ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਦਿਆਰਥੀਆਂ ਲਈ ਲਾਹੇਵੰਦ ਹੋਵੇਗਾ ਬੱਲੋਵਾਲ ਸੌਂਖੜੀ ਦਾ ਬੀਐੱਸਸੀ ਖੇਤੀਬਾੜੀ ਕਾਲਜ

07:54 AM Sep 02, 2024 IST

ਮਹਿੰਦਰ ਸਿੰਘ ‘ਦੋਸਾਂਝ’

Advertisement

ਜੰਗਲ ਵਿੱਚ ਮੰਗਲ ਲਾਉਣ ਵਾਲੀ ਪੰਜਾਬੀ ਦੀ ਕਹਾਵਤ ਦੇ ਸਾਧਾਰਨ ਅਰਥ ਉਜਾੜ ਅਤੇ ਸੁਨਸਾਨ ਥਾਂ ’ਤੇ ਰੌਣਕਾਂ ਲਾਉਣ ਦੇ ਰੂਪ ਵਿੱਚ ਨਿਕਲਦੇ ਹਨ ਪਰ ਜੇ ਕਿਤੇ ਜੰਗਲ ਵਿੱਚ ਕਲਿਆਣਕਾਰੀ ਵਿੱਦਿਆ ਦਾ ਮੰਗਲ ਲੱਗਾ ਹੋਵੇ ਤਾਂ ਸ਼ਲਾਘਾ ਦੇ ਨਾਲ-ਨਾਲ ਉਸ ਨੂੰ ਮਹੱਤਵ ਵੀ ਮਿਲਣਾ ਚਾਹੀਦਾ ਹੈ।
ਕਲਿਆਣਕਾਰੀ ਵਿੱਦਿਆ ਦਾ ਅਜਿਹਾ ਮੰਗਲ ਜ਼ਿਲ੍ਹਾ ਨਵਾਂਸ਼ਹਿਰ ਵਿੱਚ ਬਲਾਚੌਰ ਤੋਂ 18 ਕਿਲੋਮੀਟਰ ਦੂਰ ਸ਼ਿਵਾਲਿਕ ਦੇ ਪਹਾੜਾਂ ਦੇ ਪੈਰਾਂ ਵਿੱਚ ਕੰਢੀ ਦੇ ਪਛੜੇ ਅਤੇ ਜੰਗਲੀ ਖੇਤਰ ਵਿੱਚ ਬੱਲੋਵਾਲ ਸੌਂਖੜੀ ’ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵੱਲੋਂ ਇੱਕ ਵਿਸ਼ਾਲ ਅਤੇ ਖੂਬਸੂਰਤ ਬੀਐੱਸਸੀ ਖੇਤੀਬਾੜੀ ਕਾਲਜ ਸਥਾਪਤ ਕਰ ਕੇ ਲਾਇਆ ਗਿਆ ਹੈ।
ਇਸ ਪਛੜੇ ਇਲਾਕੇ ਦੇ ਦੋ ਪਾਸੇ ਬੇਟ ਦਾ ਇਲਾਕਾ ਹੈ ਅਤੇ ਤੀਜੇ ਪਾਸੇ ਸ਼ਿਵਾਲਿਕ ਦੀਆਂ ਪਹਾੜੀਆਂ ਹਨ। ਇੱਥੋਂ ਦੇ ਬਹੁਤੇ ਕਿਸਾਨ ਵਿੱਦਿਆ ਤੋਂ ਵਾਂਝੇ ਹਨ, ਪਰ ਭਵਿੱਖ ਵਿੱਚ ਸਫ਼ਲ ਖੇਤੀ ਲਈ ਵਿਦਿਅਕ ਜਾਗਰੂਕਤਾ ਬਹੁਤ ਜ਼ਰੂਰੀ ਹੈ। ਇਸ ਇਲਾਕੇ ਅੰਦਰ ਖੇਤੀਬਾੜੀ ਵਿਗਿਆਨ ਨਾਲ ਸਬੰਧਤ ਕੋਈ ਕਾਲਜ ਨਹੀਂ ਸੀ ਅਤੇ ਦਹਾਕਿਆਂ ਤੋਂ ਇਸ ਇਲਾਕੇ ਦੇ ਲੋਕ ਆਪਣੇ ਸੁਫ਼ਨਿਆਂ ਅਤੇ ਇਛਾਵਾਂ ਨੂੰ ਲੈ ਕੇ ਸੋਚ ਰਹੇ ਸਨ ਕਿ ਕਾਸ਼! ਉਨ੍ਹਾਂ ਦੇ ਇਲਾਕੇ ਵਿੱਚ ਵੀ ਕੋਈ ਖੇਤੀਬਾੜੀ ਕਾਲਜ ਹੋਵੇ ਜਿੱਥੇ ਮੁੰਡੇ-ਕੁੜੀਆਂ ਆਪਣੇ ਘਰਾਂ ਦੇ ਨੇੜੇ ਹੀ ਖੇਤੀਬਾੜੀ ਵਿੱਚ ਬੀਐੱਸਸੀ ਕਰ ਸਕਣ।
ਇਸ ‘ਹਨੇਰੇ’ ਇਲਾਕੇ ਵਿੱਚ ਵਿੱਦਿਆ ਦਾ ਖੂਬਸੂਰਤ ਅਤੇ ਕਲਿਆਣਕਾਰੀ ਦੀਵਾ ਜਗਾਉਣ ਦਾ ਕੰਮ ਪੰਜਾਬ ਸਰਕਾਰ, ਪੀਏਯੂ ਦੇ ਸਾਬਕਾ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ, ਮੌਜੂਦਾ ਉਪ ਕੁਲਪਤੀ ਡਾ. ਸਸ ਗੋਸਲ, ਆਈਸੀਏਆਰ ਦੇ ਮਹਾਂ-ਨਿਰੇਦਸ਼ਕ ਡਾ. ਮਹਾਂਪਾਤਰਾ ਅਤੇ ਨੀਤੀ ਆਯੋਗ ਦੇ ਸੀਨੀਅਰ ਮੈਂਬਰ ਡਾ. ਰਮੇਸ਼ ਚੰਦਰ ਆਦਿ ਦੇ ਯਤਨਾਂ ਨਾਲ ਸੰਭਵ ਹੋ ਸਕਿਆ ਹੈ। ਹਾਲਾਂਕਿ ਪਹਿਲਾਂ ਵੀ ਇੱਥੇ ਸਾਲ 2018 ਤੋਂ 2022 ਤੱਕ ਖੇਤੀਬਾੜੀ ਦੇ ਦੋ-ਦੋ ਸਾਲ ਦੇ ਡਿਪਲੋਮਾ ਕੋਰਸ ਚੱਲ ਰਹੇ ਸਨ।
ਇਸ ਦੇ ਨਾਲ-ਨਾਲ ਬੱਲੋਵਾਲ ਸੌਂਖੜੀ ਵਿੱਚ ਸਾਲ 1982 ਤੋਂ ਪੀਏਯੂ ਵੱਲੋਂ ਬਰਾਨੀ ਖੇਤੀ ਦੀ ਖੋਜ ਵਾਸਤੇ ਮੁਹਾਲੀ ਤੋਂ ਲੈ ਕੇ ਪਠਾਨਕੋਟ ਤੱਕ ਖੇਤਰੀ ਖੋਜ ਕੇਂਦਰ ਸ਼ਾਨਦਾਰ ਕੰਮ ਕਰ ਰਿਹਾ ਹੈ ਅਤੇ ਇਸ ਕੇਂਦਰ ਦੇ ਮੌਜੂਦਾ ਨਿਰਦੇਸ਼ਕ ਡਾ. ਮਨਮੋਹਨਜੀਤ ਸਣੇ ਸਮੇਂ-ਸਮੇਂ ’ਤੋਂ ਆਏ ਸਾਰੇ ਨਿਰਦੇਸ਼ਕ ਕਾਬਲ ਖੇਤੀ ਵਿਗਿਆਨੀਆਂ ਦੀ ਹੈਸੀਅਤ ਵਿੱਚ ਕੰਮ ਕਰਦੇ ਰਹੇ ਹਨ।
ਪਹਿਲਾਂ ਤੋਂ ਸਥਾਪਿਤ ਇਸ ਖੇਤਰੀ ਖੋਜ ਕੇਂਦਰ ਦਾ ਸਾਰਾ ਢਾਂਚਾ ਬੀਐੱਸਸੀ ਕਾਲਜ ਦੇ ਵਿਕਾਸ ਅਤੇ ਸੰਚਾਲਨ ਵਿੱਚ ਸਹਾਈ ਹੋਵੇਗਾ।
ਬੀਐੱਸਸੀ ਕਾਲਜ ਦੀ ਸਥਾਪਨਾ ਲਈ ਕਾਰਵਾਈ ਸਾਲ 2019 ਵਿੱਚ ਸ਼ੁਰੂ ਹੋਈ ਅਤੇ ਸਾਲ 2021 ਵਿੱਚ ਪੰਜਾਬ ਸਰਕਾਰ ਨੇ ਇਸ ਕਾਲਜ ਦੀ ਸਥਾਪਨਾ ਲਈ ਪ੍ਰਵਾਨਗੀ ਦਿੱਤੀ ਅਤੇ ਕਾਲਜ ਦੀ ਉਸਾਰੀ ਲਈ ਫੰਡ ਦੀ ਪਹਿਲੀ ਕਿਸ਼ਤ ਵੀ ਜਾਰੀ ਕੀਤੀ ਸੀ।
ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਾਲਜ ਦਾ ਨੀਂਹ ਪੱਥਰ ਰੱਖਿਆ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਲਜ ਦੀ ਮੁੱਖ ਇਮਾਰਤ ਪੂਰੀ ਹੋਣ ’ਤੇ 16 ਮਾਰਚ 2024 ਨੂੰ ਇਸ ਦਾ ਉਦਘਾਟਨ ਕੀਤਾ।
ਕਾਲਜ ਦੀ ਖੂਬਸੂਰਤ, ਵਿਸ਼ਾਲ ਤੇ ਵਿਲੱਖਣ ਸਲੀਕੇ ਨਾਲ ਬਣੀ ਇਮਾਰਤ ਅਤੇ ਇੱਥੇ ਚੱਲ ਰਹੀਆਂ ਵਿਲੱਖਣ ਤੇ ਸ਼ਾਨਦਾਰ ਵਿਦਿਅਕ ਸਰਗਰਮੀਆਂ ਦੇਖ ਕੇ ਅਕਸਰ ਸ਼ਹਿਰਾਂ ਦੇ ਕਾਲਜ ਭੁੱਲ ਜਾਂਦੇ ਹਨ।
ਪੰਜਾਬ ਸਰਕਾਰ ਵੱਲੋਂ ਜਿੱਥੇ ਕਾਲਜ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਾਸਤੇ ਲੋੜੀਂਦੇ ਫੰਡ ਦਿੱਤੇ ਗਏ ਹਨ, ਉੱਥੇ ਕਾਲਜ ਦੇ ਅਕਾਦਮਿਕ ਢਾਂਚੇ ਨੂੰ ਹੋਰ ਸਮਰੱਥਾ ਬਖਸ਼ਣ ਵਾਸਤੇ 25 ਟੀਚਿੰਗ ਅਤੇ 50 ਨਾਨ-ਟੀਚਿੰਗ ਅਸਾਮੀਆਂ ਨੂੰ ਮਨਜ਼ੂਰੀ ਦਿੱਤੇ ਜਾਣ ਦੀਆਂ ਕਾਰਵਾਈਆਂ ਸ਼ੁਰੂ ਹੋ ਗਈਆਂ ਹਨ, ਜਿਨ੍ਹਾਂ ਰਾਹੀਂ ਮੌਜੂਦਾ ਸਮੇਂ ਵਿੱਚ 14 ਅਧਿਆਪਨ ਸਹਾਇਕ ਅਤੇ 12 ਵਿਗਿਆਨੀ ਵੀ ਸ਼ਾਮਲ ਹਨ।
ਕਾਲਜ ਵਿੱਚ ਲੜਕੀਆਂ ਦੇ ਹੋਸਟਲ ਦਾ ਪਹਿਲਾ ਸ਼ਾਨਦਾਰ ਵਿੰਗ ਬਣ ਗਿਆ ਹੈ ਅਤੇ ਲੜਕਿਆਂ ਦੇ ਹੋਸਟਲ ਦੀ ਸ਼ੁਰੂਆਤ ਹੋ ਰਹੀ ਹੈ। ਇਹ ਕਾਲਜ ਪੀਏਯੂ ਦੇ ਛੇ ਕਾਂਸਟੀਚੁਐਂਟ ਕਾਲਜਾਂ ਵਿੱਚੋਂ ਪਹਿਲਾ ਕਾਲਜ ਹੈ ਜੋ ਸਮੁੱਚੀ ਯੂਨੀਵਰਸਿਟੀ ਦੇ ਕੈਂਪਸ ਤੋਂ ਬਾਹਰ ਹੈ।
ਇਸ ਕਾਲਜ ਵਿੱਚ ਬੀਐੱਸਸੀ ਖੇਤੀਬਾੜੀ (ਆਨਰਜ਼) ਦਾ ਚਾਰ ਸਾਲਾ ਡਿਗਰੀ ਪ੍ਰੋਗਰਾਮ ਚੱਲ ਰਿਹਾ ਹੈ, ਖੇਤੀਬਾੜੀ ਵਿੱਚ ਗ੍ਰੈਜੂਏਟ ਵਿਦਿਆਰਥੀਆਂ ਲਈ ਬੈਕਿੰਗ ਸੈਕਟਰ, ਬੀਜ ਉਤਪਾਦਕ ਕੰਪਨੀਆਂ, ਖੇਤੀ ਰਸਾਇਣਕ ਉਦਯੋਗ, ਫੂਡ ਪ੍ਰਾਸੈਸਿੰਗ ਉਦਯੋਗ, ਬਾਇਓਤਕਨਾਲੋਜੀਕਲ ਪ੍ਰਯੋਗਸ਼ਾਲਾਵਾਂ ਆਦਿ ਵਿੱਚ ਨੌਕਰੀਆਂ ਦੇ ਮੌਕੇ ਮੌਜੂਦ ਰਹਿਣਗੇ।
ਇਸ ਦੇ ਨਾਲ-ਨਾਲ ਹੀ ਖੇਤੀਬਾੜੀ ਵਿੱਚ ਗ੍ਰੈਜੂਏਸ਼ਨ, ਬਾਗ਼ਬਾਨੀ, ਭੂਮੀ ਅਤੇ ਜਲ-ਸੰਭਾਲ ਵਿਭਾਗ, ਮਾਰਕਫੈੱਡ, ਇਫਕੋ, ਕ੍ਰਿਭਕੋ, ਸਜੈਂਟਾ, ਯੂਪੀਐੱਲ ਵਰਗੀਆਂ ਹੋਰ ਅਨੇਕਾਂ ਸੰਸਥਾਵਾਂ ਅਤੇ ਕੰਪਨੀਆਂ ਵਿੱਚ ਵੀ ਖੇਤੀ ਵਿਕਾਸ ਅਫ਼ਸਰਾਂ ਅਤੇ ਭੂਮੀ ਤੇ ਪਾਣੀ ਸੰਭਾਲ ਅਫ਼ਸਰਾਂ ਦੀ ਹੈਸੀਅਤ ਵਿੱਚ ਇਸ ਕਾਲਜ ਵਿੱਚੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਿਦਿਆਰਥੀ ਨੌਕਰੀ ਕਰ ਸਕਦੇ ਹਨ। ਵਿਦਿਆਰਥੀ ਸਫ਼ਲ ਉੱਦਮੀ ਬਣ ਸਕਦੇ ਹਨ ਅਤੇ ਅਕਾਦਮਿਕ ਖੇਤਰ ਵਿੱਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਉੱਚ ਸਿੱਖਿਆ ਜਿਵੇਂ ਐੱਮਐੱਸਸੀ ਅਤੇ ਪੀਐੱਚਡੀ ਲਈ ਦਾਖ਼ਲੇ ਲੈਣ ਵਾਸਤੇ ਵਿਦੇਸ਼ਾਂ ਵਿੱਚ ਜਾ ਸਕਦੇ ਹਨ, ਜਿਹੜੇ ਵਿਦਿਆਰਥੀਆਂ ਦੇ ਪਰਿਵਾਰ ਖੇਤੀ ਕਰਦੇ ਹਨ, ਉਹ ਆਪਣੀ ਖੇਤੀ ਨੂੰ ਵੀ ਨਵੀਂ ਗਤੀ ਅਤੇ ਦਿਸ਼ਾ ਦੇਣ ਵਿੱਚ ਸਫ਼ਲ ਹੋ ਸਕਦੇ ਹਨ।
ਇਸ ਸਮੇਂ ਬੱਲੋਵਾਲ ਸੌਂਖੜੀ ਕਾਲਜ ਵਿੱਚ ਤਿੰਨ ਬੈਚ ਚੱਲ ਰਹੇ ਹਨ ਅਤੇ ਚੌਥੇ ਬੈਚ ਦਾ ਦਾਖ਼ਲਾ ਵੀ ਮੁਕੰਮਲ ਹੋਣ ਦੇ ਕਰੀਬ ਹੈ। ਅਗਲੇ ਸਾਲ ਇਸ ਕਾਲਜ ਦੀ ਪਹਿਲੀ ਕਲਾਸ ਡਿਗਰੀ ਪੂਰੀ ਕਰ ਕੇ ਇੱਥੋਂ ਵਿਦਾ ਹੋਵੇਗੀ। ਇਸ ਕਾਲਜ ਲਈ 120 ਸੀਟਾਂ ਮਨਜ਼ੂਰ ਕੀਤੀਆਂ ਗਈਆਂ ਹਨ ਪਰ ਅਜੇ ਹੋਸਟਲ ਪੂਰੀ ਤਰ੍ਹਾਂ ਮੁਕੰਮਲ ਨਾ ਹੋਣ ਕਰ ਕੇ ਹਰ ਸਾਲ ਕੇਵਲ 60 ਸੀਟਾਂ ਲਈ ਹੀ ਦਾਖ਼ਲੇ ਦਿੱਤੇ ਜਾ ਰਹੇ ਹਨ। ਡਾਕਟਰ ਮਨਮੋਹਨਜੀਤ ਜੋ ਅੱਠ ਸਾਲ ਲਗਾਤਾਰ ਬੱਲੋਵਾਲ ਸੌਂਖੜੀ ਵਿੱਚ ਸਥਿਤ ਖੇਤਰੀ ਖੋਜ ਕੇਂਦਰ ਦੇ ਨਿਰਦੇਸ਼ਕ ਰਹੇ ਹਨ, ਅਤੇ ਇਸ ਕੇਂਦਰ ਲਈ ਕੰਮ ਕਰਦੇ ਰਹੇ ਹਨ, ਨੂੰ ਪੀਏਯੂ ਦੇ ਉਪ ਕੁਲਪਤੀ ਡਾ. ਗੋਸਲ ਨੇ ਬੀਐੱਸਸੀ ਕਾਲਜ ਦਾ ਡੀਨ ਨਿਯੁਕਤ ਕੀਤਾ ਹੈ।
ਵਿਲੱਖਣ ਅਤੇ ਲੋੜੀਂਦੇ ਸਥਾਨ ’ਤੇ ਸਥਾਪਿਤ ਕੀਤਾ ਗਿਆ ਇਹ ਕਾਲਜ ਕੰਢੀ ਸ਼ਿਵਾਲਿਕ ਜ਼ੋਨ ਦੇ ਪਛੜੇ ਪਰਿਵਾਰਾਂ ਦੇ ਬੱਚਿਆਂ ਲਈ ਵਰਦਾਨ ਸਾਬਤ ਹੋ ਸਕਦਾ ਹੈ। ਇਸ ਕਾਲਜ ਵਿੱਚ ਚਾਰ ਸਾਲਾ ਖੇਤੀਬਾੜੀ ਡਿਗਰੀ ਕੋਰਸ ਲਈ ਸਾਇੰਸ ਨਾਲ 10 2 ਪਾਸ ਵਿਦਿਆਰਥੀ ਪੀਏਯੂ ਵੱਲੋਂ ਕਰਵਾਏ ਜਾਂਦੇ ਦਾਖ਼ਲਾ ਇਮਤਿਹਾਨ ਬੀਐਸਈਟੀ ਦੇ ਕੇ ਦਾਖ਼ਲਾ ਲੈ ਸਕਦੇ ਹਨ।
ਕਾਲਜ ਵਿੱਚ ਵਿਦਿਆਰਥੀਆਂ ਨੂੰ ਖੇਤੀਬਾੜੀ ਦੀ ਸਿਖਲਾਈ ਲਈ ਖੇਤ, ਬਾਗ਼ ਤੇ ਜੰਗਲਾਤ ਬੂਟਿਆਂ ਅਤੇ ਫ਼ਸਲਾਂ ਦਾ ਵੱਡਾ ਰਕਬਾ ਹੈ। ਫਲਦਾਰ ਬੂਟਿਆਂ ਦੀ ਨਰਸਰੀ, ਹਰਬਲ ਗਾਰਡਨ, ਮੌਸਮੀ ਪ੍ਰਯੋਗਸ਼ਾਲਾ, ਵਿਸ਼ਾਲ ਲਾਇਬ੍ਰੇਰੀ ਅਤੇ ਸਮਾਰਟ ਕਲਾਸ ਰੂਮ ਮੌਜੂਦ ਹਨ।
ਇਸ ਕਾਲਜ ਦੇ ਵਿਦਿਆਰਥੀਆਂ ਨੇ ਖੇਡਾਂ ਅਤੇ ਸੱਭਿਆਚਾਰਕ ਸਰਗਰਮੀਆਂ ਵਿੱਚ ਵੀ ਚੰਗਾ ਨਾਮਣਾ ਖੱਟਿਆ ਹੈ। ਇਸ ਕਰ ਕੇ ਇਸ ਇਲਾਕੇ ਦੇ ਨਾਮਵਰ ਖੇਤੀ ਵਿਗਿਆਨੀ ਡਾ. ਦੇਵਰਾਜ ਭੁੰਬਲਾ ਦੇ ਪਰਿਵਾਰ ਨੇ ਕਾਲਜ ਲਈ 60 ਲੱਖ ਰੁਪਏ ਦਿੱਤੇ ਹਨ। ਇਸ ਨਾਲ ਹਰ ਸਾਲ ਚਾਰ ਵਿਦਿਆਰਥੀਆਂ ਨੂੰ 6000 ਰੁਪਏ ਪ੍ਰਤੀ ਮਹੀਨਾ ਵਜੀਫ਼ਾ ਦਿੱਤਾ ਜਾ ਰਿਹਾ ਹੈ।
ਇੱਥੇ ਆ ਕੇ ਸਾਫ਼-ਸੁਥਰੇ ਕਲਾਸ ਰੂਮ, ਦਫ਼ਤਰ ਅਤੇ ਫੁੱਲਾਂ ਤੇ ਬੂਟਿਆਂ ਨਾਲ ਸਜੀ ਲੈਂਡਸਕੇਪ ਦੀ ਵਿਉਂਤਬੰਦੀ ਦਾ ਉੱਤਮ ਨਮੂਨਾ ਦੇਖ ਕੇ ਰੂਹ ਖ਼ੁਸ਼ ਅਤੇ ਨਿਹਾਲ ਹੋ ਜਾਂਦੀ ਹੈ। ਕਾਲਜ ਦੇ ਡੀਨ ਦਾ ਵਿਸ਼ਾਲ ਤੇ ਖੂਬਸੂਰਤ ਦਫ਼ਤਰ ਸ਼ਾਇਦ ਹੀ ਕਿਸੇ ਯੂਨੀਵਰਸਿਟੀ ਦੇ ਉਪ ਕੁਲਪਤੀ ਦੇ ਦਫ਼ਤਰ ਤੋਂ ਘੱਟ ਹੋਵੇ।
ਇੱਥੋਂ ਦੀਆਂ ਕਨਟੀਨਾਂ ਵਿੱਚ ਸਾਫ਼-ਸੁਥਰਾ ਖਾਣਾ, ਸੁਰੱਖਿਆ ਦਾ ਅਤੇ ਬੱਸਾਂ ਗੱਡੀਆਂ ਦਾ ਸ਼ਾਨਦਾਰ ਪ੍ਰਬੰਧ, ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਹੈ।
ਭਰਪੂਰ ਹਰਿਆਲੀ ਨਾਲ ਜੁੜਿਆ ਇੱਥੋਂ ਦਾ ਖੂਬਸੂਰਤ ਤੇ ਸੁਖਾਵਾਂ ਮਾਹੌਲ ਇੱਕ ਵਿਲੱਖਣ ਆਨੰਦ ਬਖ਼ਸ਼ਦਾ ਹੈ। ਰਾਤ ਦੀ ਸਾਫ਼ ਹਵਾ ਵਿੱਚ ਸਾਂਭਰਾਂ, ਹਿਰਨਾਂ, ਜੰਗਲੀ ਸੂਰਾਂ, ਗੋਂਦਾ ਅਤੇ ਮੋਰਾਂ ਦੀਆਂ ਆਵਾਜ਼ਾਂ ਦਾ ਮਧੁਰ ਰਸ ਰਲਿਆ ਰਹਿੰਦਾ ਹੈ। ਇਹ ਵੀ ਆਸ ਰੱਖੀ ਜਾ ਸਕਦੀ ਹੈ ਕਿ ਇਹ ਕਾਲਜ ਅੱਗੇ ਜਾ ਕੇ ਵਿੱਦਿਆ ਦੇ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰੇਗਾ।
ਸੰਪਰਕ: 94632-33991

Advertisement
Advertisement