ਭਾਰਤਮਾਲਾ ਪ੍ਰਾਜੈਕਟ: ਪੁਲੀਸ ਨੇ ਸੀਡ ਫਾਰਮ ਵਸਨੀਕਾਂ ਦੇ ਕਬਜ਼ੇ ਹਟਾਏ
ਪੰਕਜ ਕੁਮਾਰ
ਅਬੋਹਰ, 5 ਮਈ
ਸੋਮਵਾਰ ਸਵੇਰੇ ਪੁਲੀਸ ਅਤੇ ਪ੍ਰਸ਼ਾਸਨ ਨੇ ਭਾਰਤਮਾਲਾ ਹਾਈਵੇਅ ਪ੍ਰਾਜੈਕਟ ਤਹਿਤ ਫ਼ਾਜ਼ਿਲਕਾ ਬਾਈਪਾਸ ਤੋਂ ਮਲੋਟ ਬਾਈਪਾਸ ਤੱਕ ਬਣ ਵਾਲੀ ਸੜਕ ’ਚ ਰੁਕਾਵਟ ਪਾ ਰਹੇ ਸੀਡ ਫਾਰਮ ਦੇ ਵਸਨੀਕਾਂ ਵਿਰੁੱਧ ਵੱਡੀ ਕਾਰਵਾਈ ਕੀਤੀ। ਪੁਲੀਸ ਦੀ ਮੌਜੂਦਗੀ ਵਿੱਚ ਇਸ ਪ੍ਰਾਜੈਕਟ ਦੇ ਰਾਹ ਵਿੱਚ ਆਉਣ ਵਾਲੇ ਘਰਾਂ ਨੂੰ ਜੇਸੀਬੀ ਮਸ਼ੀਨ ਨਾਲ ਢਾਹ ਦਿੱਤਾ ਗਿਆ।
ਦੂਜੇ ਪਾਸੇ, ਇਸ ਕਾਰਵਾਈ ਤੋਂ ਪਹਿਲਾਂ ਕਿਸਾਨ ਆਗੂਆਂ ਦੇ ਕਿਸੇ ਵੀ ਤਰ੍ਹਾਂ ਦਾ ਹੰਗਾਮਾ ਕਰਨ ਦੇ ਇਰਾਦੇ ਨੂੰ ਦੇਖਦੇ ਹੋਏ ਪੁਲੀਸ ਨੇ ਕਿਸਾਨ ਆਗੂਆਂ ਨੂੰ ਤੜਕੇ 4 ਵਜੇ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ। ਇੱਥੇ ਬੀਤੀ ਰਾਤ ਲਗਪਗ ਦੋ ਵਜੇ ਜਦੋਂ ਪੁਲੀਸ ਨੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਤਾਂ ਇਨਸਾਫ਼ਪਸੰਦ ਸੰਗਠਨਾਂ ਦੇ ਆਗੂ ਜਗਜੀਤ ਸਿੰਘ, ਜਗਤਾਰ ਸਿੰਘ, ਬੱਬਲ ਬੁੱਟਰ, ਸੁਖਜਿੰਦਰ ਰਾਜਨ ਅਤੇ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਸੀਡ ਫਾਰਮ ’ਤੇ ਇਕੱਠੀਆਂ ਹੋਈਆਂ।
ਇਸ ਦੌਰਾਨ ਪੁਲੀਸ ਨੇ ਕਿਹਾ ਕਿ ਉਹ ਗ੍ਰਿਫ਼ਤਾਰ ਕੀਤੇ ਲੋਕਾਂ ਨੂੰ ਬਾਅਦ ਦੁਪਹਿਰ ਦੋ ਵਜੇ ਤੱਕ ਰਿਹਾਅ ਕਰ ਦੇਣਗੇ ਜਦੋਂਕਿ ਖ਼ਬਰ ਲਿਖੇ ਜਾਣ ਤੱਕ ਦੋਵਾਂ ਧਿਰਾਂ ਵਿਚਕਾਰ ਟਕਰਾਅ ਦੀ ਸਥਿਤੀ ਬਰਕਰਾਰ ਸੀ।
ਜ਼ਿਕਰਯੋਗ ਹੈ ਕਿ ਸੈਂਕੜੇ ਵਸਨੀਕ ਪਿਛਲੇ ਇੱਕ ਸਾਲ ਤੋਂ ਸੀਡ ਫਾਰਮ ਵਿੱਚ ਆਪਣੀਆਂ ਜ਼ਮੀਨਾਂ ਦੇ ਢੁੱਕਵੇਂ ਮੁਆਵਜ਼ੇ ਦੀ ਮੰਗ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਸ ਦੇ ਨਾਲ ਹੀ ਪੁਲੀਸ ਕਾਰਵਾਈ ਕਾਰਨ ਸੀਡ ਫਾਰਮ ਵਾਸੀਆਂ ਸਣੇ ਕਿਸਾਨ ਜਥੇਬੰਦੀਆਂ ’ਚ ਰੋਹ ਹੈ। ਇੱਥੇ ਸਵੇਰੇ-ਸਵੇਰੇ ਡੀਐੱਸਪੀ (ਡੀ), ਐੱਸਪੀ (ਡੀ), ਡੀਐੱਸਪੀ ਕ੍ਰਾਈਮ, ਐੱਸਡੀਐੱਮ, ਸੀਆਈਏ-2 ਪੁਲੀਸ, ਸਿਟੀ ਥਾਣਾ ਅਤੇ ਥਾਣਾ ਖੁਈਆਂ ਸਰਵਰ ਪੁਲੀਸ ਦੀ ਅਗਵਾਈ ਹੇਠ 400 ਤੋਂ ਵੱਧ ਪੁਲੀਸ ਕਰਮਚਾਰੀ ਪਹੁੰਚੇ ਅਤੇ ਇਸ ਜ਼ਮੀਨ ਦਾ ਕਬਜ਼ਾ ਕੌਮੀ ਹਾਈਵੇਅ ਅਥਾਰਟੀ ਆਫ ਇੰਡੀਆ ਨੂੰ ਸੌਂਪ ਦਿੱਤਾ।
ਕਿਸਾਨਾਂ ਦੇ ਕਬਜ਼ੇ ਹਟਾਉਣ ਤੋਂ ਬਾਅਦ ਜੰਗੀ ਪੱਧਰ ’ਤੇ ਮਸ਼ੀਨਾਂ ਲਗਾ ਕੇ ਮਿੱਟੀ ਦੀ ਭਰਤੀ ਸ਼ੁਰੂ ਕਰ ਦਿੱਤੀ ਗਈ। ਇਸ ਦੇ ਨਾਲ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਵਸਨੀਕਾਂ ਕੋਲ ਆਪਣੇ ਘਰਾਂ ਜਾਂ ਜ਼ਮੀਨ ਦੇ ਮਾਲਕੀ ਕਾਗਜ਼ ਹਨ, ਉਨ੍ਹਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਗਿਆ ਹੈ।