ਬੀਐੱਸਐੱਫ ਵੱਲੋਂ ਸਰਹੱਦ ਨੇੜਿਓਂ ਤਿੰਨ ਸ਼ੱਕੀ ਕਾਬੂ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 22 ਸਤੰਬਰ
ਬੀਐੱਸਐੱਫ ਨੇ ਖੂਫੀਆ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੰਜਾਬ ਪੁਲੀਸ ਦੀ ਮਦਦ ਨਾਲ ਨਸ਼ਾ ਤਸਕਰੀ ਦੇ ਸ਼ੱਕ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤਿੰਨਾਂ ਕੋਲੋਂ ਕਾਰ, ਲਗਪਗ 47 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ, ਯੂਐੱਸ ਡਾਲਰ ਅਤੇ ਜਪਾਨੀ ਕਰੰਸੀ ਯੈੱਨ ਦਾ 1000 ਦਾ ਨੋਟ ਤੇ ਤਿੰਨ ਮੋਬਾਈਲ ਫੋਨ ਬਰਾਮਦ ਹੋਏ ਹਨ। ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ’ਤੇ ਬੀਤੀ ਸ਼ਾਮ ਕਾਰਵਾਈ ਕਰਦਿਆਂ ਇਨ੍ਹਾਂ ਵਿਅਕਤੀਆਂ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਮਛਰਾਲਾ ਨੇੜਿਓਂ ਕਾਬੂ ਕੀਤਾ ਗਿਆ ਹੈ। ਇਹ ਤਿੰਨੋਂ ਕਾਰ ਵਿੱਚ ਸਵਾਰ ਸਨ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਾਸੀ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਭਾਰਤੀ ਕਰੰਸੀ ਦੇ ਲਗਪਗ 47,990 ਰੁਪਏ, ਯੂਐੱਸ ਡਾਲਰ ਅਤੇ ਜਪਾਨੀ ਕਰੰਸੀ ਦੇ 1000 ਰੁਪਏ ਦਾ ਨੋਟ ਸਣੇ ਤਿੰਨ ਮੋਬਾਈਲ ਫੋਨ ਬਰਾਮਦ ਹੋਏ ਹਨ। ਬੀਐੱਸਐੱਫ ਨੇ ਮੁੱਢਲੀ ਪੁੱਛਗਿਛ ਮਗਰੋਂ ਇਨ੍ਹਾਂ ਨੂੰ ਸਥਾਨਕ ਪੁਲੀਸ ਦੇ ਹਵਾਲੇ ਕਰ ਦਿੱਤਾ।