ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬ੍ਰਿਜ ਭੂਸ਼ਣ ਕਟਹਿਰੇ ’ਚ

06:16 AM Jul 11, 2023 IST

ਦੇਸ਼ ਦੀ ਨਿਆਂ ਪ੍ਰਣਾਲੀ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐਫ਼ਆਈ) ਦੇ ਅਹੁਦਾ ਛੱਡ ਰਹੇ ਪ੍ਰਧਾਨ ਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਵਿਚ ਹੈ। ਇਸ ਆਗੂ ’ਤੇ ਕਈ ਸਾਲਾਂ ਤੱਕ ਕੁਝ ਮਹਿਲਾ ਪਹਿਲਵਾਨਾਂ ਦਾ ਜਨਿਸੀ ਸ਼ੋਸ਼ਣ ਕਰਨ ਦੇ ਦੋਸ਼ ਹਨ। ਦਿੱਲੀ ਪੁਲੀਸ ਵੱਲੋਂ ਉਸ ਖ਼ਿਲਾਫ਼ ਦਾਖ਼ਲ ਕੀਤੇ ਗਏ ਦੋਸ਼-ਪੱਤਰ (ਚਾਰਜਸ਼ੀਟ) ਉੱਤੇ ਗ਼ੌਰ ਕਰਦਿਆਂ ਦਿੱਲੀ ਦੀ ਇਕ ਅਦਾਲਤ ਨੇ ਉਸ ਨੂੰ 18 ਜੁਲਾਈ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਬ੍ਰਿਜ ਭੂਸ਼ਣ ਜਨਿਸੀ ਸ਼ੋਸ਼ਣ, ਤੰਗ-ਪ੍ਰੇਸ਼ਾਨ ਕਰਨ, ਪਿੱਛਾ ਕਰਨ ਅਤੇ ਮੁਜਰਮਾਨਾ ਢੰਗ ਨਾਲ ਡਰਾਉਣ-ਧਮਕਾਉਣ ਵਰਗੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਅਦਾਲਤ ਅਨੁਸਾਰ ਉਸ ਖ਼ਿਲਾਫ਼ ਇਸ ਸਬੰਧ ਵਿਚ ਕਾਫ਼ੀ ਸਬੂਤ ਹਨ। ਇਨ੍ਹਾਂ ਪੀੜਤ ਖਿਡਾਰਨਾਂ ਨੇ ਬੀਤੇ ਮਹੀਨੇ ਪੁਲੀਸ ਅਤੇ ਉਨ੍ਹਾਂ ਦੁਆਰਾ ਲਾਏ ਦੋਸ਼ਾਂ ਦੀ ਜਾਂਚ ਕਰਨ ਵਾਲੀ ਅਧਿਕਾਰਤ ਨਿਗਰਾਨੀ ਕਮੇਟੀ ਨੂੰ ਬ੍ਰਿਜ ਭੂਸ਼ਣ ਦੁਆਰਾ ਕੀਤੇ ਜਾਣ ਵਾਲੇ ਸਰੀਰਕ ਸ਼ੋਸ਼ਣ ਦੀਆਂ ਘਟਨਾਵਾਂ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੱਤੀ ਸੀ। ਉਸ ਨੇ ਇਹ ਕਾਰਵਾਈਆਂ ਕੁਸ਼ਤੀ ਫੈਡਰੇਸ਼ਨ ਦੇ ਸਿਖਰਲੇ ਅਹੁਦੇਦਾਰ ਵਜੋਂ ਮਿਲੀਆਂ ਹੋਈਆਂ ਸ਼ਕਤੀਆਂ ਦਾ ਗ਼ਲਤ ਇਸਤੇਮਾਲ ਕਰਦਿਆਂ ਕੀਤੀਆਂ ਕਿਉਂਕਿ ਉਸ ਹੈਸੀਅਤ ਵਿਚ ਉਹ ਇਨ੍ਹਾਂ ਖਿਡਾਰਨਾਂ ਦਾ ਖੇਡ ਕਰੀਅਰ ਬਣਾ ਜਾਂ ਵਿਗਾੜ ਸਕਦਾ ਸੀ।
ਉਸ ਖ਼ਿਲਾਫ਼ ਕਾਰਵਾਈ ’ਚ ਹੁਣ ਕੋਈ ਢਿੱਲ ਨਹੀਂ ਹੋਣੀ ਚਾਹੀਦੀ। ਪਹਿਲਵਾਨਾਂ ਨੇ ਕੌਮਾਂਤਰੀ ਤਗ਼ਮਾ ਜੇਤੂ ਪਹਿਲਵਾਨਾਂ ਬਜਰੰਗ ਪੂਨੀਆ, ਸਾਕਸ਼ੀ ਮਲਿਕ, ਵਨਿੇਸ਼ ਫੋਗਾਟ ਆਦਿ ਦੀ ਅਗਵਾਈ ਹੇਠ ਬ੍ਰਿਜ ਭੂਸ਼ਣ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਲਈ ਬਹੁਤ ਸਖ਼ਤ ਲੜਾਈ ਲੜੀ ਹੈ। ਇਨਸਾਫ਼ ਲੈਣ ਲਈ ਦ੍ਰਿੜ ਇਨ੍ਹਾਂ ਪਹਿਲਵਾਨਾਂ ਨੂੰ ਜਨਤਕ ਅੰਦੋਲਨ ਵਿਚ ਆਪਣੇ ਅਸਲ ਕੁਸ਼ਤੀ ਮੁਕਾਬਲਿਆਂ ਤੋਂ ਕਿਤੇ ਵੱਧ ਜ਼ੋਰ ਲਾਉਣਾ ਪਿਆ ਅਤੇ ਅਜਿਹਾ ਕਰਦਿਆਂ ਉਨ੍ਹਾਂ ਆਪਣਾ ਖੇਡ ਕਰੀਅਰ ਵੀ ਦਾਅ ’ਤੇ ਲਾ ਦਿੱਤਾ। ਅਧਿਕਾਰੀਆਂ ਦੇ ਭਰੋਸੇ ਮਗਰੋਂ ਉਹ ਪਿੱਛੇ ਹਟ ਗਏ ਤੇ ਆਪਣੀ ਲੜਾਈ ਅਦਾਲਤ ਤੱਕ ਸੀਮਤ ਰੱਖਣ ਲਈ ਰਾਜ਼ੀ ਹੋ ਗਏ ਹਾਲਾਂਕਿ ਇਹ ਭਰੋਸਾ ਕਾਫ਼ੀ ਟਾਲ-ਮਟੋਲ ਤੋਂ ਬਾਅਦ ਦਿੱਤਾ ਗਿਆ।
ਜੇ ਨਿਆਇਕ ਪ੍ਰਕਿਰਿਆ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਕੀਤਾ ਜਾਂਦਾ ਹੈ ਜਾਂ ਮੁਲਜ਼ਮ ਨਾਲ ਸਿੱਝਣ ਲਈ ਕੋਈ ਨਰਮ ਪਹੁੰਚ ਅਪਣਾਈ ਜਾਂਦੀ ਹੈ ਤਾਂ ਇਹ ਨਾਵਾਜਬ ਤੇ ਪ੍ਰਕਿਰਿਆ ਦਾ ਮਜ਼ਾਕ ਉਡਾਉਣ ਵਾਲੀ ਗੱਲ ਹੋਵੇਗੀ। ਬਹੁਤ ਜ਼ਰੂਰੀ ਹੈ ਕਿ ਸਿਆਸੀ ਤੌਰ ’ਤੇ ਪ੍ਰਭਾਵਸ਼ਾਲੀ ਬ੍ਰਿਜ ਭੂਸ਼ਣ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਜਿਸ ਨਾਲ ਖੇਡ ਖੇਤਰ ਵਿਚ ਅਜਿਹੇ ਅਨਸਰਾਂ ਨੂੰ ਬਿਲਕੁਲ ਬਰਦਾਸ਼ਤ ਨਾ ਕੀਤੇ ਜਾਣ ਦਾ ਸੁਨੇਹਾ ਜਾਵੇਗਾ ਕਿਉਂਕਿ ਇਹ ਖੇਤਰ ਕਥਿਤ ਤੌਰ ’ਤੇ ਸੱਤਾ ਦੇ ਉੱਚੇ ਅਹੁਦਿਆਂ ਉਤੇ ਬੈਠੇ ਬਿਮਾਰ ਮਾਨਸਿਕਤਾ ਵਾਲੇ ਵਿਅਕਤੀਆਂ ਨਾਲ ਭਰਿਆ ਪਿਆ ਹੈ। ਮਹਿਲਾ ਪਹਿਲਵਾਨਾਂ ਨੇ ਜਨਿਸੀ ਸ਼ੋਸ਼ਣ ਵਿਰੁਧ ਆਵਾਜ਼ ਉਠਾ ਕੇ ਅਦੁੱਤੀ ਸਾਹਸ ਦਿਖਾਇਆ ਹੈ ਅਤੇ ਸਮਾਜ ਤੇ ਨਿਆਂ ਪ੍ਰਣਾਲੀ ਨੂੰ ਉਨ੍ਹਾਂ ਦੀ ਹਿੰਮਤ ਦੀ ਕਦਰ ਕਰਦਿਆਂ ਉਨ੍ਹਾਂ ਨੂੰ ਨਿਆਂ ਦਿਵਾਉਣਾ ਚਾਹੀਦਾ ਹੈ। ਇਹ ਘਟਨਾਕ੍ਰਮ ਇਹ ਵੀ ਸਿੱਧ ਕਰਦਾ ਹੈ ਕਿ ਨਿਆਂ ਪ੍ਰਾਪਤ ਕਰਨ ਲਈ ਸੰਗਠਿਤ ਹੋ ਕੇ ਸੰਘਰਸ਼ ਕਰਨੇ ਪੈਂਦੇ ਹਨ। ਨਿਆਂ ਪ੍ਰਾਪਤ ਕਰਨ ਦੀ ਰਾਹ ’ਤੇ ਮਹਿਲਾ ਪਹਿਲਵਾਨਾਂ ਨੂੰ ਕਈ ਹੋਰ ਮੁਸ਼ਕਿਲ ਪੜਾਅ ਵੀ ਤੈਅ ਕਰਨੇ ਪੈਣੇ ਹਨ ਅਤੇ ਜਮਹੂਰੀ ਤਾਕਤਾਂ ਨੂੰ ਉਨ੍ਹਾਂ ਦਾ ਲਗਾਤਾਰ ਸਾਥ ਦੇਣਾ ਚਾਹੀਦਾ ਹੈ।

Advertisement

Advertisement
Tags :
ਕਟਹਿਰੇਬ੍ਰਿਜਭੂਸ਼ਣ
Advertisement