ ’ਤੇ ਗੇਟ ਨੰਬਰ 140/01 ਨੇੜਿਓਂ ਕਾਬੂ ਕਰਕੇ ਉਨ੍ਹਾਂ ਕੋਲੋਂ ਇਹ ਸਮੱਗਰੀ ਬਰਾਮਦ ਕੀਤੀ ਗਈ, ਜਿਹੜੀ ਮੁਲਜ਼ਮਾਂ ਨੇ ਚੱਪਲਾਂ ਹੇਠ ਲੁਕਾਈ ਹੋਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੌਸ਼ਹਿਰਾ ਢਾਲਾ ਦੇ ਕਿਸਾਨ ਤਰਸੇਮ ਸਿੰਘ ਦੇ ਖੇਤਾਂ ’ਚ ਦੱਬੀ 2.416 ਕਿਲੋ ਹੈਰੋਇਨ ਤੇ 30 ਗ੍ਰਾਮ ਅਫੀਮ ਵੀ ਬਰਾਮਦ ਕੀਤੀ ਹੈ।