ਸਾਲੇ ਵੱਲੋਂ ਜੀਜੇ ’ਤੇ ਹਮਲਾ, ਕੇਸ ਦਰਜ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 4 ਨਵੰਬਰ
ਰਸਤਾ ਰੋਕ ਕੇ ਕਥਿਤ ਤੌਰ ’ਤੇ ਜੀਜੇ ਨਾਲ ਕੁੱਟਮਾਰ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਸ਼ਹਿਰ ਥਾਣਾ ਪੁਲੀਸ ਨੇ ਜਖ਼ਮੀ ਹੋਏ ਪ੍ਰੇਮ ਨਗਰ ਕਲੋਨੀ ਵਾਸੀ ਗੁਰਜੀਪ ਸਿੰਘ ਦੀ ਸ਼ਿਕਾਇਤ ’ਤੇ ਉਸ ਦੇ ਸਾਲੇ ਦਰਸ਼ਨ ਸਿੰਘ ਵਾਸੀ ਪ੍ਰੇਮ ਨਗਰ ਕਲੋਨੀ ਤੋਂ ਇਲਾਵਾ ਉਸ ਦੇ ਇਕ ਸਾਥੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲੀਸ ਨੂੰ ਸ਼ਿਕਾਇਤ ਦਿੰਦੇ ਹੋਏ ਗੁਰਜੀਪ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ ਸਾਲ ਪਹਿਲਾਂ ਹੀ ਪ੍ਰੇਮ ਨਗਰ ਕਲੋਨੀ ਦੀ ਜੋਤੀ ਰਾਣੀ ਪੁੱਤਰੀ ਰੂੜਾ ਰਾਮ ਨਾਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਸਵੇਰੇ 10 ਵਜੇ ਜਦੋਂ ਉਹ ਆਪਣੇ ਮੋਟਰਸਾਈਕਲ ਰਾਹੀਂ ਮਜ਼ਦੂਰੀ ਕਰਨ ਲਈ ਘਰੋਂ ਨਿਕਲਿਆ ਹੀ ਸੀ ਕਿ ਕੁੱਝ ਹੀ ਦੂਰੀ ’ਤੇ ਮੋਟਰਸਾਈਕਲ ’ਤੇ ਸਵਾਰ ਅਣਪਛਾਤੇ ਨੌਜਵਾਨ ਅਤੇ ਉਸ ਦੇ ਪਿੱਛੇ ਬੈਠੇ ਉਸ ਦੇ ਸਾਲੇ ਦਰਸ਼ਨ ਸਿੰਘ ਨੇ ਉਸ ਨੂੰ ਰੋਕ ਲਿਆ। ਇਸ ਦੌਰਾਨ ਦਰਸ਼ਨ ਸਿੰਘ ਨੇ ਮੋਟਰਸਾਈਕਲ ਤੋਂ ਕਾਪਾ ਕੱਢ ਲਿਆ ਅਤੇ ਉਸ ਦੇ ਸਿਰ ਤੇ ਹਮਲਾ ਕਰ ਦਿੱਤਾ। ਦੂਜੇ ਵਿਅਕਤੀ ਨੇ ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਦੀ ਮਾਤਾ ਪਰਮਜੀਤ ਕੌਰ ਭੱਜ ਕੇ ਉਥੇ ਆਈ ਤਾਂ ਦੋਵੇਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਰਤੀਆ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਪਰ ਡਾਕਟਰਾਂ ਨੇ ਅਗਰੋਹਾ ਮੈਡੀਕਲ ਰੈਫਰ ਕਰ ਦਿੱਤਾ ਪਰ ਉਹ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਹੈ। ਗੁਰਜੀਤ ਸਿੰਘ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਨੇ ਜਖ਼ਮੀ ਹੋਏ ਨੌਜਵਾਨ ਦੇ ਸਾਲੇ ਅਤੇ ਇਕ ਹੋਰ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।