For the best experience, open
https://m.punjabitribuneonline.com
on your mobile browser.
Advertisement

ਬੱਸ ਸਟੈਂਡ ਦੇ ਸ਼ੈੱਡ ਵਿੱਚ ਰਹਿੰਦੀ ਮਹਿਲਾ ਦਾ ਬੇਰਹਿਮੀ ਨਾਲ ਕਤਲ

06:55 AM Oct 13, 2024 IST
ਬੱਸ ਸਟੈਂਡ ਦੇ ਸ਼ੈੱਡ ਵਿੱਚ ਰਹਿੰਦੀ ਮਹਿਲਾ ਦਾ ਬੇਰਹਿਮੀ ਨਾਲ ਕਤਲ
ਘਟਨਾ ਸਥਾਨ ਤੋਂ ਨਮੂਨੇ ਲੈਂਦੇ ਹੋਏ ਪੁਲੀਸ ਅਤੇ ਫੋਰੈਂਸਿਕ ਮਾਹਿਰ ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 12 ਅਕਤੂਬਰ
ਇੱਥੇ ਕੌਮੀ ਮਾਰਗ ’ਤੇ ਸਥਿਤ ਬਨੂੜ ਦੇ ਬੱਸ ਸਟੈਂਡ ਦੇ ਸ਼ੈੱਡ ਵਿੱਚ ਰਹਿੰਦੀ ਇੱਕ 50 ਸਾਲਾ ਮਹਿਲਾ ਦਾ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਸ ਵੇਲੇ ਮਹਿਲਾ ਦਾ ਪਤੀ ਕਿਤੇ ਗਿਆ ਹੋਇਆ ਸੀ। ਮਹਿਲਾ ਦੇ ਗਲੇ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਹਨ। ਮ੍ਰਿਤਕਾ ਦੀ ਪਛਾਣ ਸੁਨੀਤਾ ਰਾਣੀ ਵਜੋਂ ਹੋਈ ਹੈ।

Advertisement

ਮ੍ਰਿਤਕਾ ਸੁਨੀਤਾ ਰਾਣੀ ਦੀ ਫ਼ਾਈਲ ਫੋਟੋ

ਮ੍ਰਿਤਕਾ ਦੇ ਪਤੀ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਆਪਣੀ ਪਤਨੀ ਨਾਲ ਇਸ ਇਮਾਰਤ ਵਿੱਚ ਰਹਿ ਰਿਹਾ ਸੀ। ਉਸ ਦੀ ਧੀ ਵਿਆਹੀ ਹੋਈ ਹੈ। ਦੋ ਪੁੱਤਰ ਵੀ ਵੱਖ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਦੋਵੇਂ ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਚਲਾਉਂਦੇ ਸਨ। ਉਸ ਨੇ ਦੱਸਿਆ ਕਿ ਉਹ ਮੰਗਲਵਾਰ ਤੋਂ ਕਿਸੇ ਕੰਮ ਲਈ ਬਰਵਾਲਾ (ਹਰਿਆਣਾ) ਗਿਆ ਹੋਇਆ ਸੀ। ਸ਼ੁੱਕਰਵਾਰ ਸ਼ਾਮ ਨੂੰ ਉਸ ਦੀ ਪਤਨੀ ਨਾਲ ਫੋਨ ’ਤੇ ਗੱਲ ਹੋਈ ਤੇ ਉਸ ਨੇ ਦਸਹਿਰੇ ਕਾਰਨ ਸ਼ਨਿਚਰਵਾਰ ਨੂੰ ਆ ਕੇ ਮੱਥਾ ਟੇਕਣ ਦੀ ਗੱਲ ਕਹੀ। ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਅੱਜ ਸਵੇਰ ਦਾ ਆਪਣੀ ਪਤਨੀ ਨੂੰ ਫੋਨ ਕਰ ਰਿਹਾ ਸੀ ਪਰ ਉਹ ਫੋਨ ਨਹੀਂ ਚੁੱਕ ਰਹੀ ਸੀ। ਉਸ ਨੇ ਸੋਚਿਆ ਕਿ ਉਹ ਫੋਨ ਛੱਡ ਕੇ ਕਿਧਰੇ ਗਈ ਹੋਵੇਗੀ। ਜਦੋਂ ਉਹ 11 ਕੁ ਵਜੇ ਸ਼ੈੱਡ ’ਚ ਪਹੁੰਚਿਆ ਤਾਂ ਉਸ ਦੀ ਪਤਨੀ ਦੀ ਮੰਜੇ ਉੱਤੇ ਖੂਨ ਨਾਲ ਲਥਪਥ ਲਾਸ਼ ਪਈ ਸੀ। ਉਸ ਨੇ ਤੁਰੰਤ ਆਪਣੀ ਲੜਕੀ ਨੂੰ ਫੋਨ ’ਤੇ ਦੱਸਿਆ ਤੇ ਪੁਲੀਸ ਨੂੰ ਸੂਚਨਾ ਦਿੱਤੀ। ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਮਹਿਲਾ ਰਾਤ ਨੂੰ ਰਾਮ ਲੀਲ੍ਹਾ ਦੇਖ ਕੇ ਆਈ। ਥਾਣਾ ਮੁਖੀ, ਐੱਸਪੀ (ਡੀ) ਪਟਿਆਲਾ ਯੋਗੇਸ਼ ਸ਼ਰਮਾ, ਡੀਐੱਸਪੀ ਰਾਜਪੁਰਾ ਮਨਜੀਤ ਸਿੰਘ, ਸੀਆਈਏ ਇੰਸਪੈਕਟਰ ਸ਼ਮਿੰਦਰ ਸਿੰਘ ਵੀ ਘਟਨਾ ਸਥਾਨ ’ਤੇ ਪੁੱਜੇ। ਉਪਰੰਤ ਫੋਰੈਂਸਿਕ ਮਾਹਿਰਾਂ ਦੀ ਟੀਮ ਨੇ ਘਟਨਾ ਸਥਾਨ ਤੋਂ ਨਮੂਨੇ ਲਏ।

Advertisement

ਮਾਮਲਾ ਰੰਜਿਸ਼ ਦਾ ਜਾਪਦਾ ਹੈ: ਐੱਸਪੀ (ਡੀ)

ਪਟਿਆਲਾ ਦੇ ਐੱਸਪੀ (ਡੀ) ਯੋਗੇਸ਼ ਸ਼ਰਮਾ ਨੇ ਕਿਹਾ ਕਿ ਮਹਿਲਾ ਦੇ ਕਤਲ ਦੇ ਮਾਮਲੇ ਵਿੱਚ ਭਾਵੇਂ ਕਿਹਾ ਲੇ ਕੁੱਝ ਵੀ ਕਹਿਣਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਵੇਂ ਮਹਿਲਾ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ, ਉਸ ਤੋਂ ਮਾਮਲਾ ਰੰਜਿਸ਼ ਦਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Advertisement
Author Image

Advertisement