For the best experience, open
https://m.punjabitribuneonline.com
on your mobile browser.
Advertisement

ਪਛਤਾਵਾ

07:55 AM Sep 02, 2024 IST
ਪਛਤਾਵਾ
Advertisement

ਜਗਦੀਸ਼ ਕੌਰ ਮਾਨ

ਜ਼ਿੰਦਗੀ ਵਿੱਚ ਹਰ ਕਿਸੇ ਨਾਲ ਹਰ ਰੋਜ਼ ਕੋਈ ਨਾ ਕੋਈ ਵਿਸ਼ੇਸ਼ ਜਾਂ ਆਮ ਘਟਨਾ ਵਾਪਰਦੀ ਹੀ ਰਹਿੰਦੀ ਹੈ। ਕਈ ਘਟਨਾਵਾਂ ਨੂੰ ਬੰਦੇ ਨੂੰ ਭੁੱਲ-ਭੁਲਾ ਜਾਂਦੀਆਂ ਹਨ ਪਰ ਕਈ ਸੰਵੇਦਨਸ਼ੀਲ ਘਟਨਾਵਾਂ ਨੂੰ ਮਨ ਯਾਦਾਂ ਦੀ ਪਟਾਰੀ ਸਾਂਭ ਕੇ ਰੱਖ ਲੈਂਦਾ ਹੈ। ਪੂਰੀ ਵਾਹ ਲਾਉਣ ਦੇ ਬਾਵਜੂਦ ਫਿਰ ਉਹ ਘਟਨਾਵਾਂ ਜ਼ਿੰਦਗੀ ਭਰ ਸਾਡੇ ਚੇਤਿਆਂ ਵਿਚੋਂ ਨਹੀਂ ਨਿਕਲਦੀਆਂ ਸਗੋਂ ਬਹੁਤੀ ਵਾਰ ਜ਼ਿੰਦਗੀ ਭਰ ਦੇ ਪਛਤਾਵੇ ਦਾ ਕਾਰਨ ਬਣ ਜਾਂਦੀਆਂ ਹਨ।
ਗੱਲ ਕਾਫੀ ਪੁਰਾਣੀ ਹੈ। ਮੈਂ ਸਿਹਤ ਪੱਖੋਂ ਅਸਹਿਜ ਮਹਿਸੂਸ ਕਰ ਰਹੀ ਸਾਂ। ਲਗਾਤਾਰ ਚੱਕਰ ਆ ਰਹੇ ਸਨ। ਮੈਂ ਆਪਣੇ ਫੈਮਿਲੀ ਡਾਕਟਰ ਤੋਂ ਦਵਾਈ ਲੈਣ ਲਈ ਉਸ ਦੇ ਕਲੀਨਿਕ ਗਈ ਸਾਂ। ਸ਼ਹਿਰ ਨੂੰ ਜਾਂਦੀ ਸੜਕ ਦੇ ਉਪਰ ਹੀ ਉਸ ਡਾਕਟਰ ਦਾ ਕਲੀਨਿਕ ਸੀ ਤੇ ਅੰਦਰਲੇ ਪਾਸੇ ਘਰ ਦਾ ਵੱਡਾ ਸਾਰਾ ਵਿਹੜਾ ਲੰਘ ਕੇ ਉਸ ਦੇ ਪਰਿਵਾਰ ਦੀ ਰਿਹਾਇਸ਼ ਸੀ। ਡਾਕਟਰ ਕਾਫੀ ਸਿਆਣਾ ਤੇ ਤਜਰਬੇਕਾਰ ਸੀ। ਬੁੜ੍ਹੀਆਂ ਦੇ ਕਹਿਣ ਵਾਂਗੂੰ ਉਹ ਤਾਂ ਨਬਜ਼ ਟੋਹ ਕੇ ਹੀ ਸਾਰਾ ਰੋਗ ਬੁਝ ਲੈਂਦਾ ਸੀ। ਬੱਸ ਉਸ ਵਿੱਚ ਇਕੋ ਵੱਡਾ ਨੁਕਸ ਸੀ ਕਿ ਉਹ ਆਰਾਮਪ੍ਰਸਤ ਬਹੁਤ ਸੀ। ਉਠਦਾ ਬਹੁਤ ਲੇਟ ਸੀ। ਰਾਤ ਦਾ ਸੁੱਤਾ ਸਵੇਰੇ ਜਾਗਣ ਨੂੰ ਬਾਰਾਂ ਵਜਾ ਦਿੰਦਾ। ਸ਼ਾਇਦ ਇਸਦੀ ਵਜ੍ਹਾ ਦੇਰ ਰਾਤ ਦਿਖਾਈਆਂ ਜਾਣ ਵਾਲੀਆਂ ਫ਼ਿਲਮਾਂ ਹੋਣ। ਦਵਾਈ ਲੈਣ ਆਏ ਮਰੀਜ਼ਾਂ ਨੂੰ ਕਾਫੀ ਸਮਾਂ ਬੈਠ ਕੇ ਉਸ ਦੀ ਉਡੀਕ ਕਰਨੀ ਪੈਂਦੀ। ਉਸ ਦਾ ਕਲੀਨਿਕ ਕੰਪਾਊਂਡਰਾਂ ਦੇ ਆਸਰੇ ਚੱਲ ਰਿਹਾ ਸੀ ਤੇ ਮਨਮਾਨੀਆਂ ਕਰਦੇ ਹੋਏ ਉਹ ਅਕਸਰ ਹੀ ਮਰੀਜ਼ਾਂ ’ਤੇ ਜ਼ੋਰ ਪਾਉਂਦੇ ਕਿ ਮਰਜ਼ ਉਨ੍ਹਾਂ ਨੂੰ ਹੀ ਦੱਸ ਦਿੱਤੀ ਜਾਵੇ, ਉਨ੍ਹਾਂ ਨੇ ਵੀ ਉਹੀ ਦਵਾਈ ਦੇਣੀ ਹੈ ਜਿਹੜੀ ਡਾਕਟਰ ਨੇ ਲਿਖ ਕੇ ਮੈਡੀਕਲ ਸਟੋਰ ਤੋਂ ਖਰੀਦਣ ਲਈ ਕਹਿਣਾ ਹੈ। ਜਿਹੜੇ ਮੇਰੇ ਵਰਗੇ ਮਰੀਜ਼ ਡਾਕਟਰ ਤੋਂ ਚੈੱਕਅੱਪ ਕਰਵਾਉਣ ਲਈ ਅੜ ਜਾਂਦੇ ਉਨ੍ਹਾਂ ਨੂੰ ਉਹ ਜ਼ਿੱਦ ਨਾਲ ਕਿੰਨਾ ਕਿੰਨਾ ਚਿਰ ਬਿਠਾਈ ਰੱਖਦੇ ਤੇ ਆਪਣੀ ਮਰਜ਼ੀ ਨਾਲ ਹੀ ਡਾਕਟਰ ਨੂੰ ਘਰੋਂ ਬੁਲਾ ਕੇ ਲਿਆਉਂਦੇ। ਫੋਨ ਕਰਕੇ ਬੁਲਾਉਣ ਦੀ ਉਨ੍ਹਾਂ ਨੂੰ ਇਜਾਜ਼ਤ ਨਹੀਂ ਸੀ।
ਉਸ ਦਿਨ ਵੀ ਮੈਨੂੰ ਬੈਠੀ ਨੂੰ ਕਾਫੀ ਦੇਰ ਹੋ ਗਈ ਸੀ ਪਰ ਅਜੇ ਤੱਕ ਕੋਈ ਵੀ ਭਲਾਮਾਣਸ ਬੰਦਾ ਡਾਕਟਰ ਨੂੰ ਬੁਲਾਉਣ ਨਹੀਂ ਸੀ ਗਿਆ। ਇੰਨੇ ਨੂੰ ਉਥੇ ਇਕ ਮਰੀਜ਼ ਆਇਆ ਜੋ ਕਿ ਹੁਲੀਏ ਤੋਂ ਬਹੁਤਾ ਹੀ ਵਿਚਾਰਾ ਜਿਹਾ ਲੱਗਦਾ ਸੀ।
ਉਸ ਨੇ ਅਤਿ ਮੈਲਾ ਤੇ ਪੁਰਾਣਾ ਕੁੜਤਾ ਪਜਾਮਾ ਪਹਿਨਿਆ ਹੋਇਆ ਸੀ। ਪੈਰੀਂ ਘਸੀਆਂ ਹੋਈਆਂ ਚੱਪਲਾਂ, ਸਿਰ ’ਤੇ ਮੈਲ ਨਾਲ ਭਰਿਆ ਹੋਇਆ ਅੱਧੋਰਾਣਾ ਜਿਹਾ ਸਾਫ਼ਾ ਬੰਨਿਆ ਹੋਇਆ ਸੀ। ਸਾਰੇ ਕੰਪਾਊਡਰਾਂ ਨੇ ਉਸ ਨੂੰ ਦੇਖਦੇ ਸਾਰ ਨੱਕ ਬੁੱਲ੍ਹ ਚੜ੍ਹਾਏ ਜਿਵੇਂ ਉਹ ਬੰਦਾ ਨਾ ਹੋ ਕੇ ਕੋਈ ਡਰਾਉਣਾ ਜਾਨਵਰ ਉਥੇ ਆ ਵੜਿਆ ਹੋਵੇ ਫਿਰ ਉਨ੍ਹਾਂ ਵਿਚੋਂ ਜਿਹੜਾ ਕੁੰਜੀ ਮੁਖਤਿਆਰ ਬਣਾਇਆ ਹੋਇਆ ਸੀ ਬੋਲਿਆ,‘‘ ਹਾਂ! ਕੀ ਤਕਲੀਫ ਐ?’’ ਉਸ ਦੇ ਪੁੱਛਣ ਦਾ ਲਹਿਜਾ ਬਿਲਕੁਲ ਹੀ ਹਮਦਰਦੀ ਤੋਂ ਸੱਖਣਾ ਸੀ । ‘‘ਜੀ ਡਾਕਟਰ ਸਾਹਿਬ! ਮੈਨੂੰ ਜੀ ! ਤੇਜ਼ ਬੁਖਾਰ ਹੈ, ਪਿੰਡਾ ਭੱਠ ਵਾਂਗੂੰ ਤਪੀ ਜਾਂਦੈ, ਮੈਨੂੰ ਜੀ! ਕੋਈ ਟੀਕਾ ਟੱਲਾ ਲਾ ਦੇਵੋ, ਜਾਂ ਫਿਰ ਇਕ ਅੱਧੀ ਗੋਲੀ ਹੀ ਦੇ ਦਿਉ, ਮੈਂ ਜੀ! ਬਹੁਤ ਔਖਾ ਵਾਂ, ਮੈਥੋਂ ਤਾਂ ਖੜਿਆ ਵੀ ਨ੍ਹੀਂ ਜਾਂਦਾ।’’ ਬੁਰੀ ਤਰ੍ਹਾਂ ਕੰਬਦਿਆਂ ਹੋਇਆਂ ਉਸ ਨੇ ਹੱਥ ਜੋੜ ਕੇ ਬੇਨਤੀ ਕੀਤੀ।
‘‘ਪੈਸੇ ਹੈ ਗੇ ਐ ਤੇਰੇ ਕੋਲ ਦਵਾਈ ਲੈਣ ਜੋਗੇ?’’ ਦੂਜੇ ਪਾਸੇ ਦੀ ਧਿਰ ਦਾ ਰਵੱਈਆ ਸਾਰੇ ਹਾਲਾਤ ਜਾਣਨ ਦੇ ਬਾਵਜੂਦ ਪੱਥਰ ਦੀ ਚਟਾਨ ਵਾਂਗ ਸਖ਼ਤ ਸੀ।
‘‘ਨਹੀਂ ਜੀ! ਮੈਂ ਤਾਂ ਅੱਜ ਬੁਖਾਰ ਕਰਕੇ ਕੋਈ ਸਵਾਰੀ ਵੀ ਨ੍ਹੀਂ ਚੁੱਕ ਸਕਿਆ , ਪੈਸੇ ਤਾਂ ਮੇਰੇ ਕੋਲ ਨਹੀਂ ਹਨ, ਕੋਈ ਨਾ ਜੀ! ਪੈਸੇ ਮੈਂ ਫੇਰ ਦੇ ਦਿਆਂਗਾ, ਤੁਸੀਂ ਮੈਨੂੰ ਦਵਾਈ ਦੇ ਦਿਉ।’’ ਉਸ ਨੇ ਦੁਬਾਰਾ ਹੱਥ ਜੋੜਦਿਆਂ ਕਿਹਾ।
‘‘ਨਾ ਫੇਰ ਤੂੰ ਪਿਉ ਦਾ ਹਸਪਤਾਲ ਸਮਝ ਕੇ ਆ ਗਿਉਂ ਇਥੇ। ਬਿਨਾਂ ਪੈਸਿਆਂ ਤੋਂ ? ਤੁਰ ਆਉਂਦੇ ਨੇ ਮੂੰਹ ਚੁੱਕ ਕੇ, ਚੱਲ ਨਿਕਲ ਇਥੋਂ ਬਾਹਰ।’’ ਤੇ ਉਹ ਧੱਕੇ ਮਾਰ ਕੇ ਉਸ ਵਿਚਾਰੇ ਰਿਕਸ਼ਾ ਚਾਲਕ ਨੂੰ ਬਾਹਰ ਕੱਢ ਆਇਆ। ਮੈਂ ਸਾਹਮਣੇ ਬੈਠੀ ਸਾਰਾ ਘਟਨਾਕ੍ਰਮ ਬੇਅਕਲਾਂ ਵਾਂਗ ਚੁੱਪਚਾਪ ਵੇਖਦੀ ਰਹੀ। ਮੈਨੂੰ ਏਨਾ ਵੀ ਨਾ ਸੁਝਿਆ ਕਿ ਮੈਂ ਉਸ ਗਰੀਬ ਕਿਰਤੀ ਨੂੰ ਆਪਣੇ ਪੱਲਿਉਂ ਪੈਸੇ ਖ਼ਰਚ ਕੇ ਦਵਾਈ ਦਿਵਾ ਦਿਆਂ।
ਇਹ ਘਟਨਾ ਹੁਣ ਮੇਰੇ ਲਈ ਜ਼ਿੰਦਗੀ ਭਰ ਦਾ ਪਛਤਾਵਾ ਬਣ ਕੇ ਰਹਿ ਗਈ ਹੈ ਤੇ ਮੇਰਾ ਕਿਸੇ ਵੇਲੇ ਵੀ ਖਹਿੜਾ ਨਹੀਂ ਛੱਡਦੀ । ਸੋਚਦੀ ਰਹਿੰਦੀ ਹਾਂ ਉਸ ਵਿਚਾਰੇ ਰਿਕਸ਼ਾ ਚਾਲਕ ਨਾਲ ਖੌਰੇ ਕੀ ਬਣੀ ਹੋਵੇਗੀ! ਹੋਰ ਨਾ ਕਿਤੇ ਦਵਾਈ ਖੁਣੋਂ .....? ਪਰ ਖੁੰਝ ਗਿਆ ਵੇਲਾ ਮੁੜ ਕੇ ਕਦੋਂ ਹੱਥ ਆਉਂਦਾ ਏ!
ਸੰਪਰਕ: 78146-98117

Advertisement

Advertisement
Author Image

Advertisement