Brisbane Test: ਫਾਲੋਆਨ ਟਲਿਆ, ਭਾਰਤ ਨੇ ਚੌਥੇ ਦਿਨ 252/9 ਦਾ ਸਕੋਰ ਬਣਾਇਆ
ਬ੍ਰਿਸਬੇਨ, 17 ਦਸੰਬਰ
ਹਰਫਨਮੌਲਾ ਖਿਡਾਰੀ ਰਵਿੰਦਰ ਜਡੇਜਾ (77) ਤੇ ਕੇਐੱਲ ਰਾਹੁਲ (84) ਦੇ ਨੀਮ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਅੱਜ ਇਥੇ ਮੇਜ਼ਬਾਨ ਆਸਟਰੇਲੀਆ ਖਿਲਾਫ਼ ਤੀਜੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਫਾਲੋਆਨ ਬਚਾਉਂਦਿਆਂ 9 ਵਿਕਟਾਂ ਦੇ ਨੁਕਸਾਨ ਨਾਲ 252 ਦੌੜਾਂ ਬਣਾ ਲਈਆਂ ਹਨ। ਖ਼ਰਾਬ ਰੌਸ਼ਨੀ ਕਰਕੇ ਚੌਥੇ ਦਿਨ ਦੀ ਖੇਡ ਨੂੰ ਸਮੇਂ ਤੋਂ ਪਹਿਲਾਂ ਖ਼ਤਮ ਕਰਨਾ ਪਿਆ। ਹੋਰਨਾਂ ਬੱਲੇਬਾਜ਼ਾਂ ਵਿਚ ਜਸਪ੍ਰੀਤ ਬੁਮਰਾਹ (10) ਤੇ ਅਕਾਸ਼ਦੀਪ (27) ਨੇ ਸਕੋਰ ਢਾਈ ਸੌ ਤੋਂ ਪਾਰ ਲਿਜਾਣ ਵਿਚ ਮਦਦ ਕੀਤੀ। ਦੋਵਾਂ ਨੇ ਦਸਵੇਂ ਵਿਕਟ ਲਈ 54 ਗੇਂਦਾਂ ’ਤੇ 39 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ। ਭਾਰਤ ਅਜੇ ਵੀ ਮੇਜ਼ਬਾਨ ਟੀਮ ਤੋਂ 193 ਦੌੜਾਂ ਪਿੱਛੇ ਹੈ। ਆਸਟਰੇਲੀਆ ਲਈ ਕਪਤਾਨ ਪੈਟ ਕਮਿਨਸ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ, ਜਿਸ ਨੇ 80 ਦੌੜਾਂ ਬਦਲੇ 4 ਵਿਕਟ ਲਏ। ਮਿਸ਼ੇਲ ਸਟਾਰਕ 83 ਦੌੜਾਂ ਬਦਲੇ ਤਿੰਨ ਵਿਕਟ ਲੈਣ ਵਿਚ ਸਫ਼ਲ ਰਿਹਾ। ਇਕ ਵਿਕਟ ਨਾਥਨ ਲਾਇਨ ਦੇ ਹਿੱਸੇ ਆਈ। ਇਸ ਦੌਰਾਨ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਸੱਟ ਕਰਕੇ ਬਾਕੀ ਰਹਿੰਦੇ ਮੈਚ ਲਈ ਬਾਹਰ ਹੋ ਗਿਆ। ਇਸ ਤੋਂ ਪਹਿਲਾਂ ਜਡੇਜਾ ਨੇ ਨਿਤੀਸ਼ ਕੁਮਾਰ ਰਾਣਾ (16) ਨਾਲ 53 ਦੌੜਾਂ ਦੀ ਅਹਿਮ ਭਾਈਵਾਲੀ ਕੀਤੀ। ਮੀਂਹ ਕਰਕੇ ਅੱਜ ਵੀ ਮੈਚ ਨੂੰ ਵਿਚਾਲੇ ਰੋਕਣਾ ਪਿਆ। -ਪੀਟੀਆਈ