ਰਾਵਣ, ਕੁੰਭਕਰਨ ਤੇ ਮੇਘਨਾਦ ਦਹਿਨ ਨਾਲ ਹੋਈ ਬਦੀ ’ਤੇ ਨੇਕੀ ਦੀ ਜਿੱਤ
ਮੁਕੇਸ਼ ਕੁਮਾਰ
ਚੰਡੀਗੜ, 12 ਅਕਤੂਬਰ
ਚੰਡੀਗੜ੍ਹ ਵਿੱਚ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਤਿਉਹਾਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸ਼ਹਿਰ ਵਿੱਚ ਕਰੀਬ 54 ਥਾਵਾਂ ’ਤੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਸਾੜੇ ਗਏ। ਸ਼ਹਿਰ ਵਿੱਚ ਮੁੱਖ ਤੌਰ ’ਤੇ ਸੈਕਟਰ 17, ਸੈਕਟਰ 22 ਸੈਕਟਰ 34, ਸੈਕਟਰ 46, ਮਨੀਮਾਜਰਾ, ਰਾਮ ਦਰਬਾਰ, ਸੈਕਟਰ 27, ਸੈਕਟਰ 29, ਸੈਕਟਰ 49, ਸੈਕਟਰ 48, ਸੈਕਟਰ 47 ਸੈਕਟਰ 32, ਧਨਾਸ ਅਤੇ ਸੈਕਟਰ 43 ਵਿੱਚ ਦਸਹਿਰਾ ਮਨਾਇਆ ਗਿਆ।
ਸ੍ਰੀ ਸਨਾਤਨ ਧਰਮ ਦਸਹਿਰਾ ਕਮੇਟੀ ਸੈਕਟਰ 46 ਨੇ ਦਸਹਿਰਾ ਗਰਾਊਂਡ ਸੈਕਟਰ ਵਿੱਚ ਕਰਵਾਏ ਸਮਾਗਮ ਵਿੱਚ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਮੁੱਖ ਮਹਿਮਾਨ ਵਜੋਂ ਪਹੁੰਚੇ। ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਅਤੇ ਜੀਜੀਡੀਐੱਸਡੀ ਕਾਲਜ ਸੈਕਟਰ 32 ਦੇ ਮੀਤ ਪ੍ਰਧਾਨ ਸਿਧਾਰਥ ਸ਼ਰਮਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਦੇ ਨਾਲ ਹੀ ਜੀਜੀਡੀਐੱਸਡੀ ਕਾਲਜ ਸੈਕਟਰ 32 ਦੇ ਪ੍ਰਿੰਸੀਪਲ ਡਾ. ਅਜੇ ਸ਼ਰਮਾ, ਚੰਡੀਗੜ੍ਹ ਪ੍ਰਸ਼ਾਸਨ ਦੇ ਸਾਬਕਾ ਚੀਫ਼ ਇੰਜਨੀਅਰ ਕਿਸ਼ਨਜੀਤ ਸਿੰਘ, ਵੀ.ਕੇ. ਭਾਰਦਵਾਜ, ਐੱਸਕੇ ਚੱਢਾ ਅਤੇ ਯੋਗੇਸ਼ ਗੁਪਤਾ, ਪ੍ਰਸ਼ਾਸਕ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਹਰਮੋਹਿੰਦਰ ਸਿੰਘ ‘ਗੈਸਟ ਆਫ਼ ਆਨਰ’ ਵਜੋਂ ਸ਼ਾਮਲ ਹੋਏ।
ਸ੍ਰੀ ਸਨਾਤਨ ਧਰਮ ਦੁਸਹਿਰਾ ਕਮੇਟੀ ਦੇ ਮੁੱਖ ਸਰਪ੍ਰਸਤ-ਕਮ-ਚੇਅਰਮੈਨ ਜਤਿੰਦਰ ਭਾਟੀਆ, ਪ੍ਰਧਾਨ ਨਰਿੰਦਰ ਭਾਟੀਆ ਅਤੇ ਜਨਰਲ ਸਕੱਤਰ ਸੁਸ਼ੀਲ ਸੋਵਤ ਨੇ ਦੱਸਿਆ ਕਿ ਉਨ੍ਹਾਂ ਦੀ ਕਮੇਟੀ ਵੱਲੋਂ ਕਰਵਾਏ ਜਾ ਰਹੇ ਇਸ 27ਵੇਂ ਸਮਾਗਮ ਵਿੱਚ ਇਸ ਵਾਰ ਸੋਨੇ ਦੀ ਲੰਕਾ ਦਹਿਨ ਦੇ ਨਾਲ-ਨਾਲ ਰੱਥ ’ਤੇ ਸਵਾਰ ਰਾਵਣ ਦੇ ਪੁਤਲੇ ਦੀ ਘੁੰਮਦੀ ਹੋਈ ਗਰਦਨ ਤੇ ਚਿਹਰਾ, ਨਾਭੀ ’ਚੋਂ ਨਿਕਲਦੀ ਅੰਮ੍ਰਿਤ ਕੁੰਡ ਦੀ ਧਾਰਾ, ਸਟੇਜ ਤੋਂ ਹੀ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਰਿਮੋਟ ਨਾਲ ਅਗਨ ਭੇਟ ਕਰਨਾ,ਖਿੱਚ ਦਾ ਕੇਂਦਰ ਰਿਹਾ। ਦਸਹਿਰਾ ਕਮੇਟੀ ਵੱਲੋਂ ਇਸ ਸਾਲ ਡਾਇਰੈਕਟਰ ਹਾਇਰ ਐਜੂਕੇਸ਼ਨ ਯੂਟੀ ਚੰਡੀਗੜ੍ਹ ਰੁਬਿੰਦਰ ਸਿੰਘ ਬਰਾੜ, ਫੈਡਰੇਸ਼ਨ ਆਫ ਸੈਕਟਰ ਵੈੱਲਫੇਅਰ ਐਸੋਸੀਏਸ਼ਨ (ਫਾਸਵੇਕ) ਦੇ ਚੇਅਰਮੈਨ ਅਤੇ ਸਮਾਜ ਸੇਵੀ ਬਲਜਿੰਦਰ ਸਿੰਘ ਬਿੱਟੂ ਤੇ ਫੋਰਟਿਸ ਹਸਪਤਾਲ ਮੁਹਾਲੀ ਦੇ ਜਨਰਲ ਸਰਜਨ ਡਾ. ਅਤੁਲ ਸ਼ਰਮਾ ਜੋਸ਼ੀ ਨੂੰ ‘ਚੰਡੀਗੜ੍ਹ ਰਤਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਕਮੇਟੀ ਪ੍ਰਧਾਨ ਨਰਿੰਦਰ ਭਾਟੀਆ ਅਤੇ ਜਨਰਲ ਸਕੱਤਰ ਸੁਸ਼ੀਲ ਸੋਵਤ ਨੇ ਦੱਸਿਆ ਕਿ ਇਸ ਪੂਰੇ ਸਮਾਗਮ ਦਾ ਲਾਈਵ ਪ੍ਰਸਾਰਨ ਜ਼ੀ ਟੀਵੀ, ਡੇਲੀ ਪੋਸਟ, ਫਾਸਟਵੇਅ ਚੈਨਲ ਦੇ ਨਾਲ-ਨਾਲ ਯੂ-ਟਿਊਬ ਚੈਨਲ ’ਤੇ ਵੀ ਕੀਤਾ ਗਿਆ। ਦਸਹਿਰਾ ਸਮਾਰੋਹ ਸਮਾਪਤ ਹੋਣ ਤੋਂ ਬਾਅਦ ਸ਼ਹਿਰ ਭਰ ਵਿੱਚ ਕਈ ਘੰਟੇ ਤੱਕ ਜਾਮ ਵਰਗੀ ਸਥਿਤੀ ਬਣੀ ਰਹੀ। ਚੰਡੀਗੜ੍ਹ ਪੁਲੀਸ ਪੂਰੀ ਮੁਸਤੈਦੀ ਨਾਲ ਟਰੈਫਿਕ ਕੰਟਰੋਲ ਕਰਨ ਵਿੱਚ ਜੁਟੀ ਰਹੀ।
ਪੰਚਕੂਲਾ ਵਿੱਚ ਸਾੜਿਆ ਟਰਾਈਸਿਟੀ ਦਾ ਸਭ ਤੋਂ ਉੱਚਾ ਰਾਵਣ
ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਦੇ ਸੈਕਟਰ-5 ਸਥਿਤ ਸ਼ਾਲੀਮਾਰ ਗਰਾਊਂਡ ਵਿੱਚ ਟਰਾਈਸਿਟੀ ਦਾ ਸਭ ਤੋਂ ਉੱਚਾ 155 ਫੁੱਟ ਦਾ ਰਾਵਣ ਦਾ ਪੁਤਲਾ ਸਾੜਿਆ ਗਿਆ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਾਲੀਮਾਰ ਪਾਰਕ ਵਿੱਚ ਹੋਏ ਦਸਹਿਰਾ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮੰਤਰੀ ਨੇ ਟਰੱਸਟ ਨੂੰ ਪੰਜ ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ, ਸਾਬਕਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ, ਭਾਜਪਾ ਜ਼ਿਲ੍ਹਾ ਪ੍ਰਧਾਨ ਦੀਪਕ ਸ਼ਰਮਾ, ਬੰਤੋ ਕਟਾਰੀਆ, ਓਮ ਪ੍ਰਕਾਸ਼ ਦੇਵੀਨਗਰ, ਪ੍ਰਦੀਪ ਗੋਇਲ, ਸੀਨੀਅਰ ਪ੍ਰਚਾਰਕ ਪ੍ਰੇਮ ਗੋਇਲ, ਦਸਹਿਰਾ ਕਮੇਟੀ ਦੇ ਪ੍ਰਧਾਨ ਵਿਸ਼ਨੂੰ ਗੋਇਲ, ਡਿਪਟੀ ਯਸ਼ ਗਰਗ, ਡੀਸੀਪੀ ਹਿਮਾਦਰੀ ਕੌਸ਼ਿਕ ਸਣੇ ਕਈ ਅਧਿਕਾਰੀ ਹਾਜ਼ਰ ਸਨ। ਰਾਵਣ ਦਾ ਇਹ ਪੁਤਲਾ ਅੰਬਾਲਾ ਦੇ ਪਿੰਡ ਬਰਾੜਾ ਦੇ ਰਹਿਣ ਵਾਲੇ ਤੇਜਿੰਦਰ ਚੌਹਾਨ ਨੇ ਬਣਾਇਆ ਸੀ। ਇਸ ’ਤੇ 25 ਲੱਖ ਰੁਪਏ ਦਾ ਖਰਚਾ ਆਇਆ। 25 ਵਿਅਕਤੀਆਂ ਦੀ ਟੀਮ ਚਾਰ ਮਹੀਨਿਆਂ ਤੋਂ ਇਸ ਨੂੰ ਬਣਾਉਣ ਵਿੱਚ ਲੱਗੀ ਹੋਈ ਸੀ। ਤਾਮਿਲਨਾਡੂ ਦੇ ਸ਼ਿਵ ਕਾਸ਼ੀ ਤੋਂ ਲਿਆਂਦੇ ਹਰੇ ਪਟਾਕਿਆਂ ਨਾਲ ਰਾਵਣ ਨੂੰ ਭਰ ਦਿੱਤਾ ਗਿਆ ਸੀ। ਗਰੀਨ ਪਟਾਕੇ ਦੀ ਆਤਿਸ਼ਬਾਜ਼ੀ ਦੇਖਣ ਯੋਗ ਸੀ। ਜਿਵੇਂ ਹੀ ਰਿਮੋਟ ਦਾ ਬਟਨ ਦਬਾਇਆ ਗਿਆ, ਪਹਿਲਾਂ ਛੱਤਰੀ, ਤਾਜ, ਚਿਹਰੇ, ਢਾਲ, ਤਲਵਾਰ ਅਤੇ ਫਿਰ ਨਾਭੀ ਵਿੱਚ ਧਮਾਕਾ ਹੋਇਆ। ਇਸ ਦੇ ਨਾਲ ਹੀ ਸੈਕਟਰ-19 ਦੇ ਕੁੰਭਕਰਨ ਅਤੇ ਮੇਘਨਾਦ ਦੇ 40-40 ਫੁੱਟ ਦੇ ਪੁਤਲਿਆਂ ਨੂੰ ਫੂਕਿਆ ਗਿਆ। ਰਾਵਣ ਦੇ ਇਸ ਪੁਤਲੇ ਨੂੰ ਦੇਖਣ ਲਈ ਲੱਖਾਂ ਲੋਕ ਆਏ ਹੋਏ ਸਨ।