ਬਰਤਾਨੀਆ: ਸਿੱਖ ਸੰਸਦ ਮੈਂਬਰ ਢੇਸੀ ਨੂੰ ਰੱਖਿਆ ਕਮੇਟੀ ਦਾ ਮੁਖੀ ਚੁਣਿਆ
* ਲੇਬਰ ਪਾਰਟੀ ਦੇ ਸੰਸਦ ਮੈਂਬਰ ਨੂੰ 563 ’ਚੋਂ 320 ਵੋਟਾਂ ਮਿਲੀਆਂ
* ਆਪਣੇ ’ਤੇ ਜ਼ਾਹਰ ਭਰੋਸੇ ਲਈ ਸਦਨ ਿਵਚਲੇ ਸਹਿਯੋਗੀਆਂ ਦਾ ਧੰਨਵਾਦ ਕੀਤਾ
ਲੰਡਨ, 12 ਸਤੰਬਰ
ਬਰਤਾਨੀਆ ਦੇ ਪਹਿਲੇ ਪਗੜੀਧਾਰੀ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਨਵੀਂ ਸੰਸਦ ਦੀ ਰੱਖਿਆ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਹੈ। ਢੇਸੀ ਦੀ ਚੋਣ ਬੀਤੇ ਦਿਨ ਵੋਟਿੰਗ ਤੋਂ ਬਾਅਦ ਕੀਤੀ ਗਈ। ਲੇਬਰ ਪਾਰਟੀ ਦੇ ਸੰਸਦ ਮੈਂਬਰ ਨੂੰ 563 ਵੋਟਾਂ ’ਚੋਂ 320 ਵੋਟਾਂ ਮਿਲੀਆਂ। ਉਨ੍ਹਾਂ ਦੇ ਮੁਕਾਬਲੇ ’ਚ ਖੜ੍ਹੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਡੈਰੇਕ ਟਵਿਗ ਨੂੰ 243 ਵੋਟਾਂ ਹਾਸਲ ਹੋਈਆਂ।
ਢੇਸੀ ਨੇ ਕਿਹਾ, ‘ਮੈਨੂੰ ਰੱਖਿਆ ਕਮੇਟੀ ਦਾ ਚੇਅਰਮੈਨ ਚੁਣੇ ਜਾਣ ਦੀ ਖੁਸ਼ੀ ਹੈ। ਮੈਂ ਸਦਨ ਦੇ ਆਪਣੇ ਸਹਿਯੋਗੀਆਂ ਦਾ ਮੇਰੇ ’ਤੇ ਭਰੋਸਾ ਜ਼ਾਹਿਰ ਕਰਨ ’ਤੇ ਸ਼ੁਕਰੀਆ ਕਰਨਾ ਚਾਹੁੰਦਾ ਹਾਂ।’ ਉਨ੍ਹਾਂ ਕਿਹਾ, ‘ਦੇਸ਼ ਤੇ ਵਿਦੇਸ਼ ’ਚ ਅਸੀਂ ਜਿਹੜੇ ਖਤਰਿਆਂ ਦਾ ਸਾਹਮਣਾ ਕਰ ਰਹੇ ਹਾਂ ਉਹ ਤੇਜ਼ੀ ਨਾਲ ਵੱਧ ਰਹੇ ਹਨ। ਰੱਖਿਆ ਕਮੇਟੀ ਦੇ ਚੇਅਰਮੈਨ ਵਜੋਂ ਮੈਂ ਇਹ ਯਕੀਨੀ ਬਣਾਉਣ ਵੱਲ ਧਿਆਨ ਦੇਵਾਂਗਾ ਕਿ ਸਾਡਾ ਦੇਸ਼ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਸਕੇ। ਮੈਂ ਹਥਿਆਰਬੰਦ ਬਲਾਂ ਦੇ ਕਰਮੀਆਂ ਤੇ ਸੀਨੀਅਰਾਂ (ਬਹਾਦਰ ਲੋਕ ਜੋ ਸਾਡੀ ਸੁਰੱਖਿਆ ’ਚ ਵੱਡਮੁੱਲਾ ਯੋਗਦਾਨ ਦਿੰਦੇ ਹਨ।) ਲਈ ਸੰਸਦ ’ਚ ਆਵਾਜ਼ ਬੁਲੰਦ ਕਰਾਂਗਾ।’ ਢੇਸੀ ਨੂੰ ਵਧਾਈ ਦਿੰਦਿਆਂ ਸਾਬਕਾ ਭਾਰਤੀ ਸੰਸਦ ਮੈਂਬਰ ਤਰਲੋਚਨ ਸਿੰਘ (ਜੋ ਸੰਖੇਪ ਦੌਰੇ ਤਹਿਤ ਫਿਲਹਾਲ ਬਰਤਾਨੀਆ ’ਚ ਹਨ) ਨੇ ਕਿਹਾ, ‘ਢੇਸੀ ਦਾ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਨਾਲ ਸਬੰਧਤ ਵੱਕਾਰੀ ਸੰਸਦੀ ਕਮੇਟੀ ਦਾ ਪ੍ਰਧਾਨ ਚੁਣਿਆ ਜਾਣਾ, ਉਨ੍ਹਾਂ ਦੇ ਸੰਸਦ ਦੇ ਦੋ ਕਾਰਜਕਾਲਾਂ ਵਿੱਚ ਨਿਭਾਈ ਭੂਮਿਕਾ ਨੂੰ ਸਨਮਾਨ ਦੇਣਾ ਹੈ।’ -ਪੀਟੀਆਈ